ਸੈਲੇਬ੍ਰਿਟੀ ਸ਼ੈੱਫ ਨੂੰ ਪਤਨੀ ਨੇ ਮਾਰਿਆ ਥੱਪੜ, ਪੁੱਤਰ ਨੂੰ ਵੀ ਮਿਲਣ ਨਾ ਦਿੱਤਾ, ਹੁਣ ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ

Thursday, Apr 04, 2024 - 06:03 AM (IST)

ਸੈਲੇਬ੍ਰਿਟੀ ਸ਼ੈੱਫ ਨੂੰ ਪਤਨੀ ਨੇ ਮਾਰਿਆ ਥੱਪੜ, ਪੁੱਤਰ ਨੂੰ ਵੀ ਮਿਲਣ ਨਾ ਦਿੱਤਾ, ਹੁਣ ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ

ਐਂਟਰਟੇਨਮੈਂਟ ਡੈਸਕ– ਭਾਰਤ ਦੇ ਮਸ਼ਹੂਰ ਸ਼ੈੱਫ ਤੇ ਜੀ-20 ’ਚ ਆਪਣੇ ਹੱਥਾਂ ਨਾਲ ਤਿਆਰ ਭੋਜਣ ਪਰੋਸਣ ਵਾਲੇ ਕੁਨਾਲ ਕਪੂਰ ਨੇ ਆਖਰਕਾਰ ਆਪਣੀ ਪਤਨੀ ਤੋਂ ਤਲਾਕ ਲੈ ਲਿਆ। ਅਦਾਲਤ ਨੇ ਬੇਰਹਿਮੀ ਦੇ ਆਧਾਰ ’ਤੇ ਇਸ ਤਲਾਕ ਨੂੰ ਮਨਜ਼ੂਰੀ ਦਿੱਤੀ। ਦਿੱਲੀ ਹਾਈ ਕੋਰਟ ਦੇ ਜਸਟਿਸ ਸੁਰੇਸ਼ ਕੁਮਾਰ ਕੇਤ ਤੇ ਨੀਨਾ ਬਾਂਸਲ ਕ੍ਰਿਸ਼ਨਾ ਨੇ ਮੰਗਲਵਾਰ ਨੂੰ ਇਸ ਸਬੰਧੀ ਫ਼ੈਸਲਾ ਸੁਣਾਇਆ। ਉਨ੍ਹਾਂ ਨੇ ਮੰਨਿਆ ਕਿ ਕਪੂਰ ਦੀ ਪਤਨੀ ਨਾਲ ਉਸ ਦੇ ਰਿਸ਼ਤੇ ਚੰਗੇ ਨਹੀਂ ਸਨ।

ਮੀਡੀਆ ’ਚ ਛਪੀ ਜਾਣਕਾਰੀ ਮੁਤਾਬਕ ਸ਼ੈਫ ਕੁਨਾਲ ਕਪੂਰ ਦਾ ਵਿਆਹ ਸਾਲ 2008 ’ਚ ਹੋਇਆ ਸੀ ਤੇ ਉਹ ਸਾਲ 2012 ’ਚ ਇਕ ਪੁੱਤਰ ਦੇ ਪਿਤਾ ਬਣੇ ਸਨ। ਬਾਅਦ ’ਚ ਉਸ ਦੇ ਤੇ ਉਸ ਦੀ ਪਤਨੀ ਦੇ ਰਿਸ਼ਤੇ ’ਚ ਖਟਾਸ ਆਉਣ ਲੱਗੀ, ਉਹ ਦੋਵੇਂ ਵੱਖ ਹੋ ਗਏ, ਕੁਨਾਲ ਨੇ ਆਪਣੀ ਪਤਨੀ ਖ਼ਿਲਾਫ਼ ਕੇਸ ਦਰਜ ਕਰਵਾਇਆ।

ਕੁਨਾਲ ਨੇ ਦੋਸ਼ ਲਾਇਆ ਕਿ ਉਸ ਦੀ ਪਤਨੀ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਧਮਕੀਆਂ ਦੇਣ ਲਈ ਪੁਲਸ ਨੂੰ ਫੋਨ ਕਰਦੀ ਸੀ। ਉਹ ਜਨਤਕ ਥਾਵਾਂ ’ਤੇ ਉਸ ਦੀ ਬੇਇੱਜ਼ਤੀ ਵੀ ਕਰਦੀ ਸੀ। ਕੁਨਾਲ ਕਪੂਰ ਨੇ ਅੱਗੇ 2016 ਦੀ ਇਕ ਘਟਨਾ ਦੀ ਉਦਾਹਰਣ ਦਿੱਤੀ।

ਉਸ ਨੇ ਦੱਸਿਆ ਕਿ 2016 ’ਚ ਜਦੋਂ ਉਹ ‘ਮਾਸਟਰ ਸ਼ੈੱਫ ਇੰਡੀਆ’ ਦੀ ਸ਼ੂਟਿੰਗ ਕਰ ਰਿਹਾ ਸੀ ਤਾਂ ਉਸ ਦੀ ਪਤਨੀ ਨੇ ਆਪਣੇ ਪੁੱਤਰ ਨਾਲ ਸਟੂਡੀਓ ’ਚ ਆ ਕੇ ਹੰਗਾਮਾ ਕਰ ਦਿੱਤਾ ਸੀ। ਜਦੋਂ ਦੋਵੇਂ ਵੱਖ ਹੋ ਗਏ ਤਾਂ ਉਹ ਬੱਚੇ ਨੂੰ ਮਿਲਣ ਵੀ ਨਹੀਂ ਦਿੰਦੀ ਸੀ ਤੇ ਉਸ ਤੋਂ ਪੈਸੇ ਮੰਗਦੀ ਸੀ।

ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਜਾਣ ਦੇ ਚਾਹਵਾਨਾਂ ਲਈ ਸਾਹਮਣੇ ਆਈ ਬੇਹੱਦ ਚੰਗੀ ਤੇ ਮਾੜੀ ਖ਼ਬਰ, ਜਾਣੋ ਕੀ ਹਨ ਨਵੇਂ ਬਦਲਾਅ

ਉਸ ਨੇ ਇਹ ਵੀ ਦਾਅਵਾ ਕੀਤਾ ਕਿ ਜਦੋਂ ਤੋਂ ਉਹ ਮਸ਼ਹੂਰ ਹੋਇਆ, ਉਸ ਦੀ ਪਤਨੀ ਨੇ ਉਸ ਦੇ ਖ਼ਿਲਾਫ਼ ਝੂਠੀਆਂ ਖ਼ਬਰਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਦੇ ਮਾਤਾ-ਪਿਤਾ ਖ਼ਿਲਾਫ਼ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ ਤੇ ਇਕ ਵਾਰ ਸ਼ੂਟ ਲਈ ਜਾਣ ਤੋਂ ਪਹਿਲਾਂ ਪਤਨੀ ਨੇ ਉਸ ਨੂੰ ਥੱਪੜ ਵੀ ਮਾਰਿਆ ਸੀ।

ਕੁਨਾਲ ਦੀ ਪਤਨੀ ਏਕਤਾ ਨੇ ਆਪਣੇ ’ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਸ ਨੇ ਕਿਹਾ ਕਿ ਉਸ ਨੇ ਆਪਣੇ ਪਰਿਵਾਰ ਤੇ ਪਤੀ ਦੀ ਮਦਦ ਲਈ ਆਪਣੇ ਕਰੀਅਰ ਨਾਲ ਸਮਝੌਤਾ ਕੀਤਾ ਪਰ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਛੋਟੇ-ਮੋਟੇ ਕਾਰਨਾਂ ਕਰਕੇ ਤਾਅਨੇ ਮਾਰਦੇ ਰਹੇ।

ਅਦਾਲਤ ਨੇ ਦੋਵਾਂ ਦੀਆਂ ਦਲੀਲਾਂ ’ਤੇ ਗੌਰ ਕਰਦਿਆਂ ਤਲਾਕ ਨੂੰ ਮਨਜ਼ੂਰੀ ਦਿੰਦਿਆਂ ਕਿਹਾ ਕਿ ਕਾਨੂੰਨ ਮੁਤਾਬਕ ਜਨਤਕ ਤੌਰ ’ਤੇ ਪਤੀ ਜਾਂ ਪਤਨੀ ’ਤੇ ਲਾਪਰਵਾਹੀ, ਅਪਮਾਨਜਨਕ ਤੇ ਬੇਬੁਨਿਆਦ ਦੋਸ਼ ਲਗਾਉਣਾ ਬੇਰਹਿਮੀ ਦੇ ਬਰਾਬਰ ਹੈ। ਅਦਾਲਤ ਨੇ ਮੰਨਿਆ ਕਿ ਕੁਨਾਲ ਕਪੂਰ ਦੀ ਪਤਨੀ ਦਾ ਵਿਵਹਾਰ ਸਨਮਾਨ ਤੇ ਹਮਦਰਦੀ ਤੋਂ ਰਹਿਤ ਸੀ।

ਅਦਾਲਤ ਨੇ ਕਿਹਾ ਕਿ ਜਦੋਂ ਪਤੀ-ਪਤਨੀ ਦਾ ਇਕ-ਦੂਜੇ ਪ੍ਰਤੀ ਅਜਿਹਾ ਰਵੱਈਆ ਹੁੰਦਾ ਹੈ ਤਾਂ ਇਹ ਵਿਆਹ ਦੇ ਸਹੀ ਅਰਥਾਂ ਨੂੰ ਠੇਸ ਪਹੁੰਚਾਉਂਦਾ ਹੈ ਤੇ ਅਜਿਹਾ ਕੋਈ ਸੰਭਾਵੀ ਕਾਰਨ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਇਕੱਠੇ ਰਹਿਣ ਦੇ ਦਰਦ ਨੂੰ ਕਿਉਂ ਸਹਿਣ ਲਈ ਮਜਬੂਰ ਹੋਣਾ ਚਾਹੀਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News