ਬੀਤੇ ਵਿੱਤੀ ਸਾਲ FPI ਨੇ ਸ਼ੇਅਰ ਬਾਜ਼ਾਰ ''ਚ ਕੀਤਾ 2.74 ਲੱਖ ਕਰੋੜ ਦਾ ਨਿਵੇਸ਼
Tuesday, Apr 06, 2021 - 12:17 PM (IST)
ਨਵੀਂ ਦਿੱਲੀ- ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ. ਪੀ. ਆਈ.) ਨੇ ਪਿਛਲੇ ਵਿੱਤੀ ਸਾਲ 2020-21 ਵਿਚ ਭਾਰਤੀ ਸਟਾਕ ਬਾਜ਼ਾਰਾਂ ਵਿਚ 2,74,034 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਵਿੱਤ ਮੰਤਰਾਲਾ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਬਾਵਜੂਦ, ਐੱਫ. ਪੀ. ਆਈ. ਨੇ ਭਾਰਤੀ ਸਟਾਕਾਂ ਵਿਚ ਜ਼ਬਰਦਸਤ ਨਿਵੇਸ਼ ਕੀਤਾ ਹੈ। ਇਹ ਉਨ੍ਹਾਂ ਦੀ ਭਾਰਤੀ ਆਰਥਿਕਤਾ ਦੀ ਬੁਨਿਆਦ ਵਿਚ ਵਿਸ਼ਵਾਸ ਨੂੰ ਦਿਖਾਉਂਦਾ ਹੈ।
ਪਿਛਲੇ ਵਿੱਤੀ ਸਾਲ ਵਿਚ ਅਪ੍ਰੈਲ ਤੇ ਸਤੰਬਰ ਵਿਚ ਐੱਫ. ਪੀ. ਆਈ. ਨੇ ਕ੍ਰਮਵਾਰ 6,884 ਕਰੋੜ ਰੁਪਏ ਅਤੇ 7,783 ਕਰੋੜ ਰੁਪਏ ਭਾਰਤੀ ਸ਼ੇਅਰ ਬਾਜ਼ਾਰਾਂ ਵਿਚੋਂ ਕੱਢੇ ਸਨ।
ਵਿੱਤ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ, “ਆਰਥਿਕਤਾ ਵਿਚ ਉਮੀਦ ਤੋਂ ਵਧੀਆਂ ਰਿਕਵਰੀ ਅਤੇ ਕਈ ਕਿਸ਼ਤਾਂ ਵਿਚ ਦਿੱਤੇ ਗਏ ਰਾਹਤ ਪੈਕੇਜ ਤੋਂ ਉਤਸ਼ਾਹਤ ਐੱਫ. ਪੀ. ਆਈ. ਨੇ ਭਾਰਤੀ ਬਾਜ਼ਾਰ ਵਿਚ ਵੱਡਾ ਨਿਵੇਸ਼ ਕੀਤਾ ਹੈ।” ਬਿਆਨ ਵਿਚ ਕਿਹਾ ਗਿਆ ਹੈ ਕਿ ਸਰਕਾਰ ਅਤੇ ਰੈਗੂਲੇਟਰਾਂ ਨੇ ਐੱਫ. ਪੀ. ਆਈ. ਲਈ ਪਹੁੰਚ ਅਤੇ ਨਿਵੇਸ਼ ਦਾ ਮਾਹੌਲ ਸੁਧਾਰਣ ਲਈ ਕਈ ਕਦਮ ਚੁੱਕੇ ਹਨ। ਇਨ੍ਹਾਂ ਵਿਚ ਐੱਫ. ਪੀ. ਆਈ. ਲਈ ਰੈਗੂਲੇਟਰੀ ਵਿਵਸਥਾ ਦਾ ਸਰਲੀਕਰਨ ਅਤੇ ਸੇਬੀ ਕੋਲ ਰਜਿਸਟ੍ਰੇਸ਼ਨ ਲਈ ਆਨਲਾਈਨ ਸਾਂਝੀ ਅਰਜ਼ੀ ਫਾਰਮ, ਪੈਨ ਜਾਰੀ ਕਰਨਾ ਅਤੇ ਡੀਮੈਟ ਖਾਤਿਆਂ ਨੂੰ ਖੋਲ੍ਹਣ ਵਰਗੇ ਉਪਾਅ ਸ਼ਾਮਲ ਹਨ।