ਸਾਲ 2020 ’ਚ ਇਨ੍ਹਾਂ ਦਿੱਗਜ ਖਿਡਾਰੀਆਂ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ

Thursday, Dec 31, 2020 - 02:30 PM (IST)

ਸਾਲ 2020 ’ਚ ਇਨ੍ਹਾਂ ਦਿੱਗਜ ਖਿਡਾਰੀਆਂ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ

ਸਪੋਰਟਸ ਡੈਸਕ : ਸਾਲ 2020 ਕੋਰੋਨਾ ਕਾਰਨ ਜਿੱਥੇ ਡਰ,ਖ਼ੌਫ਼, ਤਰਾਸਦੀਆਂ ਅਤੇ ਹੰਝੂਆਂ ਦਾ ਸਾਲ ਰਿਹਾ, ਉਥੇ ਹੀ ਇਹ ਸਾਲ ਕ੍ਰਿਕਟਰਾਂ ਲਈ ਵੀ ਬਹੁਤ ਵਧੀਆ ਸਾਬਿਤ ਨਾ ਹੋਇਆ। ਦਰਅਸਲ ਇਸ ਸਾਲ ਵਿਚ ਕਈ ਕ੍ਰਿਕਟਰਾਂ ਨੇ ਕ੍ਰਿਕਟ ਨੂੰ ਅਲਵਿਦਾ ਕਿਹਾ।ਕਈ ਖਿਡਾਰੀਆਂ ਨੇ ਤਾਂ ਕੋਰੋਨਾ ਦੇ ਵਧਦੇ ਪ੍ਰਭਾਵ ਨੂੰ ਵੇਖਦੇ ਹੋਏ ਘਰੇਲੂ ਜਾਂ ਅੰਤਰਾਸ਼ਟਰੀ ਪੱਧਰ ’ਤੇ ਕੋਈ ਮੈਚ ਨਹੀਂ ਖੇਡਿਆ। ਦੱਸ ਦੇਈਏ ਕਿ ਆਈ.ਪੀ.ਐਲ. ਦਾ ਆਯੋਜਨ ਮਾਰਚ-ਅਪ੍ਰੈਲ ਮਹੀਨੇ ਵਿਚ ਕੀਤਾ ਜਾਂਦਾ ਹੈ ਪਰ ਕੋਰੋਨਾ ਕਾਰਨ ਇਹ ਲੀਗ ਇਸ ਸਾਲ ਸਤੰ ਬਰ ਵਿਚ ਭਾਰਤ ਦੀ ਬਜਾਏ ਆਬੂਧਾਬੀ ਵਿਚ ਖੇਡੀ ਗਈ ਪਰ ਉੱਥੇ ਵੀ ਕਈ ਖਿਡਾਰੀਆਂ ਨੂੰ ਕੋਰੋਨਾ ਪਾਜ਼ੀਟਿਵ ਕਾਰਨ ਖੇਡ ਮੈਦਾਨ ਛੱਡਣਾ ਪਿਆ।  

ਇਹ ਵੀ ਪੜ੍ਹੋ: ਵਿਰਾਟ ਨਾਲ ਕਲੀਨਿਕ ਪੁੱਜੀ ਅਨੁਸ਼ਕਾ ਸ਼ਰਮਾ; ਸੋਸ਼ਲ ਮੀਡੀਆ 'ਤੇ 'ਬੇਬੀ ਗਰਲ ਜਾਂ ਬੁਆਏ' ਨੂੰ ਲੈ ਕੇ ਭਿੜੇ ਪ੍ਰਸ਼ੰਸਕ

1. ਮਹਿੰਦਰ ਸਿੰਘ ਧੋਨੀ
ਟੀਮ ਇੰਡੀਆ ਨੂੰ 2011 ਦਾ ਕ੍ਰਿਕਟ ਵਿਸ਼ਵ ਕੱਪ ਜਿਤਾਉਣ ਵਾਲੇ ਮਹਿੰਦਰ ਸਿੰਘ ਧੋਨੀ ਨੇ 15 ਅਗਸਤ 2020 ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। 39 ਸਾਲਾ ਧੋਨੀ ਨੇ ਆਪਣੇ ਇੰਸਟਾਗ੍ਰਾਮ ’ਤੇ ‘ਮੈਂ ਪਲ ਦੋ ਪਲ ਦਾ ਸ਼ਾਇਰ ਹੂ’ ਗਾਣੇ ਦੇ ਨਾਲ ਇਕ ਵੀਡੀਓ ਪੋਸਟ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿੱਖਿਆ ਕਿ ਤੁਹਾਡੇ (ਲੋਕਾਂ) ਵੱਲੋਂ ਹਮੇਸ਼ਾ ਮਿਲੇ ਪਿਆਰ ਅਤੇ ਸਪੋਰਟ ਲਈ ਸ਼ੁਕਰੀਆ। ਸ਼ਾਮ 7-29 ਵਜੇ ਤੋਂ ਮੈਨੂੰ ਰਿਟਾਇਰ ਸਮਝਿਆ ਜਾਵੇ। ਵਰਲਡ ਕ੍ਰਿਕਟ ਵਿਚ ਵੀ ਮਹਿੰਦਰ ਸਿੰਘ ਧੋਨੀ ਇਕੱਲੇ ਅਜਿਹੇ ਕਪਤਾਨ ਹਨ, ਜਿਨ੍ਹਾਂ ਨੇ ਆਈ. ਸੀ. ਸੀ. ਦੀਆਂ ਤਿੰਨੋਂ ਵੱਡੀਆਂ ਟ੍ਰਾਫੀਆਂ ’ਤੇ ਕਬਜ਼ਾ ਜਮਾਇਆ ਹੈ। ਧੋਨੀ ਦੀ ਕਪਤਾਨੀ ਵਿਚ ਭਾਰਤ ਆਈ. ਸੀ. ਸੀ. ਦੀ ਵਰਲਡ-ਟੀ-20 (2007), ਕ੍ਰਿਕਟ ਵਰਲਡ ਕੱਪ (2011 ਵਿਚ) ਅਤੇ ਆਈ. ਸੀ. ਸੀ. ਚੈਂਪੀਅਨਸ ਟ੍ਰਾਫੀ (2013 ਵਿਚ) ਦਾ ਖਿਤਾਬ ਜਿੱਤ ਚੁੱਕਿਆ ਹੈ। ਧੋਨੀ ਨੇ ਭਾਰਤ ਵੱਲੋਂ 350 ਵਨ-ਡੇਅ ਖੇਡੇ ਹਨ, ਜਿਨ੍ਹਾਂ ਵਿਚ ਉਨ੍ਹਾਂ ਨੇ 50 ਤੋਂ ਜ਼ਿਆਦਾ ਦੀ ਔਸਤ ਨਾਲ 10,773 ਰਨ ਬਣਾਏ। ਵਨ-ਡੇਅ ਕ੍ਰਿਕਟ ਵਿਚ ਧੋਨੀ 10 ਸੈਂਕੜੇ ਅਤੇ 73 ਅਰਧ ਸੈਂਕੜੇ ਬਣਾਏ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਕਟ-ਕੀਪਰ ਦੇ ਤੌਰ 'ਤੇ 321 ਕੈਚ ਫੜੇ ਅਤੇ 123 ਖਿਡਾਰੀਆਂ ਨੂੰ ਸਟੰਪ ਆਊਟ ਕੀਤਾ।

PunjabKesari


2. ਸੁਰੇਸ਼ ਰੈਨਾ
ਮਹਿੰਦਰ ਸਿੰਘ ਧੋਨੀ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਅਦ ਉਸੇ ਦਿਨ ਕੁਝ ਦੇਰ ਬਾਅਦ ਸੁਰੇਸ਼ ਰੈਨਾ ਨੇ ਵੀ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕੀਤੀ ਸੀ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਵੀ ਇਸ ਸਫਰ ਵਿਚ ਧੋਨੀ ਦੇ ਨਾਲ ਹਨ, ਮਤਲਬ ਉਨ੍ਹਾਂ ਨੇ ਵੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਸੁਰੇਸ਼ ਰੈਨਾ ਨੇ ਭਾਰਤ ਦੇ ਲਈ 18 ਟੈਸਟ ਮੈਚ ਅਤੇ 226 ਵਨ-ਡੇਅ ਮੈਚ ਤੋਂ ਇਲਾਵਾ ਕੁਲ 78 ਟੀ-20 ਮੈਚ ਖੇਡੇ ਹਨ। 226 ਵਨ-ਡੇਅ ਮੈਚਾਂ ਵਿਚ ਰੈਨਾ ਨੇ 5 ਸੈਂਕੜਿਆਂ ਦੀ ਮਦਦ ਨਾਲ 5615 ਰਨ ਬਣਾਏ। ਟੀ-20 ਕ੍ਰਿਕਟ ਵਿਚ ਉਨ੍ਹਾਂ ਨੇ ਇਕ ਸੈਂਕੜੇ ਨਾਲ 1605 ਰਨ ਬਣਾਏ ਸਨ। ਉਥੇ ਟੈਸਟ ਮੈਚਾਂ ਵਿਚ ਉਨ੍ਹਾਂ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਅਤੇ 18 ਟੈਸਟ ਮੈਚਾਂ ਵਿਚ ਉਨ੍ਹਾਂ ਦੇ ਬੱਲੇ ਨਾਲ ਸਿਰਫ 768 ਰਨ ਨਿਕਲੇ ਸਨ।

PunjabKesari

3. ਇਰਫਾਨ ਪਠਾਨ
35 ਸਾਲ ਦੇ ਆਲ-ਰਾਉਂਡਰ ਇਰਫਾਨ ਪਠਾਨ ਨੇ 4 ਜਨਵਰੀ 2020 ਨੂੰ ਕ੍ਰਿਕਟ ਦੇ ਸਾਰੇ ਹੀ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਹਲਾਂਕਿ ਇਰਫਾਨ ਪਠਾਨ ਵਿਦੇਸ਼ੀ ਫ੍ਰੈਂਚਾਈਜ਼ੀ ਅਧਾਰਿਤ ਲੀਗ ’ਚ ਮੈਚ ਖੇਡਦੇ ਰਹਿਣਗੇ। ਇਰਫਾਨ ਪਠਾਨ ਨੇ ਟੀਮ ਇੰਡੀਆ ਦੇ ਲਈ ਆਖਰੀ ਵਾਰ ਅਕਤੂਬਰ 2012 ’ਚ ਆਪਣਾ ਆਖਰੀ ਮੈਚ ਖੇਡਿਆ ਸੀ। ਤੁਹਾਨੂੰ ਦੱਸ ਦੇਈਏ ਕਿ ਇਰਫਾਨ ਪਠਾਨ ਨੇ 2003 ’ਚ ਐਡੀਲੇਡ ਓਵਲ ’ਚ ਆਸਟ੍ਰੇਲੀਆ ਖਿਲਾਫ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

PunjabKesari

4. ਸ਼ੇਨ ਵਾਟਸਨ
ਚੇਨਈ ਸੁਪਰ ਕਿੰਗਜ਼ ਦੇ ਬੱਲੇਬਾਜ਼ ਸ਼ੇਨ ਵਾਟਸਨ ਨੇ 2 ਨਵੰਬਰ 2020 ਨੂੰ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈ ਲਿਆ। ਵਾਟਸਨ ਨੇ ਇਸਦੀ ਜਾਣਕਾਰੀ ਸਭ ਤੋਂ ਪਹਿਲਾਂ ਆਪਣੀ ਟੀਮ ਚੇਨਈ ਦੇ ਸਾਥੀ ਖਿਡਾਰੀਆਂ ਨੂੰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਚੇਨਈ ਸੁਪਰ ਕਿੰਗਜ਼ ਵਰਗੀ ਟੀਮ ਦੇ ਨਾਲ ਖੇਡਣਾ ਤੇ ਜੁੜਨਾ ਬਹੁਤ ਖੁਸ਼ਕਿਸਮਤੀ ਦੀ ਗੱਲ ਹੈ। ਸ਼ੇਨ ਵਾਟਸਨ ਨੇ ਆਪਣੇ ਆਈ. ਪੀ. ਐੱਲ. ਦੀ ਸ਼ੁਰੂਆਤ 2008 ਤੋਂ ਰਾਜਸਥਾਨ ਟੀਮ ਦੇ ਨਾਲ ਕੀਤੀ ਸੀ। ਵਾਟਸਨ ਨੇ ਆਈ. ਪੀ. ਐੱਲ. ’ਚ 145 ਮੈਚ ਖੇਡੇ ਹਨ, ਜਿਸ ’ਚ ਉਨ੍ਹਾਂ ਨੇ 3874 ਦੌੜਾਂ ਬਣਾਈਆਂ ਹਨ। ਵਾਟਸਨ ਨੇ ਆਈ. ਪੀ. ਐੱਲ. ’ਚ 4 ਸੈਂਕੜੇ ਵੀ ਲਗਾਏ ਹਨ, ਜਿਸ ’ਚ ਉਸਦੀ ਫਾਈਨਲ ’ਚ ਖੇਡੀ ਗਈ ਸੈਂਕੜੇ ਵਾਲੀ ਪਾਰੀ ਵੀ ਸ਼ਾਮਲ ਹੈ।

PunjabKesari

5. ਪਾਰਥਿਵ ਪਟੇਲ
ਭਾਰਤ ਲਈ 17 ਸਾਲ ਦੀ ਉਮਰ ਵਿਚ ਅੰਤਰਰਾਸ਼ਟਰੀ ਕ੍ਰਿਕਟ ਵਿਚ ਸ਼ੁਰੂਆਤ ਕਰਣ ਵਾਲੇ ਪਾਰਥਿਵ ਪਟੇਲ ਨੇ 9 ਦਸੰਬਰ 2020 ਨੂੰ ਖੇਡ ਦੇ ਸਾਰੇ ਫਾਰਮੈਟਸ ਨੂੰ ਅਲਵਿਦਾ ਕਹਿ ਦਿੱਤਾ। ਪਾਰਥਿਵ ਨੇ ਟਵਿਟਰ ਅਤੇ ਇੰਸਟਾਗਰਾਮ ’ਤੇ ਲਿਖਿਆ, ‘ਮੈਂ ਅੱਜ ਕ੍ਰਿਕਟ ਦੇ ਸਾਰੇ ਫਾਰਮੈਟਸ ਤੋਂ ਵਿਦਾ ਲੈ ਰਿਹਾ ਹਾਂ। ਭਰੇ ਮਨ ਨਾਲ ਆਪਣੇ 18 ਸਾਲ ਦੇ ਕ੍ਰਿਕਟ ਦੇ ਸਫ਼ਰ ਨੂੰ ਸਮਾਪਤ ਕਰ ਰਿਹਾ ਹਾਂ।’ ਸੌਰਵ ਗਾਂਗੁਲੀ ਦੀ ਕਪਤਾਨੀ ਵਿਚ 17 ਸਾਲ 153 ਦਿਨ ਦੀ ਉਮਰ ਵਿਚ ਟੈਸਟ ਕ੍ਰਿਕਟ ਵਿਚ ਸ਼ੁਰੂਆਤ ਕਰਣ ਵਾਲੇ ਪਾਰਥਿਵ ਨੇ 65 ਅੰਤਰਰਾਸ਼ਟਰੀ ਮੈਚ ਖੇਡੇ, ਜਿਨ੍ਹਾਂ ਵਿਚ 25 ਟੈਸਟ, 38 ਵਨਡੇ ਅਤੇ 2 ਟੀ20 ਮੈਚ ਸ਼ਾਮਲ ਹਨ। ਉਨ੍ਹਾਂ ਨੇ 1696 ਦੌੜਾਂ ਬਣਾਈਆਂ, ਜਿਸ ਵਿਚ ਟੈਸਟ ਕ੍ਰਿਕਟ ਵਿਚ 934 ਦੌੜਾਂ ਸ਼ਾਮਲ ਹਨ। ਵਨਡੇ ਕ੍ਰਿਕਟ ਵਿਚ ਉਨ੍ਹਾਂ ਨੇ 4 ਅਰਧ ਸੈਂਕੜਿਆਂ ਸਮੇਤ 736 ਦੌੜਾਂ ਬਣਾਈਆਂ। ਇਸ ਦੇ ਇਲਾਵਾ ਬਤੌਰ ਵਿਕਟਕੀਪਰ ਟੈਸਟ ਵਿਚ 62 ਕੈਚ ਫੜੇ ਅਤੇ 10 ਸਟੰਪਿੰਗ ਕੀਤੀ। ਉਨ੍ਹਾਂ ਨੂੰ 2002 ਵਿਚ ਇੰਗਲੈਂਡ ਦੌਰੇ ’ਤੇ ਭੇਜਿਆ ਗਿਆ, ਜਦੋਂ ਉਨ੍ਹਾਂ ਨੇ ਰਣਜੀ ਟਰਾਫੀ ਕ੍ਰਿਕਟ ਵਿਚ ਸ਼ੁਰੂਆਤ ਵੀ ਨਹੀਂ ਕੀਤੀ ਸੀ।

PunjabKesari

6. ਸੁਦੀਪ ਤਿਆਗੀ
ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਸੁਦੀਪ ਤਿਆਗੀ ਨੇ 17 ਨਵੰਬਰ 2020 ਨੂੰ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਸਾਲ 2009 ਵਿੱਚ ਟੀਮ ਇੰਡੀਆ ਲਈ ਅੰਤਰਰਾਸ਼ਟਰੀ ਪੱਧਰ ’ਤੇ ਸ਼ੁਰੂਆਤ ਕਰਨ ਵਾਲੇ ਸੁਦੀਪ ਨੇ ਭਾਰਤ ਲਈ ਚਾਰ ਵਨ-ਡੇ ਅਤੇ ਇੱਕ ਟੀ-20 ਮੈਚ ਖੇਡੇ ਹਨ। ਤਿਆਗੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿੱਚ ਚੇਨਈ ਸੁਪਰ ਕਿੰਗਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਲਈ ਵੀ ਖੇਡ ਚੁੱਕੇ ਹਨ।

PunjabKesari

7. ਪ੍ਰਗਿਆਨ ਓਝਾ
ਭਾਰਤ ਲਈ ਇਕ ਸਮੇਂ ਖਾਸ ਸਪਿਨਰ ਦੀ ਭੂਮਿਕਾ ਨਿਭਾਉਣ ਵਾਲੇ ਪ੍ਰਗਿਆਨ ਓਝਾ ਨੇ 21 ਫਰਵਰੀ 2020 ਨੂੰ ਅੰਤਰਰਾਸ਼ਟਰੀ ਕ੍ਰਿਕਟ ਦੇ ਤਿੰਨੋਂ ਫਾਰਮੈਟ ਤੋਂ ਸੰਨਿਆਸ ਲੈ ਲਿਆ ਸੀ। ਆਪਣੀ ਸਪਿਨ ਗੇਂਦਬਾਜੀ ਨਾਲ ਦਿੱਗਜ ਬੱਲੇਬਾਜ਼ਾਂ ਨੂੰ ਆਊਟ ਕਰਕੇ ਪਵੇਲੀਅਨ ਦਾ ਰਸਤਾ ਦਿੱਖਾ ਚੁੱਕੇ ਟੀਮ ਇੰਡੀਆ ਦੇ ਸਪਿਨਰ ਪ੍ਰਗਿਆਨ ਓਝਾ ਪਿਛਲੇ 7 ਸਾਲਾਂ ਤੋਂ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਸਨ। ਸਿਰਫ਼ 33 ਸਾਲ ਦੀ ਉਮਰ ’ਚ ਓਝਾ ਨੇ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਮਨ ਬਣਾਇਆ ਹੈ। ਜਿਸਦੀ ਜਾਣਕਾਰੀ ਉਨ੍ਹਾਂ ਨੇ ਟਵਿਟਰ ’ਤੇ ਦਿੱਤੀ। ਭੁਵਨੇਸ਼ਵਰ ’ਚ ਜਨਮੇ ਪ੍ਰਗਿਆਨ ਓਝਾ ਨੇ ਭਾਰਤ ਲਈ ਸਾਲ 2008 ’ਚ ਵਨਡੇ ਡੈਬਿਊ ਕੀਤਾ ਸੀ। ਸਾਲ 2013 ’ਚ ਓਝਾ ਨੇ ਟੈਸਟ ਅਤੇ ਟੀ-20 ਮੈਚ ਵੀ ਭਾਰਤ ਲਈ ਖੇਡੇ। ਪ੍ਰਗਿਆਨ ਓਝਾ ਨੂੰ ਟੀਮ ਇੰਡੀਆ ਲਈ 24 ਟੈਸਟ, 18 ਵਨਡੇ ਅਤੇ 6 ਟੀ-20 ਮੈਚ ਖੇਡਣ ਦਾ ਮੌਕਾ ਮਿਲਿਆ। ਪ੍ਰਗਿਆਨ ਨੇ ਆਪਣੇ ਟੈਸਟ ਕਰੀਅਰ ’ਚ 113 ਵਿਕਟਾਂ, ਵਨ-ਡੇ ’ਚ 21 ਵਿਕਟਾਂ ਅਤੇ ਟੀ-20 ਅੰਤਰਰਾਸ਼ਟਰੀ ’ਚ 10 ਵਿਕਟਾਂ ਲੈਣ ’ਚ ਸਫਲ ਰਹੇ ਸਨ।

PunjabKesari

8. ਮੁਹੰਮਦ ਆਮਿਰ
ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ 17 ਦਸੰਬਰ 2020 ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਆਮਿਰ ਨੇ ਪਾਕਿਸਤਾਨ ਲਈ 36 ਟੈਸਟ, 61 ਵਨਡੇ ਅਤੇ 50 ਟੀ-20 ਮੁਕਾਬਲੇ ਖੇਡੇ ਹਨ । ਆਮਿਰ ਨੇ ਟੈਸਟ ਵਿਚ 30.48 ਦੀ ਔਸਤ ਨਾਲ 119 ਵਿਕਟਾਂ, ਵਨਡੇ ਵਿਚ 29.63 ਦੀ ਔਸਤ ਨਾਲ 81 ਵਿਕਟਾਂ ਅਤੇ ਟੀ-20 ਵਿਚ 21.41 ਦੀ ਔਸਤ ਨਾਲ 59 ਵਿਕਟਾਂ ਲਈਆਂ ਹਨ। ਉਨ੍ਹਾਂ ਨੇ 2009 ਟੀ-20 ਵਿਸ਼ਵਕਪ ਵਿਚ ਇੰਗਲੈਂਡ ਖ਼ਿਲਾਫ਼ ਟੀ-20 ਮੁਕਾਬਲੇ ਨਾਲ ਅੰਤਰਰਾਸ਼ਟਰੀ ਕ੍ਰਿਕਟ ਵਿਚ ਸ਼ੁਰੂਆਤ ਕੀਤੀ ਸੀ। ਇਸ ਸਾਲ ਉਨ੍ਹਾਂ ਨੂੰ ਵਨਡੇ ਅਤੇ ਟੈਸਟ ਟੀਮ ਵਿਚ ਵੀ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਨੇ 2009 ਟੀ-20 ਵਿਸ਼ਵਕਪ ਦੇ ਫਾਈਨਲ ਮੁਕਾਬਲੇ ਵਿਚ ਸ਼੍ਰੀਲੰਕਾ ਖ਼ਿਲਾਫ਼ ਆਖ਼ਰੀ ਓਵਰ ਪਾਇਆ ਸੀ, ਜਿੱਥੇ ਪਾਕਿਸਤਾਨ ਨੇ ਖ਼ਿਤਾਬੀ ਜਿੱਤ ਹਾਸਲ ਕੀਤੀ ਸੀ।ਸਪਾਟ ਫੀਕਸਿੰਗ ਦੇ ਦੋਸ਼ ਵਿਚ ਉਨ੍ਹਾਂ ’ਤੇ 5 ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਸੀ, ਜਿਸ ਦੇ ਬਾਅਦ 2015 ਵਿਚ ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਵਾਪਸੀ ਕੀਤੀ ਅਤੇ 2017 ਚੈਂਪੀਅਨਜ਼ ਟਰਾਫੀ ਵਿਚ ਆਪਣਾ ਜਲਵਾ ਬਿਖੇਰਿਆ। ਆਮਿਰ ਨੇ 2019 ਵਿਸ਼ਵਕਪ ਵਿਚ ਵੀ ਚੰਗਾ ਪ੍ਰਦਰਸ਼ਨ ਕੀਤਾ ਅਤੇ ਆਪਣੀ ਟੀਮ ਵੱਲੋਂ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਰਹੇ।

PunjabKesari
 

ਇਹ ਵੀ ਪੜ੍ਹੋ : ਸਾਲ 2021 ’ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, RBI ਨੇ ਜਾਰੀ ਕੀਤਾ ਕੈਲੰਡਰ, ਵੇਖੋ ਪੂਰੀ ਲਿਸਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News