ਥੋੜ੍ਹ ਚਿਰੇ ਜਜ਼ਬਾਤਾਂ ਨੂੰ ਸੰਪੂਰਨ ਜ਼ਿੰਦਗੀ ਦਾ ਫ਼ੈਸਲਾ ਨਾ ਕਰਨ ਦਿਓ

06/16/2020 5:49:16 PM

ਹਰਪ੍ਰੀਤ ਸਿੰਘ ਜਵੰਦਾ

ਨਤੀਜਾ ਸੂਚੀ ਲੱਗੀ..ਪਾਸ ਹੋਇਆਂ ਵਿਚ ਮੇਰਾ ਨਾਮ ਨਹੀਂ ਸੀ।ਮੈਂ ਪੱਥਰ ਹੋ ਗਿਆ..ਅਗਲੀ ਜਮਾਤ ਵਿਚ ਹੋ ਗਏ ਸਾਥੀ ਮੇਰਾ ਮਜਾਕ ਉਡਾਉਂਦੇ ਜਾਪੇ।ਦਿਲ ਕੀਤਾ ਦੌੜ ਕੇ ਮਾਂ ਦੀ ਬੁੱਕਲ ਵਿਚ ਵੜ ਜਾਵਾਂ। ਮੇਰੀ ਮਾਂ..ਪਤਾ ਨੀ ਕਿਹੜੀ ਮਿੱਟੀ ਦੀ ਬਣੀ ਹੋਈ ਸੀ ਉਹ..ਸਾਰੇ ਜਹਾਨ ਦੀਆਂ ਝਿੜਕਾਂ ਅਤੇ ਮਿਹਣੇ ਆਪਣੇ ਵਜੂਦ 'ਤੇ ਸਹਿੰਦੀ ਹੋਈ ਵੀ ਹਮੇਸ਼ਾਂ ਮੇਰਾ ਪੱਖ ਪੂਰਦੀ ਸੀ।ਅੰਮ੍ਰਿਤਧਾਰੀ ਹੁੰਦੀ ਹੋਈ ਵੀ ਕਈ ਵਾਰ ਮੇਰੀ ਖਾਤਿਰ ਝੂਠ ਬੋਲ ਜਾਇਆ ਕਰਦੀ..ਪਰ ਜਦੋਂ ਵੀ ਮੌਕਾ ਮਿਲਦਾ ਸ਼ਹੀਦਾਂ ਸਾਬ ਜਾ ਕੇ ਇਹੋ ਅਰਦਾਸ ਕਰਨਾ ਨਾ ਭੁੱਲਦੀ ਕਿ ਹੈ ਬਾਬਾ ਦੀਪ ਸਿੰਘ ਜੀ ,ਮੇਰੇ ਪੁੱਤ ਦੀ ਹਮੇਸ਼ਾਂ ਰਾਖੀ ਕਰਨੀ..!ਇਹਨਾਂ ਸੋਚਾਂ ਵਿਚ ਪਿਆ ਮੈਂ ਭੰਡਾਰੀ ਪੁਲ ਹੇਠ ਰੇਲਵੇ ਮਾਰਗ ਦੇ ਨਾਲ ਪਈ ਪੱਥਰ ਦੀ ਸਿਲ 'ਤੇ ਆਣ ਬੈਠਾ।ਹੁਣ ਤੱਕ ਮੈਂ ਲਗਪਗ ਆਪਣਾ ਮਨ ਬਣਾ ਹੀ ਚੁਕਿਆ ਸਾਂ..ਏਨੇ ਨੂੰ ਪੰਜ ਵਜੇ ਵਾਲੀ ਸ਼ਤਾਬਦੀ ਦਾ ਸਮਾਂ ਹੋ ਗਿਆ।ਮੈਂ ਕਿਆਸੇ ਲਾ ਰਿਹਾ ਸਾਂ..;ਬੱਸ ਥੋੜੀ ਜਿਹੀ ਪੀੜ ਹੋਵੇਗੀ ਤੇ ਮੁੜ ਜ਼ਮਾਨੇ ਭਰ ਦੀਆਂ ਮੁਸ਼ਕਿਲਾਂ ਤੋਂ ਸਦਾ ਲਈ ਨਿਜਾਤ..!
ਏਨੇ ਨੂੰ ਗੱਡੀ ਤੁਰ ਪਈ..ਤੇ ਨਾਲ ਹੀ ਤੁਰ ਪਿਆ ਮੇਰਾ ਵਜੂਦ..ਮੈਂ ਹੌਲੇ ਕਦਮੀਂ ਪਟੜੀ ਵੱਲ ਵਧਿਆ..ਬਕਾਇਦਾ ਮਨਸੂਬਾ ਸੀ ਕਿ ਇੰਜਣ ਤੋਂ ਐਨ ਬਾਅਦ ਦੂਜੇ ਡੱਬੇ ਦੇ ਪਹਿਲੇ ਚੱਕੇ ਅੱਗੇ ਛਾਲ ਮਾਰ ਦੇਣੀ ਏ..!ਪਰ ਅਚਾਨਕ ਗੱਡੀ ਕੁਝ ਹੌਲੀ ਹੋ ਗਈ। ਤਜਰਬੇਕਾਰ ਡਰਾਈਵਰ ਨੂੰ ਸ਼ਾਇਦ ਅੰਦਾਜਾ ਹੋ ਗਿਆ ਸੀ ਕੇ ਮੇਰੇ ਮਨ ਵਿਚ ਕੀ ਚੱਲ ਰਿਹਾ ਏ।ਉਸਨੇ ਵਿਸਲਾਂ ਮਾਰੀਆਂ..ਫੇਰ ਜ਼ੋਰ ਦੀ ਬ੍ਰੇਕ ਲਾ ਦਿੱਤੀ..ਪਰ ਲੋਹੇ ਦਾ ਪਹਾੜ ਛੇਤੀ ਕੀਤਿਆਂ ਕਿੱਥੇ ਰੁਕਦਾ ਏ..ਬੱਸ ਕੁਝ ਕੂ ਸਕਿੰਟਾਂ ਦੀ ਹੀ ਖੇਡ ਬਾਕੀ ਰਹਿ ਗਈ ਸੀ ਕਿ ਅਚਾਨਕ ਪਿਛਲੇ ਪਾਸਿਓਂ ਇੱਕ ਭਾਰੀ ਜਿਹੇ ਹੱਥ ਨੇ ਮੈਨੂੰ ਮੋਢਿਆਂ ਤੋਂ ਫੜ ਪਿਛਾਂਹ ਖਿੱਚ ਲਿਆ..!ਮੁੜ ਕੇ ਵੇਖਿਆ..ਇੱਕ ਉੱਚੇ ਲੰਮੇ ਬਾਬਾ ਜੀ..ਗਾਤਰਾ ਪਾਈ ਨਿੰਮਾ ਨਿੰਮਾ ਹੱਸਦੇ ਹੋਏ ਆਖਣ ਲੱਗੇ, "ਇੰਜ ਥੋੜਾ ਕਰੀਦਾ ਏ ਪੁੱਤ,ਮੁਸ਼ਕਿਲਾਂ ਤੋਂ ਡਰੀਦਾ ਥੋੜੀ ਏ..ਇਹ ਮਨੁੱਖਾ ਸਰੀਰ ਤੇ ਵਾਹਿਗੁਰੂ ਦੀ ਨੇਮਤ ਏ..!ਉਹ ਹੋਰ ਵੀ ਕਿੰਨਾ ਕੁਝ ਬੋਲਦੇ ਗਏ ਤੇ ਮੈਂ ਉਹਨਾਂ ਦੇ ਮੁਖੜੇ ਨੂੰ ਤੱਕਦਾ ਹੀ ਰਹਿ ਗਿਆ।ਏਨੇ ਨੂੰ ਗੱਡੀ ਵੀ ਲੰਘ ਗਈ।ਨਿਰਾ ਪੁਰਾ ਬਾਬਾ ਦੀਪ ਸਿੰਘ ਜੀ ਵਾਲਾ ਜੁੱਸਾ ਸੀ ਉਹਨਾਂ ਦਾ..ਉਹ ਮੇਰੇ ਦੋਵੇਂ ਮੋਢਿਆਂ ਨੂੰ ਫੜ੍ਹ ਮੈਨੂੰ ਹਾਲ ਗੇਟ ਵਾਲੇ ਪਾਸੇ ਵੱਲ ਨੂੰ ਲੈ ਆਏ।ਪੁਲ ਤੋਂ ਹੇਠਾਂ ਉੱਤਰਦੇ ਇੱਕ ਆਟੋ ਨੂੰ ਹੱਥ ਦਿੱਤਾ ਤੇ ਵਿਚ ਬਿਠਾਉਂਦੇ ਹੋਏ ਆਖਣ ਲੱਗੇ ਕਿ ਜਾ ਪੁੱਤ ਪਹਿਲਾਂ ਦਰਬਾਰ ਸਾਬ ਮੱਥਾ ਟੇਕ ਕੇ ਆ..ਤੈਨੂੰ ਕੋਈ ਤੇਰਾ ਆਪਣਾ ਓਥੇ ਬੈਠਾ ਉਡੀਕੀ ਜਾਂਦਾ ਏ..!ਡੌਰੇ-ਭੌਰੇ ਹੋਏ ਨੂੰ ਮੈਨੂੰ ਨੀ ਪਤਾ ਕੇ ਉਹ ਬਾਬਾ ਜੀ ਕੌਣ ਸਨ? ਕਿਥੋਂ ਆਏ? ਤੇ ਮੁੜ ਕਿੱਧਰ ਨੂੰ ਚਲੇ ਗਏ?

ਗੁਰੂ ਰਾਮਦਾਸ ਦੇ ਅਸਥਾਨ ਦੇ ਦਰਸ਼ਨ ਕਰਕੇ ਜਦੋਂ ਲੰਗਰ ਹਾਲ ਵਿਚ ਪ੍ਰਸ਼ਾਦਾ ਛਕਣ ਬੈਠ ਗਿਆ ਤਾਂ ਸਾਹਮਣੇ ਬੈਠੀ ਮਾਂ ਦਿਸ ਪਈ।ਮੈਂ ਨਿੱਕੇ ਬਾਲ ਵਾਂਙ ਧੂਹ ਕੇ ਜਾ ਉਸਨੂੰ ਜੱਫੀ ਪਾਈ..ਕਿੰਨੀ ਦੇਰ ਉਸਦੀ ਬੁੱਕਲ ਵਿਚ ਸਿਰ ਦੇ ਕੇ ਰੋਂਦਾ ਰਿਹਾ..!ਫੇਰ ਜਦੋਂ ਦੋਹਾਂ ਕੱਠਿਆਂ ਬੈਠ ਲੰਗਰ ਛਕਿਆ ਤਾਂ ਇੰਜ ਲੱਗਾ ਜਿੱਦਾਂ ਸਦੀਆਂ ਤੋਂ ਲੱਗੀ ਹੋਈ ਕਿਸੇ ਨਾ ਮਿਟਣ ਵਾਲੀ ਭੁੱਖ ਦੀ ਹਮੇਸ਼ਾ ਲਈ ਤ੍ਰਿਪਤੀ ਹੋ ਗਈ ਹੋਵੇ!ਅੱਜ ਤਕਰੀਬਨ ਵੀਹ ਸਾਲ ਹੋ ਗਏ ਨੇ ਇਸ ਗੱਲ ਨੂੰ..ਜਦੋਂ ਵੀ ਅਮਰੀਕਾ ਤੋਂ ਮੁੜਦਿਆਂ ਦਿੱਲੀ ਜਹਾਜ਼ੋਂ ਉੱਤਰਦਾ ਹਾਂ ਤਾਂ ਜਾਣ ਬੁਝ ਕੇ ਰੇਲ ਗੱਡੀ ਹੀ ਫੜਦਾ ਹਾਂ..ਤਾਂ ਕੇ ਅੰਬਰਸਰ ਪੁੱਜ ਭੰਡਾਰੀ ਪੁਲ ਹੇਠ ਪਈ ਓਸੇ ਸਿਲ ਨੂੰ ਦੇਖ ਸਕਾਂ ਜਿਥੇ ਬਹੁਤ ਸਾਲ ਪਹਿਲਾਂ ਮੇਰਾ ਪੁਨਰ ਜਨਮ ਹੋਇਆ ਸੀ!ਅਮ੍ਰਿਤਸਰ ਥਾਂ ਥਾਂ ਖਲੋਤੇ ਓਹੀ ਬਾਬਾ ਜੀ ਵਰਗੇ ਅਨੇਕਾਂ ਵਜੂਦ ਮੈਨੂੰ ਦਰਬਾਰ ਸਾਬ ਦੇ ਦਰਸ਼ਨਾਂ ਲਈ ਪ੍ਰੇਰਦੇ ਹੋਏ ਪ੍ਰਤੀਤ ਹੁੰਦੇ ਨੇ..ਫੇਰ ਲੰਗਰ ਪਾਣੀ ਛਕ ਗੁਰੂਦੁਆਰਾ ਸ਼ਹੀਦਾਂ ਦੇ ਲਾਗੇ ਸ਼ਮਸ਼ਾਨ ਘਾਟ ਤੇ ਬਣੇ ਉਸ ਥੜੇ ਲਾਗੇ ਦੋ ਘੜੀਆਂ ਬੈਠਣਾ ਕਦੀ ਨਹੀਂ ਭੁੱਲਦਾ ਜਿਥੇ ਸਾਰੀ ਉਮਰ ਮੇਰਾ ਪੱਖ ਪੂਰਨ ਵਾਲੀ ਦਾ ਕੁਝ ਵਰ੍ਹੇ ਪਹਿਲਾਂ ਹੀ ਅੰਤਮ ਸੰਸਕਾਰ ਹੋਇਆ ਸੀ..!ਸੋ ਦੋਸਤੋ ਸਾਡੇ ਜੀਵਨ ਦੀ ਇੱਕ ਘੜੀ..ਇੱਕ ਪਲ..ਇੱਕ ਲਮਹਾਂ ਮਾੜਾ ਹੋ ਸਕਦਾ ਏ..ਪਰ ਪੂਰੀ ਦੀ ਪੂਰੀ  ਜ਼ਿੰਦਗੀ ਕਦੇ ਵੀ ਨਹੀਂ।ਸੋ ਜਿਉਂਦੇ-ਜਾਗਦੇ ਹੱਸਦੇ-ਵੱਸਦੇ ਰਹਿੰਦੇ ਹੋਏ ਕਿਸੇ ਰੋਂਦੇ ਹੋਏ ਪ੍ਰੇਸ਼ਾਨ ਵਜੂਦ ਨੂੰ ਆਪਣਾ ਮੋਢਾ ਪੇਸ਼ ਜਰੂਰ ਕਰੋ ਨਾ ਕੇ ਜਜ਼ਬਾਤ ਦੇ ਰੌਅ ਵਿਚ ਆ ਕੇ ਖੁਦ ਕੋਈ ਐਸਾ ਕੰਮ ਕਰ ਜਾਵੋ ਕੇ ਬੁੱਢੇ ਬਾਪ ਨੂੰ ਤੁਹਾਡੇ ਬੇਜਾਨ ਪਏ ਵਜੂਦ ਲਈ ਤਿੰਨ ਮੋਢੇ ਹੋਰ ਲੱਭਣੇ ਪੈ ਜਾਣ..!


Harnek Seechewal

Content Editor

Related News