ਸਹੀ ਜਾਂ ਗਲਤ ਫੈਸਲੇ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਹਨ

04/06/2024 2:48:17 PM

ਕਹਿੰਦੇ ਹਨ ਕਿ ਵਰਤਮਾਣ ਯੁੱਗ ਆਧੁਨਿਕ ਹੈ, ਵਿਗਿਆਨ ਅਤੇ ਤਕਨਾਲੋਜੀ ’ਤੇ ਆਧਾਰਿਤ ਹੈ। ਇਸ ’ਚ ਰਵਾਇਤੀ ਕੁਰੀਤੀਆਂ, ਅੰਧ-ਵਿਸ਼ਵਾਸ, ਟੂਣੇ-ਟੋਟਕੇ, ਤਵੀਤ ਵਰਗੀਆਂ ਚੀਜ਼ਾਂ ਦੀ ਕੋਈ ਥਾਂ ਨਹੀਂ ਹੈ। ਕੋਈ ਮਜਬੂਰੀ ਵੀ ਨਹੀਂ ਹੈ ਪਰ ਕੀ ਅਸਲ ’ਚ ਸਾਡੀ ਸੋਚ ਬਦਲੀ ਹੈ, ਇਹ ਸਵਾਲ ਪ੍ਰੇਸ਼ਾਨ ਕਰਦਾ ਹੈ ਅਤੇ ਪ੍ਰਸੰਗਿਕ ਹੋ ਜਾਂਦਾ ਹੈ ਜਦ ਕੋਈ ਕਹੇ ਕਿ ਆਖਰਕਾਰ ਇੰਨੇ ਸਮੇਂ ਤੋਂ ਇਹ ਸਭ ਚੱਲ ਹੀ ਰਿਹਾ ਹੈ ਤਾਂ ਇਨ੍ਹਾਂ ਨੂੰ ਨਾ ਮੰਨ ਕੇ ਕਿਉਂ ਕਿਸੇ ਤਰ੍ਹਾਂ ਦਾ ਖਤਰਾ ਸਹੇੜਿਆ ਜਾਵੇ। ਨਾ ਮੰਨਿਆ ਅਤੇ ਕੁੱਝ ਹੋ ਗਿਆ ਤਾਂ ਨੁਕਸਾਨ ਸਾਨੂੰ ਹੀ ਉਠਾਉਣਾ ਪਵੇਗਾ!

ਕਿਹੋ ਜਿਹੀਆਂ ਹਨ ਆਧਾਰਹੀਣ ਸ਼ੰਕਾਵਾਂ : ਕਹਿੰਦੇ ਹਨ ਕਿ ਕੰਸ ਅਨੈਤਿਕ ਤਰੀਕੇ ਨਾਲ ਰਾਜਾ ਬਣਿਆ ਸੀ। ਉਸ ਦੇ ਮਨ ’ਚ ਅਪਰਾਧਬੋਧ ਤਾਂ ਰਹਿੰਦਾ ਹੀ ਹੋਵੇਗਾ। ਦਰਬਾਰ ’ਚ ਜੋਤਿਸ਼ੀ ਵੀ ਹੋਣਗੇ, ਇਕ ਦਿਨ ਆਪਣਾ ਹੱਥ ਜਾਂ ਕੁੰਡਲੀ ਦਿਖਾ ਦਿੱਤੀ ਹੋਵੇਗੀ ਅਤੇ ਰਾਜੇ ਨੂੰ ਖੁਸ਼ ਕਰਨ ਲਈ ਉਨ੍ਹਾਂ ਨੇ ਕਹਿ ਦਿੱਤਾ ਹੋਵੇਗਾ ਕਿ ਮਹਾਰਾਜ ਕੋਈ ਖਤਰਾ ਨਹੀਂ, ਤੁਸੀਂ ਰਾਜਾ ਬਣੇ ਰਹੋਗੇ। ਇੰਨੇ ਨਾਲ ਗੱਲ ਬਣਦੀ ਨਹੀਂ ਦਿਸੀ ਕਿ ਢੇਰ ਸਾਰੇ ਤੋਹਫੇ ਮਿਲ ਸਕਦੇ ਹੋਣ, ਇਸ ਲਈ ਜੋੜ ਦਿੱਤਾ ਕਿ ਉਂਝ ਤਾਂ ਕੋਈ ਦੁਬਿਧਾ ਨਹੀਂ ਪਰ ਹੋ ਸਕਦਾ ਹੈ ਕਿ ਤੁਹਾਡੀ ਭੈਣ ਦੇਵਕੀ ਦੀ ਔਲਾਦ ਅਤੇ ਉਹ ਵੀ 8ਵੀਂ ਤੁਹਾਡੀ ਜ਼ਿੰਦਗੀ ਲਈ ਸੰਕਟ ਦਾ ਕਾਰਨ ਬਣ ਜਾਵੇ।

ਹੁਣ ਕੰਸ ਤਾਂ ਰਾਜਾ ਸੀ। ਉਸ ਨੇ ਤੈਅ ਕਰ ਲਿਆ ਕਿ ਉਹ ਆਪਣੀ ਭੈਣ ਦੀ ਕਿਸੇ ਵੀ ਔਲਾਦ ਨੂੰ ਜਿਊਂਦਾ ਨਹੀਂ ਛੱਡੇਗਾ ਅਤੇ ਇਸ ਤਰ੍ਹਾਂ ਇੰਨਾ ਭੈਅਭੀਤ ਹੋ ਗਿਆ ਕਿ ਬੇਰਹਿਮ ਹੱਤਿਆਰਾ ਬਣ ਗਿਆ।

ਹੁਣ ਇਹ ਘਟਨਾ ਆਕਾਸ਼ਵਾਣੀ ਸੀ ਜਾਂ ਕਿਸੇ ਜੋਤਿਸ਼ੀ ਦੇ ਲਾਲਚ ਦਾ ਨਤੀਜਾ, ਇਸ ਦਾ ਕੋਈ ਸਬੂਤ ਤਾਂ ਨਹੀਂ ਪਰ ਇਹ ਜ਼ਰੂਰ ਸਮਝ ’ਚ ਆਉਂਦਾ ਹੈ ਕਿ ਬਿਨਾਂ ਸੋਚੇ-ਸਮਝੇ, ਤਰਕ ਦੀ ਕਸੌਟੀ ’ਤੇ ਪਰਖੇ ਬਿਨਾਂ ਅਤੇ ਕਿਸੇ ਅਣਹੋਣੀ ਦੇ ਖਿਆਲੀ ਸ਼ੱਕ ਕਾਰਨ ਅਜਿਹਾ ਅਨਰਥ ਹੋ ਸਕਦਾ ਹੈ, ਜਿਸ ਨੂੰ ਰੋਕਣ ਦਾ ਕੋਈ ਉਪਾਅ ਨਹੀਂ ਹੈ।

ਉਸ ਦੇ ਬਾਅਦ ਦੀ ਕਥਾ ਤਾਂ ਸਭ ਜਾਣਦੇ ਹੀ ਹਨ ਕਿ ਕਿਸ ਤਰ੍ਹਾਂ ਸ਼੍ਰੀ ਕ੍ਰਿਸ਼ਨ ਨੇ ਉਸ ਦੀ ਹੱਤਿਆ ਕੀਤੀ। ਇਹੀ ਨਹੀਂ ਬਾਅਦ ’ਚ ਕਈ ਪ੍ਰਸੰਗ ਹਨ, ਭਾਵੇਂ ਮਹਾਭਾਰਤ ਦੀਆਂ ਘਟਨਾਵਾਂ ਹੋਣ ਜਾਂ ਦਵਾਰਿਕਾਧੀਸ਼ ਬਣਨ ਪਿੱਛੋਂ ਹੋਈਆਂ ਹੋਣ, ਸਭ ਦਾ ਸਿੱਟਾ ਇਹੀ ਹੈ ਕਿ ਸ਼ੁੱਭ ਜਾਂ ਅਸ਼ੁੱਭ ਕੁਝ ਨਹੀਂ ਹੁੰਦਾ। ਇਹ ਸਾਡੇ ਸਹੀ ਜਾਂ ਗਲਤ ਫੈਸਲੇ ਹਨ ਜੋ ਜ਼ਿੰਦਗੀ ਦੀ ਦਸ਼ਾ ਅਤੇ ਦਿਸ਼ਾ ਮਿੱਥਦੇ ਹਨ।

ਰੱਬ ਦੀ ਹੋਂਦ : ਜੋ ਆਸਤਿਕ ਹਨ, ਉਨ੍ਹਾਂ ਲਈ ਰੱਬ ਅਤੇ ਜੋ ਨਾਸਤਿਕ ਹਨ ਉਨ੍ਹਾਂ ਲਈ ਕੁਦਰਤ :ਜੋ ਕੱਲ ਸੀ, ਉਹ ਅੱਜ ਹੈ ਅਤੇ ਅੱਗੇ ਵੀ ਰਹੇਗਾ, ਉਸ ’ਚ ਕੁਝ ਬਦਲਣ ਵਾਲਾ ਨਹੀਂ, ਹਮੇਸ਼ਾ ਉਹੀ ਰਹਿੰਦਾ ਹੈ। ਇਸੇ ਤਰ੍ਹਾਂ ਸੱਚ ਹੋਵੇ ਜਾਂ ਝੂਠ, ਉਹ ਸਮੇਂ ਅਨੁਸਾਰ ਨਹੀਂ ਬਦਲਦਾ, ਹਮੇਸ਼ਾ ਉਹੀ ਰਹਿੰਦਾ ਹੈ। ਇਹ ਠੀਕ ਉਹੋ ਜਿਹਾ ਹੀ ਹੈ ਜਿਵੇਂ ਸੂਰਜ, ਚੰਦ, ਮੰਗਲ ਅਤੇ ਹੋਰ ਗ੍ਰਹਿ ਜਿਨ੍ਹਾਂ ’ਚ ਸਾਡੀ ਪ੍ਰਿਥਵੀ ਵੀ ਹੈ।

ਸ੍ਰਿਸ਼ਟੀ ਦੀ ਕੋਈ ਰਚਨਾ ਅਗਿਆਨ ਕਾਰਨ ਨਹੀਂ ਹੋਈ ਹੈ। ਮਨੁੱਖ ਦਾਨਵ, ਪਸ਼ੂ-ਪੰਛੀ, ਰੁੱਖ - ਪੌਦੇ, ਪਹਾੜ, ਨਦੀਆਂ, ਸਮੁੰਦਰ ਅਤੇ ਆਸਮਾਨ, ਇਨ੍ਹਾਂ ਸਭ ਦੀ ਹੋਂਦ ਇਸ ਲਈ ਹੈ ਕਿਉਂਕਿ ਇਨ੍ਹਾਂ ਨਾਲ ਜ਼ਿੰਦਗੀ ਜਿਊਣਯੋਗ ਬਣਦੀ ਹੈ। ਤੁਸੀਂ ਮਾਰੂਥਲ, ਆਕਾਸ਼ ’ਚ ਬੱਦਲਾਂ ਅਤੇ ਪਹਾੜਾਂ ’ਤੇ ਬਰਫ ਪੈਣ ਨਾਲ ਕਈ ਆਕਾਰ ਬਣਦੇ ਦੇਖੇ ਹੋਣਗੇ, ਜਿਨ੍ਹਾਂ ਨੂੰ ਦੇਖ ਕੇ ਡਰ ਲੱਗ ਸਕਦਾ ਹੈ ਅਤੇ ਖੁਸ਼ੀ ਵੀ ਹੋ ਸਕਦੀ ਹੈ।

ਅਸਲੀਅਤ ਇਹ ਹੈ ਕਿ ਇਹ ਸਾਡਾ ਮਨ ਜਾਂ ਸੋਚ ਹੈ ਜੋ ਆਪਣੀ ਪ੍ਰਤੀਕਿਰਿਆ ਦਿੰਦੇ ਹਨ, ਇਸ ਤੋਂ ਇਲਾਵਾ ਕੁਝ ਨਹੀਂ। ਸੋਚੋ ਕਿ ਸੂਰਜ ਜਾਂ ਚੰਦ ਗ੍ਰਹਿਣ ’ਤੇ ਦਾਨ-ਪੁੰਨ ਕਰਨ, ਖਾਣ-ਪੀਣ ਨੂੰ ਗਲਤ ਮੰਨਣ ਦੀ ਪ੍ਰਥਾ ਹੈ। ਇਕ ਆਮ ਖਗੋਲ ਕਿਰਿਆ ਨੂੰ ਲੈ ਕੇ ਮਿੱਥ/ਧਾਰਨਾ ਪੈਦਾ ਕਰਨਾ ਕੁਝ ਲੋਕਾਂ ਦਾ ਵਪਾਰ ਬਣ ਗਿਆ। ਸੱਚਾਈ ਇਹ ਹੈ ਕਿ ਭਵਿੱਖ ਦਾ ਗਿਆਨ ਨਾ ਹੋਣ ਨਾਲ ਕਿਸੇ ਪਾਖੰਡੀ ਦੀ ਗੱਲ ਸੱਚੀ ਲੱਗਦੀ ਹੈ ਅਤੇ ਵਿਗਿਆਨਕ ਗੱਲ ਝੂਠੀ ਅਤੇ ਅਸੀਂ ਤਬਾਹੀ ਤੱਕ ਨੂੰ ਸੱਦ ਲੈਂਦੇ ਹਾਂ।

ਇੱਥੋਂ ਹੀ ਜਨਮ ਹੁੰਦਾ ਹੈ ਧਰਮ ਦੇ ਨਾਂ ’ਤੇ ਅੰਧ-ਵਿਸ਼ਵਾਸ ਨੂੰ ਆਧਾਰ ਬਣਾ ਕੇ ਕਾਲਾਬਾਜ਼ਾਰੀ ਕਰਨ ਵਾਲਿਆਂ ਦਾ ਜੋ ਰੱਬ ਤੱਕ ਪਹੁੰਚਣ ਲਈ ਤੁਹਾਡੇ ਕੋਲੋਂ ਰਿਸ਼ਵਤ ਦੀ ਤਰ੍ਹਾਂ ਤੁਹਾਡਾ ਮਾਣ-ਸਨਮਾਨ, ਧਨ ਅਤੇ ਇੱਥੋਂ ਤੱਕ ਕਿ ਜੋਬਨ ਵੀ ਦਲਾਲੀ ਦੇ ਤੌਰ ’ਤੇ ਮੰਗ ਲੈਂਦੇ ਹਨ।

ਉਹ ਤੁਹਾਡਾ ਸਭ ਕੁਝ ਹਥਿਆਉਣ ਦੀ ਤਾਕ ’ਚ ਰਹਿੰਦੇ ਹਨ ਅਤੇ ਇਕ ਤਰ੍ਹਾਂ ਦਾ ਪ੍ਰਪੰਚ ਰਚਦੇ ਹਨ, ਸੰਮੋਹਨ ਕਰਨ ਦੀ ਵਿੱਦਿਆ ਦੀ ਵਰਤੋਂ ਕਰਦੇ ਹਨ ਅਤੇ ਆਪਣੇ ਆਲੇ-ਦੁਆਲੇ ਅਜਿਹੇ ਮੁਸ਼ਟੰਡੇ ਭਲਵਾਨ ਅਤੇ ਗੁੰਡੇ ਰੱਖਦੇ ਹਨ ਕਿ ਉਨ੍ਹਾਂ ਅੱਗੇ ਸਮਰਪਣ ਕਰਨਾ ਹੀ ਇਕੋ-ਇਕ ਉਪਾਅ ਬਚਦਾ ਹੈ।

ਅੰਧ-ਵਿਸ਼ਵਾਸ ਦਾ ਵਿਰੋਧ ਜਿਸ ਨੂੰ ਸਵਾਰਥੀ ਲੋਕ ਰੱਬ ਦਾ ਵਿਰੋਧ ਕਹਿੰਦੇ ਹਨ, ਜਾਤਾਂ ’ਚ ਦੁਸ਼ਮਣੀ ਵਧਾਉਂਦਾ ਹੈ, ਇਸ ਦੇ ਘੇਰੇ ’ਚ ਜਨੇਊ, ਯੱਗ ਤੋਂ ਲੈ ਕੇ ਜਨਮ ਅਤੇ ਮੌਤ ਤੱਕ ਦੀਆਂ ਰਸਮਾਂ, ਇੱਥੋਂ ਤੱਕ ਕਿ ਛੂਤ-ਛਾਤ, ਬਾਲ ਅਤੇ ਵਿਧਵਾ ਦਾ ਪੁਨਰ-ਵਿਆਹ, ਕੰਨਿਆ ਦੇ ਜਨਮ ਨੂੰ ਅਸ਼ੁੱਭ ਮੰਨ ਕੇ ਭਰੂਣ ਹੱਤਿਆ, ਕਿਸੇ ਸੁੱਖਣਾ ਨੂੰ ਪੂਰਾ ਕਰਨ ਲਈ ਨਰ ਜਾਂ ਜਾਨਵਰ ਦੀ ਬਲੀ ਦੇਣਾ, ਰਵਾਇਤ ਜਾਂ ਰੀਤੀ-ਰਿਵਾਜ਼ ਆਦਿ ਦੇ ਨਾਮ ’ਤੇ ਜਬਰ-ਜ਼ਨਾਹ ਜਾਂ ਜਿਨਸੀ ਸ਼ੋਸ਼ਣ ਲਈ ਸਹਿਮਤ ਹੋਣਾ ਸ਼ਾਮਲ ਹੈ।

ਭੂਤ-ਪ੍ਰੇਤ ਦੀਆਂ ਖਿਆਲੀ ਘਟਨਾਵਾਂ ਨੂੰ ਅਸਲ ਰੂਪ ਦੇਣਾ ਅਤੇ ਆਪਣੀਆਂ ਵਾਸਨਾਵਾਂ ਦੀ ਪੂਰਤੀ ਲਈ ਔਰਤਾਂ ਨੂੰ ਚੁੜੇਲ ਕਹਿਣਾ ਅਤੇ ਮਾਨਸਿਕ ਰੋਗੀ ਲੋਕਾਂ ਨੂੰ ਡਾਕਟਰੀ ਇਲਾਜ ਦੀ ਬਜਾਏ ਭੇਦ-ਭਾਵ ਅਤੇ ਤੰਤਰ-ਮੰਤਰ ਰਾਹੀਂ ਠੀਕ ਕਰਨ ਦੇ ਦਾਅਵੇ ਕਰਨਾ ਦਰਸਾਉਂਦਾ ਹੈ ਕਿ ਜੋ ਮਰਜ਼ੀ ਹੋ ਜਾਵੇ, ਅਸੀਂ ਸੁਧਰਨ ਵਾਲੇ ਨਹੀਂ ਹਾਂ। ਸਾਡੀ ਸੋਚ ’ਤੇ ਜੋ ਪਹਿਰਾ ਲੱਗਾ ਹੈ ਉਹ ਹਟਾਉਣ ਦੇ ਲਈ ਨਾ ਤਾਂ ਤਿਆਰ ਹਾਂ ਅਤੇ ਜੇ ਕੋਈ ਸ਼ੀਸ਼ਾ ਦਿਖਾਵੇ ਤਾਂ ਉਹ ਸਾਡਾ ਦੁਸ਼ਮਣ ਹੈ।

ਅੰਨ੍ਹੀ ਸ਼ਰਧਾ ਹੋਵੇ ਜਾਂ ਪ੍ਰੰਪਰਾਗਤ ਸੋਚ, ਇਹ ਸਭ ਉਹ ਬੀਮਾਰੀਆਂ ਹਨ ਜੋ ਪੀੜ੍ਹੀ ਦਰ ਪੀੜ੍ਹੀ ਚਲਦੀਆਂ ਰਹਿੰਦੀਆਂ ਹਨ ਅਤੇ ਇਨ੍ਹਾਂ ਦੀ ਸਾਡੀ ਹਉਮੈ, ਡਰੇ ਰਹਿਣ ਅਤੇ ਬੁਰਾ ਹੋਣ ਦੀ ਸ਼ੱਕ ਤੋਂ ਪੀੜਤ ਰਹਿਣ ਤੋਂ ਇਲਾਵਾ ਕੋਈ ਹੋਂਦ ਨਹੀਂ ਹੈ। ਦੁੱਖ ਹੁੰਦਾ ਹੈ ਜਦੋਂ ਪੜ੍ਹੇ-ਲਿਖੇ ਨੌਜਵਾਨ ਆਪਣੀ ਜ਼ਿੰਦਗੀ ਵਿਚ ਇਨ੍ਹਾਂ ਚੀਜ਼ਾਂ ਦੀ ਮਹੱਤਤਾ ਨੂੰ ਸਵੀਕਾਰ ਕਰ ਲੈਂਦੇ ਹਨ।

ਸਿੱਟਾ ਇਹੀ ਹੈ ਕਿ ਅੰਧ-ਵਿਸ਼ਵਾਸ ਹੋਰ ਕੁਝ ਨਹੀਂ ਸਿਰਫ ਇਕ ਤਰਕਹੀਣ ਕਿਰਿਆ ਹੈ ਜਿਸ ਨੂੰ ਅਸੀਂ ਆਪਣੀ ਸੋਚ ’ਤੇ ਹਾਵੀ ਹੋਣ ਦਿੰਦੇ ਹਾਂ ਅਤੇ ਅਕਸਰ ਆਪਣੇ ਦਿਮਾਗ ਨੂੰ ਉਹ ਸਭ ਕਰਨ ਦਿੰਦੇ ਹਾਂ ਜਿਸ ਦੀ ਕੋਈ ਹੋਂਦ ਨਹੀਂ ਹੁੰਦੀ। ਇਸ ’ਚ ਸਿੱਖਿਅਤ ਹੋਣ ਜਾਂ ਨਾ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ।

ਔਰਤਾਂ ’ਤੇ ਇਸ ਦਾ ਪ੍ਰਭਾਵ ਵੱਧ ਪੈਂਦਾ ਹੈ ਕਿਉਂਕਿ ਉਹ ਬਹੁਤ ਜਜ਼ਬਾਤੀ ਹੁੰਦੀਆਂ ਹਨ ਅਤੇ ਆਪਣੇ ਪਰਿਵਾਰ ਨੂੰ ਕਿਸੇ ਵੀ ਹਾਲਤ ’ਚ ਸੁਰੱਖਿਅਤ ਦੇਖਣਾ ਚਾਹੁੰਦੀਆਂ ਹਨ। ਆਮ ਤੌਰ ’ਤੇ ਨਾ ਚਾਹੁੰਦਿਆਂ ਵੀ ਮਰਦ ਉਨ੍ਹਾਂ ਦੀਆਂ ਗੱਲਾਂ ਨਾਲ ਸਹਿਮਤ ਹੋ ਜਾਂਦੇ ਹਨ ਅਤੇ ਉਹ ਸਭ ਕਰਦੇ ਹਨ ਜੋ ਉਨ੍ਹਾਂ ਨੂੰ ਖੁਸ਼ ਰੱਖ ਸਕੇ।

ਇਸ ਦਾ ਫਾਇਦਾ ਪਾਖੰਡੀ ਅਤੇ ਮੱਕਾਰ ਲੋਕ ਉਠਾਉਂਦੇ ਹਨ। ਇਹ ਬੁਰਾ ਚੱਕਰ ਸਿਰਫ ਤਦ ਰੁਕ ਸਕਦਾ ਹੈ ਜਦ ਰੱਬ ਦੇ ਨਾਂ ’ਤੇ ਡਰਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਵੇ, ਭਾਵੇਂ ਇਸ ਲਈ ਖੁਦ ਨੂੰ ਨਾਸਤਿਕ ਹੀ ਕਿਉਂ ਨਾ ਅਖਵਾਉਣਾ ਪਵੇ।

ਪੂਰਨ ਚੰਦ ਸਰੀਨ


Rakesh

Content Editor

Related News