ਆਰਥਿਕ ਪੈਕੇਜ ''ਚੋਂ ਅਖ਼ਬਾਰਾਂ ਦਾ ਆਰਥਿਕ ਸੰਕਟ ਦਰਕਿਨਾਰ ਕਿਉਂ?

06/05/2020 12:12:45 PM

ਬਿੰਦਰ ਸਿੰਘ ਖੁੱਡੀ ਕਲਾਂ

ਕੋਵਿਡ-19 ਪਾਬੰਦੀਆਂ ਨੇ ਆਲਮੀ ਪੱਧਰ 'ਤੇ ਇਨਸਾਨੀ ਜ਼ਿੰਦਗੀ ਨੂੰ ਨਾਕਾਰਤਮਕ ਰੂਪ 'ਚ ਪ੍ਰਭਾਵਿਤ ਕੀਤਾ ਹੈ। ਇਹ ਪ੍ਰਭਾਵ ਮੁਲਕਾਂ ਅਤੇ ਸੰਸਥਾਵਾਂ ਦੀ ਅਰਥ ਵਿਵਸਥਾ ਤੋਂ ਲੈ ਕੇ ਹਰ ਇਨਸਾਨ ਦੀ ਨਿੱਜੀ ਜ਼ਿੰਦਗੀ ਤੱਕ ਪਿਆ ਹੈ। ਕੋਰੋਨਾ ਪਾਬੰਦੀਆਂ ਬਦੌਲਤ ਚੰਗੇ ਭਲੇ ਚੱਲਦੇ ਕਾਰੋਬਾਰਾਂ ਦੀ ਚਾਲ 'ਚ ਵਿਗਾੜ ਪੈਦਾ ਹੋ ਗਿਆ ਹੈ। ਇਸ ਵਿਗਾੜ ਨੂੰ ਦਰੁਸਤ ਕਰਨ ਲਈ ਹਕੂਮਤਾਂ ਵੱਲੋਂ ਆਰਥਿਕ ਪੈਕੇਜ ਦੌਰਾਨ ਸਮਾਜ ਦੇ ਹਰ ਵਰਗ ਲਈ ਕੁਝ ਨਾ ਕੁਝ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਗੱਲ ਵੱਖਰੀ ਹੈ ਕਿ ਸਮਾਜ ਦੇ ਕਿਸ-ਕਿਸ ਵਰਗ ਨੂੰ ਇਸ ਪੈਕੇਜ ਨਾਲ ਹਕੀਕੀ ਤੌਰ 'ਤੇ ਰਾਹਤ ਮਿਲੇਗੀ? ਪਰ ਸਰਕਾਰਾਂ ਨੇ ਇਸ ਪੈਕੇਜ ਦੌਰਾਨ ਅਖ਼ਬਾਰਾਂ ਨੂੰ ਤਾਂ ਪੂਰੀ ਤਰ੍ਹਾਂ ਨਾਲ ਦਰਕਿਨਾਰ ਕਰਕੇ ਰੱਖ ਦਿੱਤਾ ਹੈ। ਅਖ਼ਬਾਰੀ ਅਦਾਰਿਆਂ 'ਤੇ ਛਾਏ ਆਰਥਿਕ ਸੰਕਟ ਦਾ ਤਾਂ ਜਿਵੇਂ ਸਰਕਾਰਾਂ ਨੂੰ ਚੇਤਾ ਹੀ ਵਿਸਰ ਗਿਆ ਹੋਵੇ। ਅਖ਼ਬਾਰੀ ਅਦਾਰਿਆਂ ਨਾਲ ਜੁੜਕੇ ਉਪਜੀਵਿਕਾ ਕਮਾਉਣ ਵਾਲਿਆਂ ਦੀ ਤਾਂ ਜਿਵੇਂ ਸਰਕਾਰ ਨੂੰ ਕੋਈ ਫਿਕਰ ਹੀ ਨਾ ਹੋਵੇ।

ਕੀ ਸਰਕਾਰਾਂ ਨੂੰ ਇਲਮ ਨਹੀਂ ਕਿ ਕੋਰੋਨਾ ਪਾਬੰਦੀਆਂ ਪ੍ਰਿੰਟ ਮੀਡੀਆ ਲਈ ਵੱਡੇ ਆਰਥਿਕ ਸੰਕਟ ਦਾ ਸਬੱਬ ਹੋ ਨਿੱਬੜੀਆਂ ਹਨ? ਅਜਿਹਾ ਸੰਕਟ, ਜੋ ਅਖ਼ਬਾਰਾਂ ਦੇ ਇਤਿਹਾਸ ਦਾ ਸ਼ਾਇਦ ਅੱਜ ਤੱਕ ਦਾ ਸਭ ਤੋਂ ਵੱਡਾ ਸੰਕਟ ਹੈ। ਕਾਰੋਬਾਰਾਂ 'ਤੇ ਲੱਗੀਆਂ ਪਾਬੰਦੀਆਂ ਅਤੇ ਸਿਮਟਦੇ ਸਮਾਜਿਕ ਸਮਾਗਮਾਂ ਦੀ ਬਦੌਲਤ ਅਖ਼ਬਾਰਾਂ ਦੀ ਆਮਦਨ ਦੇ ਸ੍ਰੋਤ ਲੱਗਭਗ ਖਤਮ ਹੀ ਹੋ ਕੇ ਰਹਿ ਗਏ ਹਨ। ਦੱਸਣਾ ਬਣਦਾ ਹੈ ਕਿ ਰੋਜ਼ਾਨਾ ਕਰੋੜਾਂ ਘਰਾਂ ਦੇ ਬੂਹਿਆਂ 'ਤੇ ਦਸਤਕ ਦੇਣ ਵਾਲੇ ਅਖ਼ਬਾਰਾਂ ਦੀ ਵਿੱਕਰੀ ਪਹਿਲਾਂ ਤੋਂ ਹੀ ਘਾਟੇ ਵਾਲਾ ਸੌਦਾ ਹੈ। ਤਕਰੀਬਨ ਸਾਰੇ ਅਖ਼ਬਾਰਾਂ ਦੀ ਕੀਮਤ ਉਸ ਦੀ ਲਾਗਤ ਕੀਮਤ ਤੋਂ ਕਾਫੀ ਘੱਟ ਨਿਸ਼ਚਤ ਕੀਤੀ ਗਈ ਹੈ। ਅਖ਼ਬਾਰਾਂ ਨੇ ਕਦੇ ਵੀ ਪਾਠਕਾਂ ਤੱਕ ਅਖ਼ਬਾਰਾਂ ਪਹੁੰਚਾਉਣ ਨੂੰ ਕਮਾਈ ਦੇ ਪੱਖ ਤੋਂ ਨਹੀਂ ਲਿਆ। ਬੇਸ਼ੱਕ ਅਖ਼ਬਾਰਾਂ ਦੀ ਵਿੱਕਰੀ ਆਮਦਨ ਦਾ ਪ੍ਰਮੁੱਖ ਜ਼ਰੀਆ ਨਹੀਂ ਹੁੰਦੀ ਪਰ ਕੋਰੋਨਾ ਪਾਬੰਦੀਆਂ ਦੇ ਚੱਲਦਿਆਂ ਅਖ਼ਬਾਰਾਂ ਦੀ ਵਿੱਕਰੀ 'ਚ ਆਈ ਗਿਰਾਵਟ ਨੇ ਆਰਥਿਕ ਸੰਕਟ ਨੂੰ ਗਹਿਰਾ ਜ਼ਰੂਰ ਕੀਤਾ ਹੈ। ਵੱਡੀ ਗਿਣਤੀ ਲੋਕਾਂ ਨੇ ਕੋਰੋਨਾ ਫੈਲਾਅ ਦੇ ਡਰੋਂ ਅਖ਼ਬਾਰਾਂ ਤੋਂ ਵੀ ਪਾਸਾ ਵੱਟਿਆ ਹੈ। ਸਿਹਤ ਮਾਹਿਰਾਂ ਅਤੇ ਡਾਕਟਰਾਂ ਵੱਲੋਂ ਅਖ਼ਬਾਰਾਂ ਨੂੰ ਕੋਰੋਨਾ ਦਾ ਸ੍ਰੋਤ ਨਾ ਹੋਣ ਦੀਆਂ ਦਲੀਲਾਂ ਵੀ ਪਾਠਕਾਂ ਦੇ ਮਨ ਦਾ ਡਰ ਪੂਰੀ ਤਰ੍ਹਾਂ ਦੂਰ ਨਹੀਂ ਕਰ ਸਕੀਆਂ।

ਪੜ੍ਹੋ ਇਹ ਵੀ ਖਬਰ - ਮਾਂ-ਬਾਪ ਲਈ 'ਧੀਆਂ ਕਿਹੜੀਆਂ ਸੌਖੀਆਂ ਨੇ ਤੋਰਨੀਆਂ..?

ਸਮਾਜ ਦੇ ਹਰ ਵਰਗ 'ਤੇ ਛਾਏ ਆਰਥਿਕ ਮੰਦਹਾਲੀ ਦੇ ਸੰਕਟ ਨੇ ਸਿੱਧੇ ਰੂਪ 'ਚ ਅਖ਼ਬਾਰਾਂ ਦੀ ਆਰਥਿਕਤਾ ਨੂੰ ਸੱਟ ਮਾਰੀ ਹੈ। ਅਖ਼ਬਾਰਾਂ ਦੀ ਕਮਾਈ ਦਾ ਮੁੱਖ ਸ੍ਰੋਤ ਵਿਗਿਆਪਨ ਹੁੰਦੇ ਹਨ। ਸਪਲੀਮੈਂਟ ਹੁੰਦੇ ਹਨ ਅਖ਼ਬਾਰਾਂ ਦੀ ਕਮਾਈ ਦਾ ਮੁੱਖ ਸਾਧਨ। ਚੁਫੇਰ ਪਾਬੰਦੀਆਂ ਅਤੇ ਬੰਦੀ ਦੇ ਪਹਿਰੇ ਦੌਰਾਨ ਵਿਗਿਆਪਨਾਂ ਦੀ ਆਮਦ ਨਾਂਹ ਦੇ ਬਰਾਬਰ ਰਹੀ। ਬੰਦ ਪਈਆਂ ਸਨਅਤਾਂ ਨੇ ਕਿਹੜੇ ਵਿਗਿਆਪਨ ਜਾਰੀ ਕਰਨੇ ਹੋਏ। ਖੁਦ ਆਰਥਿਕ ਸੰਕਟ 'ਚ ਘਿਰੇ ਲੋਕਾਂ ਵੱਲੋਂ ਅਖ਼ਬਾਰਾਂ ਦੇ ਸਪਲੀਮੈਂਟ ਪ੍ਰਤੀ ਹੁੰਗਾਰੇ ਵੀ ਸੋਚਣਾ ਮੁਸ਼ਕਲ ਨਹੀਂ ਹੈ। ਬਹੁਗਿਣਤੀ ਲੋਕਾਂ ਅਤੇ ਪਾਠਕਾਂ ਦਾ ਹੁੰਗਾਰਾ ਬਹੁਤ ਜ਼ਿਆਦਾ ਨਾਂਹ ਪੱਖੀ ਰਹਿੰਦਾ ਹੈ। ਵਿਸਾਖੀ ਸਮੇਤ ਕਈ ਹੋਰ ਤਿਉਹਾਰਾਂ ਮੌਕੇ ਪਬਲਿਸ਼ ਹੋਣ ਵਾਲੇ ਸਪਲੀਮੈਂਟ ਅਖ਼ਬਾਰਾਂ ਲਈ ਆਰਥਿਕ ਵਸੀਲ਼ੇ ਦਾ ਵਧੀਆ ਜਰੀਆ ਹੁੰਦੇ ਹਨ ਪਰ ਇਸ ਵਾਰ ਇਹ ਸਾਰੇ ਤਿਉਹਾਰ ਕੋਰੋਨਾ ਦੀ ਅਜਿਹੀ ਮਾਰ ਹੇਠ ਆਏ ਕਿ ਅਖ਼ਬਾਰਾਂ 'ਤੇ ਆਰਥਿਕ ਸੰਕਟ ਦੇ ਗਹਿਰੇ ਬੱਦਲ ਛਾ ਗਏ। ਵੈਸੇ ਵੀ ਕਿਸੇ ਅਖ਼ਬਾਰੀ ਅਦਾਰੇ ਨੇ ਨੈਤਿਕਤਾ ਦੇ ਆਧਾਰ 'ਤੇ ਇਨ੍ਹਾਂ ਤਿਉਹਾਰਾਂ ਮੌਕੇ ਸਪਲੀਮੈਂਟਾਂ ਦੀ ਮੰਗ ਨਹੀਂ ਕੀਤੀ।

ਅਖ਼ਬਾਰਾਂ 'ਤੇ ਛਾਇਆ ਆਰਥਿਕ ਸੰਕਟ ਭਲੀਭਾਂਤ ਨਜ਼ਰ ਆ ਰਿਹਾ ਹੈ। ਤਕਰੀਬਨ ਸਾਰੇ ਹੀ ਅਖ਼ਬਾਰ ਆਪਣੇ ਖਰਚੇ ਘਟਾਉਣ ਦੇ ਮਨੋਰਥ ਨਾਲ ਪੰਨ੍ਹਿਆਂ ਦੀ ਗਿਣਤੀ ਘਟਾਉਣ ਲਈ ਮਜਬੂਰ ਹੋਏ ਹਨ। ਖੇਤਰੀ ਪੰਨ੍ਹਿਆਂ ਦੀ ਗਿਣਤੀ ਸੁੰਗੜ ਕੇ ਰਹਿ ਗਈ ਹੈ। ਕਈ ਕਈ ਜ਼ਿਲੇ ਅਤੇ ਖੇਤਰ ਇਕੱਠੇ ਕਰਕੇ ਕੰਮ ਸਾਰਿਆ ਜਾ ਰਿਹਾ ਹੈ। ਪਬਲਿਸ਼ ਹੋਣ ਵਾਲੇ ਰੋਜ਼ਾਨਾ ਵਿਸ਼ੇਸ਼ ਪੰਨ੍ਹੇ ਅਤੇ ਰੰਗਦਾਰ ਮੈਗਜ਼ੀਨ ਵੀ 50 ਫੀਸਦੀ ਤੱਕ ਛੋਟੇ ਹੋ ਗਏ ਹਨ। ਚਾਰ ਚਾਰ ਪੰਨ੍ਹਿਆਂ ਦੇ ਮੈਗਜ਼ੀਨ ਮਹਿਜ਼ ਦੋ ਦੋ ਪੰਨ੍ਹਿਆਂ ਤੱਕ ਸਿਮਟ ਗਏ ਹਨ। ਕਈ ਅਖ਼ਬਾਰਾਂ ਵੱਲੋਂ ਇੰਟਰਨੈੱਟ ਆਡੀਸ਼ਨਾਂ ਜ਼ਰੀਏ ਕੰਮ ਸਾਰਿਆ ਜਾ ਰਿਹਾ ਹੈ। ਕਈ ਵਰ੍ਹੇ ਪੁਰਾਣੇ ਅਖ਼ਬਾਰਾਂ ਦੇ ਬੰਦ ਹੋਣ ਤੱਕ ਦੀ ਨੌਬਤ ਆ ਗਈ ਹੈ।

ਪੜ੍ਹੋ ਇਹ ਵੀ ਖਬਰ - ਕੋਰੋਨਾ ਦੇ ਨਾਲ-ਨਾਲ ਹੁਣ ਮਲੇਰੀਆ ਵੀ ਬਣ ਸਕਦਾ ਹੈ ਅਗਲੀ ਘਾਤਕ ਬੀਮਾਰੀ (ਵੀਡੀਓ)

ਅਖ਼ਬਾਰੀ ਅਦਾਰਿਆਂ ਨਾਲ ਵੀ ਲੱਖਾਂ ਲੋਕਾਂ ਦਾ ਰੁਜ਼ਗਾਰ ਜੁੜਿਆ ਹੋਇਆ ਹੈ। ਅੰਦਾਜ਼ਾ ਲਗਾ ਲੈਣਾ ਮੁਸ਼ਕਲ ਨਹੀਂ ਕਿ ਖੁਦ ਆਰਥਿਕ ਸੰਕਟ ਦਾ ਸ਼ਿਕਾਰ ਕੋਈ ਸੰਸਥਾ ਆਪਣੇ ਮੁਲਾਜਮਾਂ ਦਾ ਰੁਜ਼ਗਾਰ ਕਿਸ ਤਰ੍ਹਾਂ ਜਾਰੀ ਰੱਖ ਸਕਦੀ ਹੈ? ਕਈ ਅਖ਼ਬਾਰੀ ਅਦਾਰਿਆਂ ਵੱਲੋਂ ਆਪਣੇ ਕਾਮਿਆਂ ਨੂੰ ਆਰਥਿਕ ਸੰਕਟ ਦੀ ਚਿਤਾਵਨੀ ਸੁਣਾ ਦੇਣ ਦੀਆਂ ਖਬਰਾਂ ਵੀ ਆ ਰਹੀਆਂ ਹਨ। ਅਖ਼ਬਾਰੀ ਅਦਾਰਿਆਂ ਨੇ ਕੋਰੋਨਾ ਸੰਕਟ ਦੌਰਾਨ ਪਹਿਲੀ ਕਤਾਰ 'ਚ ਰਹਿਕੇ ਆਪਣੀ ਭੂਮਿਕਾ ਨਿਭਾਈ ਹੈ। ਸਾਰੇ ਅਦਾਰਿਆਂ ਦੀ ਤਾਲਾਬੰਦੀ ਹੋਣ ਦੌਰਾਨ ਵੀ ਅਖ਼ਬਾਰੀ ਅਦਾਰਿਆਂ ਦਾ ਕੰਮ ਨਿਰਵਿਘਨ ਜਾਰੀ ਰਿਹਾ ਅਤੇ ਉਹ ਵੀ ਸਾਰੀਆਂ ਸਾਵਧਾਨੀਆਂ ਦਾ ਇਸਤੇਮਾਲ ਕਰਦਿਆਂ। ਕਿਸੇ ਅਖ਼ਬਾਰੀ ਅਦਾਰੇ ਵੱਲੋਂ ਸਾਵਧਾਨੀਆਂ ਦੀ ਉਲੰਘਣਾ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ। ਜਦੋਂ ਹਰ ਕੋਈ ਘਰਾਂ ਤੋਂ ਬਾਹਰ ਨਿੱਕਲਣ ਤੋਂ ਡਰਦਾ ਸੀ ਤਾਂ ਵੀ ਅਖ਼ਬਾਰੀ ਕਾਮਿਆਂ ਨੇ ਖਬਰਾਂ ਦੀ ਇਕੱਤਰਤਾ ਤੋਂ ਲੈ ਕੇ ਉਨ੍ਹਾਂ ਦੀ ਸੰਪਦਾਨਾ, ਛਪਾਈ ਅਤੇ ਅੰਤ ਪਾਠਕਾਂ ਦੇ ਬੂਹਿਆਂ ਤੱਕ ਪਹੁੰਚਾਉਣ ਦਾ ਕਾਰਜ ਨਿਰਵਿਘਨ ਜਾਰੀ ਰੱਖਿਆ। ਅਖ਼ਬਾਰਾਂ ਨੇ ਤਮਾਮ ਤਰ੍ਹਾਂ ਦੀਆਂ ਲਿਖਤਾਂ ਨਾਲ, ਜਿੱਥੇ ਪਾਠਕਾਂ ਨੂੰ ਕੋਰੋਨਾ ਕਹਿਰ ਬਾਰੇ ਲਗਾਤਾਰ ਜਾਗਰੂਕ ਕੀਤਾ, ਉੱਥੇ ਆਮ ਲੋਕਾਂ ਦੇ ਵਿਸ਼ਵਾਸ ਨੂੰ ਥਿੜਕਣ ਤੋਂ ਵੀਨ ਬਚਾਇਆ। ਅਖ਼ਬਾਰਾਂ ਨੇ ਪਾਠਕਾਂ ਨੂੰ ਹਰ ਪਲ ਸਰਕਾਰੀ ਪਾਬੰਦੀਆਂ ਦੀ ਪਾਲਣਾ ਲਈ ਪ੍ਰੇਰਿਤ ਕੀਤਾ। 

ਪੜ੍ਹੋ ਇਹ ਵੀ ਖਬਰ - ਤਾਲਾਬੰਦੀ ’ਚ ਦਿੱਤੀ ਗਈ ਪੂਰੀ ਢਿੱਲ ਭਾਰਤ ਲਈ ਖਤਰਨਾਕ, ਜਾਣੋ ਕਿਉਂ (ਵੀਡੀਓ)

ਪਹਿਲ਼ਾਂ ਅਖ਼ਬਾਰੀ ਕਾਮਿਆਂ ਨੂੰ ਕੋਰੋਨਾ ਖਿਲਾਫ ਪਹਿਲੀ ਕਤਾਰ ਦੇ ਲੜਾਕੂਆਂ ਵਾਂਗ ਸਿਹਤ ਬੀਮਾ ਸਕੀਮ ਅਧੀਨ ਲਿਆਉਣ ਦੇ ਪੱਖਪਾਤੀ ਰਵਈਏ ਵਾਂਗ ਹੁਣ ਆਰਥਿਕ ਪੈਕੇਜ ਦੌਰਾਨ ਵੀ ਅਖ਼ਬਾਰੀ ਅਦਾਰਿਆਂ ਨੂੰ ਦਰਕਿਨਾਰ ਕਰ ਦਿੱਤਾ ਗਿਆ ਹੈ। ਜਿਸ ਤਰ੍ਹਾਂ ਕੋਰੋਨਾ ਪਾਬੰਦੀਆਂ ਤੋਂ ਮੁਕਤੀ ਉਪਰੰਤ ਉਦਯੋਗਿਕ ਇਕਾਈਆਂ ਦਾ ਆਰਥਿਕ ਸੰਕਟ ਜਲਦੀ ਖਤਮ ਹੋਣ ਵਾਲਾ ਨਹੀਂ ਬਿਲਕੁੱਲ ਉਸੇ ਤਰ੍ਹਾਂ ਅਖ਼ਬਾਰੀ ਅਦਾਰਿਆਂ ਦਾ ਵੀ ਆਰਥਿਕ ਸੰਕਟ ਤੋਂ ਜਲਦੀ ਖਹਿੜਾ ਨਹੀਂ ਛੁੱਟਣਾ। ਕਰੋੜਾਂ ਲੋਕਾਂ ਲਈ ਜਾਣਕਾਰੀਆਂ ਪ੍ਰਦਾਨ ਕਰਨ ਅਤੇ ਲੱਖਾਂ ਲੋਕਾਂ ਦੇ ਰੁਜ਼ਗਾਰ ਦਾ ਸਵਾਲ ਅਖ਼ਬਾਰੀ ਅਦਾਰਿਆਂ ਲਈ ਤੁਰੰਤ ਆਰਥਿਕ ਰਾਹਤ ਦਾ ਐਲਾਨ ਹੋਣਾ ਚਾਹੀਦਾ ਹੈ।

ਪੜ੍ਹੋ ਇਹ ਵੀ ਖਬਰ - ਬਲੱਡ ਪ੍ਰੈਸ਼ਰ ਤੇ ਮੋਟਾਪੇ ਤੋਂ ਪਰੇਸ਼ਾਨ ਲੋਕ ਖਾਣ ‘ਵੇਸਣ ਦੀ ਕੜੀ’, ਹੋਣਗੇ ਹੈਰਾਨੀਜਨਕ ਫਾਇਦੇ

PunjabKesari
 
ਮੋਬ:98786-05965
ਗਲੀ ਨੰਬਰ 1, ਸ਼ਕਤੀ ਨਗਰ, ਬਰਨਾਲਾ  


rajwinder kaur

Content Editor

Related News