ਲੁਧਿਆਣਾ ਵਿਖੇ ਬੋਰੀ ’ਚੋਂ ਔਰਤ ਦੀ ਲਾਸ਼ ਬਰਾਮਦ
Wednesday, Nov 12, 2025 - 02:17 AM (IST)
ਲੁਧਿਆਣਾ (ਗੌਤਮ) - ਮੰਗਲਵਾਰ ਨੂੰ ਥਾਣਾ ਦੁੱਗਰੀ ਅਧੀਨ ਆਉਂਦੇ ਇਲਾਕੇ ਫਲਾਈਓਵਰ ਪੁਲ ਕੋਲ ਪਲਾਸਟਿਕ ਦੀ ਬੋਰੀ ’ਚ ਔਰਤ ਦੀ ਲਾਸ਼ ਮਿਲਣ ਨਾਲ ਦਹਿਸ਼ਤ ਫੈਲ ਗਈ। ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ’ਤੇ ਪੁੱਜ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪਹਿਲਾਂ ਤਾਂ ਉਨ੍ਹਾਂ ਨੇ ਸਮਝਿਆ ਕਿ ਕਿਸੇ ਨੇ ਕੂੜਾ ਭਰ ਕੇ ਸੁੱਟਿਆ ਹੋਇਆ ਹੈ, ਜਦੋਂ ਕੋਲ ਜਾ ਕੇ ਦੇਖਿਆ ਤਾਂ ਬੋਰੀ ’ਚੋਂ ਔਰਤ ਦਾ ਇਕ ਹੱਥ ਬਾਹਰ ਨਿਕਲਿਆ ਹੋਇਆ ਸੀ। ਮੌਕੇ ’ਤੇ ਪੁੱਜੀ ਪੁਲਸ ਨੇ ਬੋਰੀ ਖੋਲ੍ਹ ਕੇ ਦੇਖਿਆ ਤਾਂ ਅੰਦਰ ਔਰਤ ਦੀ ਲਾਸ਼ ਸੀ।
ਪੁਲਸ ਨੇ ਜਾਂਚ ਕਰਦੇ ਹੋਏ ਆਸ-ਪਾਸ ਦੇ ਇਲਾਕੇ ਤੋਂ ਪਤਾ ਕੀਤਾ ਪਰ ਔਰਤ ਦੀ ਪਛਾਣ ਨਹੀਂ ਹੋ ਸਕੀ, ਜਿਸ ’ਤੇ ਪੁਲਸ ਨੇ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ।
ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਔਰਤ ਦਾ ਕਤਲ ਗਲਾ ਘੁੱਟ ਕੇ ਕੀਤਾ ਗਿਆ ਹੈ ਅਤੇ ਲਾਸ਼ ਨੂੰ ਟਿਕਾਣੇ ਲਗਾਉਣ ਲਈ ਰਾਤ ਨੂੰ ਪਲਾਸਟਿਕ ਦੀ ਬੋਰੀ ਵਿਚ ਪਾ ਕੇ ਸੁੱਟਿਆ ਗਿਆ ਹੈ। ਪੁਲਸ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਹੈ।
