ਮਾਪਦੰਡਾਂ ਨੂੰ ਪੂਰਾ ਨਾ ਕਰਨ ਦੇ ਬਾਵਜੂਦ ਓਲੰਪਿਕ ਟ੍ਰਾਇਲ ’ਚ ਸ਼ਾਟਗਨ ਨਿਸ਼ਾਨੇਬਾਜ਼ ਨੂੰ ਦਿੱਤੀ ਗਈ ਮਨਜ਼ੂਰੀ

Tuesday, Apr 23, 2024 - 08:55 PM (IST)

ਨਵੀਂ ਦਿੱਲੀ– ਪੈਰਿਸ ਓਲੰਪਿਕ ਦੇ ਚੋਣ ਟ੍ਰਾਇਲ ਦੇ ਮਾਪਦੰਡਾਂ ਨੂੰ ਲੈ ਕੇ ਅਦਾਲਤੀ ਲੜਾਈ ਲੜ ਰਹੇ ਭਾਰਤੀ ਰਾਸ਼ਟਰੀ ਰਾਈਫਲ ਸੰਘ (ਐੱਨ. ਆਰ. ਏ.ਆਈ.) ਨੇ ਹਾਲ ਹੀ ਵਿਚ ਇਕ ਨਿਸ਼ਾਨੇਬਾਜ਼ ਲਈ ਨਿਯਮਾਂ ਵਿਚ ਬਦਲਾਅ ਕੀਤਾ ਹੈ, ਜਿਸ ਨੂੰ ਘੱਟ ਸਕੋਰ ਦੇ ਬਾਵਜੂਦ ਟ੍ਰਾਇਲਾਂ ਵਿਚ ਹਿੱਸਾ ਲੈਣ ਦੀ ਮਨਜ਼ੂਰੀ ਮਿਲ ਗਈ ਹੈ। ਟ੍ਰੈਪ ਨਿਸ਼ਾਨੇਬਾਜ਼ ਕਰਣ ਸ਼ਾਟਗਨ ਚੋਣ ਟ੍ਰਾਇਲ ਲਈ ਐੱਨ. ਆਰ. ਏ.ਆਈ. ਦੇ ਮਾਪਦੰਡਾਂ ਤੋਂ ਦੋ ਅੰਕਾਂ ਨਾਲ ਖੁੰਝ ਗਿਆ ਪਰ ਉਸ ਨੂੰ ਮੁਕਾਬਲੇਬਾਜ਼ੀ ਕਰਨ ਦੀ ਮਨਜ਼ੂਰੀ ਦਿੱਤੀ ਗਈ। ਇਸ ਦੇ ਉਲਟ ਪਿਛਲੇ ਸਾਲ ਦੀ ਰਾਸ਼ਟਰੀ ਚੈਂਪੀਅਨਸ਼ਿਪ ਦੌਰਾਨ ਬਰਾਬਰ ਸਕੋਰ ਹਾਸਲ ਕਰਨ ਵਾਲੇ ਕਈ ਹੋਰ ਨਿਸ਼ਾਨੇਬਾਜ਼ਾਂ ਦੇ ਨਾਵਾਂ ’ਤੇ ਵਿਚਾਰ ਨਹੀਂ ਕੀਤਾ ਗਿਆ।
ਐੱਨ. ਆਰ. ਏ. ਆਈ. ਨੇ ਨਵੰਬਰ ਵਿਚ ਜਾਰੀ ਇਕ ਪੱਤਰ ਵਿਚ ‘ਸ਼ਾਟਗਨ ਚੋਣ ਮਾਪਦੰਡ 2024 ਤੇ ਸ਼ਾਟਗਨ ਪ੍ਰਤੀਯੋਗਿਤਾ ਲਈ ਓਲੰਪਿਕ ਚੋਣ ਮਾਪਦੰਡ 2024 ਦੇ ਅਨੁਸਾਰ ਚੋਣ ਟ੍ਰਾਇਲ’ ਦਾ ਐਲਾਨ ਕੀਤਾ ਸੀ। ਇਸ ਵਿਚ ਕਿਹਾ ਗਿਆ ਹੈ ਕਿ 66ਵੀਂ ਰਾਸ਼ਟਰੀ ਚੈਂਪੀਅਨਸ਼ਿਪ (ਅਕਤੂਬਰ-ਨਵੰਬਰ,2023) ਦੌਰਾਨ ਸੀਨੀਅਰ ਪੁਰਸ਼ ਟ੍ਰੈਪ ਵਿਚ 110 ਸਕੋਰ ਵਾਲੇ ਨਿਸ਼ਾਨੇਬਾਜ਼ ਦਸੰਬਰ 2023 ਤੋਂ ਮਾਰਚ 2024 ਵਿਚਾਲੇ ਆਯੋਜਿਤ ਅਭਿਆਸ ਲਈ ਯੋਗ ਹੋਣਗੇ।
ਸੈਨਾ ਦੇ ਨਿਸ਼ਾਨੇਬਾਜ਼ ਕਰਣ ਨੇ ਰਾਸ਼ਟਰੀ ਚੈਂਪੀਅਨਸ਼ਿਪ ਵਿਚ 108 ਦਾ ਸਕੋਰ ਬਣਾਇਆ। ਐੱਨ. ਆਰ. ਏ. ਆਈ. ਨੇ ਉਸ ਨੂੰ ਟ੍ਰਾਇਲ ਵਿਚ ਹਿੱਸਾ ਲੈਣ ਦੀ ਮਨਜ਼ੂਰੀ ਦੇ ਦਿੱਤੀ ਜਦਕਿ ਇਸ ਤਰ੍ਹਾਂ ਦਾ ਸਕੋਰ ਕਰਨ ਵਾਲੇ 12 ਤੋਂ ਵੱਧ ਨਿਸ਼ਾਨੇਬਾਜ਼ਾਂ ਦੇ ਨਾਵਾਂ ’ਤੇ ਵਿਚਾਰ ਨਹੀਂ ਕੀਤਾ ਗਿਆ।


Aarti dhillon

Content Editor

Related News