Navratri Special : ਨਰਾਤਿਆਂ 'ਚ ਅਸ਼ਟਮੀ ਦੇ ਮੌਕੇ ਕਿਉਂ ਕੀਤੀ ਜਾਂਦੀ 'ਕੰਜਕਾਂ' ਦੀ ਪੂਜਾ? ਜਾਣੋ ਇਸ ਦਾ ਮਹੱਤਵ

4/16/2024 9:48:25 AM

ਜਲੰਧਰ (ਬਿਊਰੋ) : ਹਿੰਦੂ ਧਰਮ 'ਚ ਨਰਾਤਿਆਂ ਦੇ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਹਿੰਦੂ ਧਰਮ ਦੇ ਲੋਕ ਮਾਂ ਦੁਰਗਾ ਦੇ ਨਰਾਤਿਆਂ ਨੂੰ ਬੜੀ ਸ਼ਰਧਾ ਨਾਲ ਮਨਾਉਂਦੇ ਹਨ। ਨਰਾਤਿਆਂ ਦੇ 9 ਦਿਨਾਂ ਦੌਰਾਨ ਮਾਂ ਦੇ ਨੌਂ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਮਾਂ ਨੂੰ ਖੁਸ਼ ਕਰਨ ਲਈ ਬਹੁਤ ਸਾਰੇ ਲੋਕ ਵਰਤ ਵੀ ਰੱਖਦੇ ਹਨ। ਧਾਰਮਿਕ ਮਾਨਤਾਵਾਂ ਅਨੁਸਾਰ, ਨਰਾਤਿਆਂ ਦੌਰਾਨ ਮਾਂ ਦੁਰਗਾ ਜੀ ਦੀ ਪੂਜਾ ਕਰਨ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਨਰਾਤਿਆਂ ’ਚ ਮਹਾਨੌਮੀ ਤਾਰੀਖ਼ ਦਾ ਵੀ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਇਸ ਦਿਨ ਨਰਾਤੇ ਖ਼ਤਮ ਹੋ ਜਾਂਦੇ ਹਨ।

PunjabKesari

ਕੀ ਹੁੰਦਾ ਹੈ ਕੰਜਕ ਪੂਜਨ 'ਚ
ਦੱਸ ਦੇਈਏ ਕਿ ਕੰਜਕ ਪੂਜਨ ਵਾਲੇ ਦਿਨ ਮਾਂ ਮਹਾਗੌਰੀ ਦੀ ਪੂਜਾ ਕੀਤੀ ਜਾਂਦੀ ਹੈ। ਕੰਜਕ ਪੂਜਾ ਅਤੇ ਲੈਂਕੜਾ ਪੂਜਨ ਤੋਂ ਬਾਅਦ ਨਰਾਤਿਆਂ ਦੀ ਪੂਜਾ ਸਮਾਪਤ ਹੋ ਜਾਂਦੀ ਹੈ। ਨੌਂ ਦਿਨ ਵਰਤ ਰੱਖ ਕੇ ਦੇਵੀ ਦੁਰਗਾ ਦੀ ਪੂਜਾ ਕਰਨ ਵਾਲੇ ਸ਼ਰਧਾਲੂ ਅਸ਼ਟਮੀ ਜਾਂ ਨੌਮੀ ਨੂੰ ਆਪਣਾ ਵਰਤ ਸੰਪੂਰਨ ਕਰਦੇ ਹਨ। ਕੰਜਕ ਪੂਜਨ 'ਚ ਸਿਰਫ਼ 10 ਸਾਲ ਤੱਕ ਦੀਆਂ ਕੰਨਿਆਵਾਂ ਨੂੰ ਹੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਤੋਂ ਜ਼ਿਆਦਾ ਉਮਰ ਦੀਆਂ ਕੁੜੀਆਂ ਨੂੰ ਕੰਜਕ ਪੂਜਨ ਲਈ ਮਨਾਹੀ ਕੀਤੀ ਗਈ ਹੈ ਅਤੇ ਵੱਖ-ਵੱਖ ਉਮਰ ਦੀਆਂ ਕੰਨਿਆਵਾਂ ਦਾ ਵੱਖ-ਵੱਖ ਸਰੂਪ ਮੰਨਿਆ ਜਾਂਦਾ ਹੈ। ਇਸ 'ਚ 2 ਸਾਲ ਦੀ ਕੰਨਿਆ ਨੂੰ ਕੰਨਿਆ ਕੁਮਾਰੀ, 3 ਸਾਲ ਦੀ ਨੂੰ ਤ੍ਰਿਮੂਰਤੀ, 4 ਸਾਲ ਦੀ ਨੂੰ ਕਲਿਆਣੀ, 5 ਸਾਲ ਦੀ ਨੂੰ ਰੋਹਿਣੀ, 6 ਸਾਲ ਦੀ ਨੂੰ ਕਲਿਆਣੀ, 7 ਸਾਲ ਵਾਲੀ ਚੰਡਿਕਾ, 8 ਸਾਲ ਵਾਲੀ ਨੂੰ ਸ਼ਾਂਭਵੀ, 9 ਸਾਲ ਵਾਲੀ ਨੂੰ ਦੁਰਗਾ ਅਤੇ 10 ਸਾਲ ਵਾਲੀ ਕੰਜਕ ਨੂੰ ਸੁਭਦਰਾ ਦਾ ਰੂਪ ਮੰਨਿਆ ਜਾਂਦਾ ਹੈ।

PunjabKesari

ਕਿਉਂ ਹੁੰਦਾ ਹੈ ਕੰਜਕ ਪੂਜਨ
ਦੇਵੀ ਪੁਰਾਣ ਅਨੁਸਾਰ ਇੰਦਰ ਨੇ ਜਦੋਂ ਬ੍ਰਹਮਾ ਜੀ ਤੋਂ ਭਗਵਤੀ ਨੂੰ ਖੁਸ਼ ਕਰਨ ਦਾ ਤਰੀਕਾ ਪੁੱਛਿਆ ਤਾਂ ਉਨ੍ਹਾਂ ਸਰਬੋਤਮ ਵਿਧੀ ਦੇ ਰੂਪ 'ਚ ਕੁਆਰੀਆਂ ਲੜਕੀਆਂ ਦਾ ਪੂਜਨ ਹੀ ਦੱਸਿਆ। ਨੌਂ ਕੁਆਰੀਆਂ ਲੜਕੀਆਂ ਤੇ ਇਕ ਲੜਕੇ ਨੂੰ ਘਰ ਬੁਲਾ ਕੇ, ਉਨ੍ਹਾਂ ਦੇ ਪੈਰ ਧੁਆ ਕੇ ਰੋਲੀ-ਕੁਮਕਮ ਲਗਾ ਕੇ ਪੂਜਾ-ਅਰਚਨਾ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਕੱਪੜੇ, ਗਹਿਣੇ, ਫਲ਼, ਪਕਵਾਨ ਤੇ ਅੰਨ ਆਦਿ ਦਿੱਤਾ ਜਾਂਦਾ ਹੈ। ਗ੍ਰੰਥਾਂ 'ਚ ਦੱਸਿਆ ਗਿਆ ਹੈ ਕਿ ਜ਼ਮੀਨ 'ਤੇ ਆਸਣ ਵਿਛਾ ਕੇ ਇਕ ਲਾਈਨ 'ਚ ਇਕ ਲੜਕੇ (ਜਿਸ ਨੂੰ ਲੈਂਕੜਾ ਕਿਹਾ ਜਾਂਦਾ ਹੈ) ਅਤੇ ਕੰਨਿਆ ਨੂੰ ਬਿਠਾ ਕੇ ਕ੍ਰਮਵਾਰ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਲੈਂਕੜੇ ਦੀ ਗੈਰ-ਮੌਜੂਦਗੀ 'ਚ ਕੰਨਿਆ ਪੂਜਨ ਪੂਰਨ ਨਹੀਂ ਹੁੰਦਾ। 

PunjabKesari

ਕੰਜਕ ਪੂਜਨ ਦਾ ਵਿਸ਼ੇਸ਼ ਮਹੱਤਵ
ਨਰਾਤਿਆਂ 'ਚ ਕੰਜਕ ਪੂਜਨ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਕੰਜਕ ਪੂਜਨ ਨਾਲ ਹਰ ਤਰ੍ਹਾਂ ਦੀ ਸੁੱਖ-ਸ਼ਾਂਤੀ ਪ੍ਰਾਪਤ ਹੁੰਦੀ ਹੈ ਅਤੇ ਮਨ ਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਸਾਰੇ ਸ਼ੁੱਭ ਕਾਰਜਾਂ ਦਾ ਫਲ਼ ਪ੍ਰਾਪਤ ਕਰਨ ਲਈ ਕੰਜਕ ਪੂਜਨ ਕੀਤਾ ਜਾਂਦਾ ਹੈ। ਨਰਾਤਿਆਂ 'ਚ ਵਰਤ ਪੂਜਨ 'ਤੇ ਕੰਜਕਾਂ ਨੂੰ ਭੋਜਨ ਕਰਵਾਉਣਾ, ਉਨ੍ਹਾਂ ਦੀ ਪੂਜਾ ਕਰਨ ਦਾ ਇਕ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਉਂਝ ਤਾਂ ਹਰ ਰੋਜ਼ ਕੰਜਕ ਪੂਜਨ ਕਰਨਾ ਚਾਹੀਦਾ ਹੈ ਪਰ ਵਰਤ ਪੂਜਨ 'ਤੇ ਕੰਜਕਾਂ ਦੇ ਪੈਰ ਪਾਣੀ ਨਾਲ ਸਾਫ਼ ਕਰਕੇ ਉਨ੍ਹਾਂ ਨੂੰ ਦੇਵੀ ਦਾ ਰੂਪ ਮੰਨ ਕੇ ਭੋਜਨ ਕਰਵਾਉਣਾ ਚਾਹੀਦਾ ਹੈ। ਕੁਆਰੀਆਂ ਕੁੜੀਆਂ ਦੇ ਪੂਜਨ ਨਾਲ ਸਨਮਾਨ, ਲਕਸ਼ਮੀ, ਵਿੱਦਿਆ ਪ੍ਰਾਪਤ ਹੁੰਦੀ ਹੈ।  

PunjabKesari


rajwinder kaur

Content Editor rajwinder kaur