ਜ਼ਿਲ੍ਹੇ ਦੀਆਂ 200 ’ਚੋਂ 13 ਮੰਡੀਆਂ ’ਚ ਝੋਨੇ ਦੀ ਖ਼ਰੀਦ ਹੋਈ ਬੰਦ
Wednesday, Nov 12, 2025 - 11:09 AM (IST)
ਬਠਿੰਡਾ (ਵਰਮਾ) : ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਜ਼ਿਲ੍ਹੇ ਭਰ ਦੀਆਂ 200 ਅਨਾਜ ਮੰਡੀਆਂ ਵਿਚੋਂ ਜਿੱਥੇ 13 ਮੰਡੀਆਂ ’ਚ ਝੋਨੇ ਦੀ ਖ਼ਰੀਦ ਬੰਦ ਹੋ ਗਈ ਹੈ, ਉੱਥੇ ਹੀ ਬਣਾਏ ਗਏ 105 ਆਰਜ਼ੀ ਖ਼ਰੀਦ ਕੇਂਦਰਾਂ ’ਚ ਵੀ ਝੋਨੇ ਦੀ ਖ਼ਰੀਦ ਬੰਦ ਹੋ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਨੇ ਸਾਂਝੀ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਝੋਨੇ ਦੀ ਖਰੀਦ ਦੇ ਨਾਲ-ਨਾਲ ਚੁਕਾਈ ਦਾ ਕੰਮ ਨਿਰਵਿਘਨ ਜਾਰੀ ਹੈ, ਜੋ ਕਿ ਆਖ਼ਰੀ ਪੜਾਅ ’ਤੇ ਪਹੁੰਚ ਚੁੱਕਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿਚ ਝੋਨਾ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਉਣ ਦਿੱਤੀ ਜਾਵੇ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿਚ 10 ਨਵੰਬਰ 2025 ਤੱਕ ਮੰਡੀਆਂ ਵਿਚ ਕੁੱਲ 1,265,414 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ, ਜਿਸ ਵਿਚੋਂ ਵੱਖ-ਵੱਖ ਖ਼ਰੀਦ ਏਜੰਸੀਆਂ ਨੇ 1,213,091 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਖਰੀਦ ਕੀਤੇ ਗਏ ਝੋਨੇ ਦੀ 2717.42 ਕਰੋੜ ਰੁਪਏ ਦੀ ਅਦਾਇਗੀ (10 ਨਵੰਬਰ 2025 ਤਕ) ਵੀ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ।
ਪਨਗ੍ਰੇਨ ਵੱਲੋਂ 509,904 ਮੀਟ੍ਰਿਕ ਟਨ, ਮਾਰਕਫੈੱਡ 285,659, ਪਨਸਪ 271,458, ਪੰਜਾਬ ਵੇਅਰ ਹਾਊਸ 144,474, ਐੱਫ. ਸੀ. ਆਈ. 1424 ਅਤੇ ਹੋਰ ਪ੍ਰਾਈਵੇਟ ਵਪਾਰੀਆਂ ਵੱਲੋਂ 172 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ।ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਮੰਡੀਆਂ ਵਿਚ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਦਰਪੇਸ਼ ਨਾ ਆਵੇ।
