ਹਾਈ ਕੋਰਟ ਨੂੰ ਮੁਸਲਿਮ ਕੁੜੀ ਦੀ ਅਪੀਲ; ਮੀ ਲਾਰਡ, 12ਵੀਂ ਤਾਂ ਪਾਸ ਕਰਨ ਦਿਓ, ਫਿਰ ਨਿਕਾਹਨਾਮਾ ਪੜ੍ਹਵਾਈਓ
Friday, Apr 19, 2024 - 10:16 AM (IST)
ਕੋਲਕਾਤਾ- ਕਲਕੱਤਾ ਹਾਈ ਕੋਰਟ ਨੇ ਵੀਰਵਾਰ ਨੂੰ ਇਕ ਮੁਸਲਿਮ ਕੁੜੀ ਦੀ ਉਸ ਜਨਹਿੱਤ ਪਟੀਸ਼ਨ (IPL) ਨੂੰ ਖਾਰਿਜ ਕਰ ਦਿੱਤਾ, ਜਿਸ ’ਚ ਮੰਗ ਕੀਤੀ ਗਈ ਸੀ ਕਿ ਮੁਸਲਿਮ ਲੜਕੀਆਂ ਨੂੰ 12ਵੀਂ ਤੱਕ ਪੜਾਈ ਪੂਰੀ ਕੀਤੇ ਬਿਨਾ ਵਿਆਹ ਨਾ ਕਰਨ ਦਾ ਹੁਕਮ ਜਾਰੀ ਕਰਨ ਲਈ ਸਰਕਾਰੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਜਾਵੇ। ਚੀਫ ਜਸਟਿਸ ਟੀ. ਐੱਸ. ਸ਼ਿਵਗਣਨਮ ਅਤੇ ਜਸਟਿਸ ਹਿਰਣਮਯ ਭੱਟਾਚਾਰਿਆ ਦੀ ਬੈਂਚ ਨੇ ਉਸ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਸਕੂਲ ਸਿੱਖਿਆ ਮੰਤਰੀ ਨੂੰ ਦਿੱਤੀ ਗਈ ਅਰਜ਼ੀ ’ਤੇ ਵਿਚਾਰ ਨਹੀਂ ਕੀਤਾ ਜਾ ਸਕਦਾ ਹੈ।
ਹਾਈ ਕੋਰਟ ਨੇ ਕਿਹਾ ਕਿ ਇਹ ਇਕ ਨੀਤੀਗਤ ਮਾਮਲਾ ਹੈ ਅਤੇ ਇਸ ’ਚ ਕਿਸੇ ਵੀ ਸਥਿਤੀ ’ਚ ਹੁਕਮ ਜਾਰੀ ਨਹੀਂ ਕੀਤਾ ਜਾ ਸਕਦਾ ਹੈ। ਇਸ ਲਈ ਪਟੀਸ਼ਨ ਖਾਰਿਜ ਕੀਤੀ ਜਾਂਦੀ ਹੈ।’ ਇਹ ਪਟੀਸ਼ਨ ਨਾਜ਼ੀਆ ਇਲਾਹੀ ਖਾਨ ਨਾਂ ਦੀ ਔਰਤ ਨੇ ਦਾਖਲ ਕੀਤੀ ਸੀ। ਖਾਨ ਨੇ ਹਾਈ ਕੋਰਟ ’ਚ ਦਾਖਲ IPL ’ਚ ਕਿਹਾ ਸੀ ਕਿ ਸੂਬੇ ਦੇ ਅਧਿਕਾਰੀ ਸਾਰੀਆਂ ਮੁਸਲਿਮ ਲੜਕੀਆਂ ਦੇ ਵਿਆਹ ਤੋਂ ਪਹਿਲਾਂ ਉਨ੍ਹਾਂ ਨੂੰ ਘੱਟੋ-ਘੱਟ ਬਾਰਵੀਂ ਪਾਸ ਕਰਨ ਦਾ ਜ਼ਰੂਰੀ ਨਿਯਮ ਬਣਾਉਣ ਦੀ ਉਸ ਦੀ ਅਪੀਲ ’ਤੇ ਕਾਰਵਾਈ ਕਰਨ ’ਚ ਨਾਕਾਮ ਰਹੇ ਹਨ, ਇਸ ਲਈ ਅਧਿਕਾਰੀਆਂ ਨੂੰ ਮਾਮਲੇ ’ਚ ਹੁਕਮ ਜਾਰੀ ਕੀਤਾ ਜਾਵੇ।
ਬਾਰ ਐਂਡ ਬੈਂਚ ਦੀ ਰਿਪੋਰਟ ਮੁਤਾਬਕ ਨਾਜ਼ੀਆ ਇਲਾਹੀ ਖਾਨ ਨੇ ਆਪਣੀ ਪਟੀਸ਼ਨ ’ਚ ਕਿਹਾ ਕਿ ਇਹ ਮੁੱਦਾ ਵੱਡੇ ਪੱਧਰ ’ਤੇ ਆਮ ਲੋਕਾਂ, ਖਾਸ ਤੌਰ ’ਤੇ ਮੁਸਲਿਮ ਭਾਈਚਾਰੇ ਨੂੰ ਪ੍ਰਭਾਵਿਤ ਕਰਦਾ ਹੈ, ਇਸ ਲਈ ਮਾਮਲੇ ’ਚ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਜਾਣ। ਖਾਨ ਨੇ ਦਾਅਵਾ ਕੀਤਾ ਕਿ ਘੱਟ ਉਮਰ ’ਚ ਨਿਕਾਹ ਦੇ ਕਾਰਨ ਮੁਸਲਿਮ ਲੜਕੀਆਂ ਲਈ 12ਵੀਂ ਤੱਕ ਪੜ੍ਹਨਾ ਵੀ ਅਸੰਭਵ ਹੋ ਚੁੱਕਾ ਹੈ। ਉਸ ਨੇ ਕਿਹਾ ਕਿ ਮੁਸਲਿਮ ਪਰਿਵਾਰਾਂ ’ਚ 12ਵੀਂ ਪਾਸ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਦਾ ਵਿਆਹ ਕਰਨਾ ਬਿਹਤਰ ਸਮਝਿਆ ਜਾਂਦਾ ਹੈ।