ਮਹਿਲਾ ਹਾਕੀ ਵਿਸ਼ਵ ਕੱਪ: ਅੱਜ ਹੋਵੇਗਾ ਭਾਰਤ ਦਾ ਮੁਕਾਬਲਾ ਆਇਰਲੈਂਡ ਨਾਲ
Thursday, Aug 02, 2018 - 03:14 AM (IST)

ਲੰਡਨ— ਭਾਰਤੀ ਮਹਿਲਾ ਹਾਕੀ ਟੀਮ ਵਿਸ਼ਵ ਕੱਪ ਟੂਰਨਾਮੈਂਟ-2018 ਦੇ ਕੁਆਰਟਰ ਫਾਈਨਲ ਮੁਕਾਬਲੇ 'ਚ 'ਜਾਇੰਟ ਕਿੱਲਰ' ਆਇਰਲੈਂਡ ਨੂੰ ਹਰਾ ਕੇ 44 ਸਾਲ ਬਾਅਦ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਉਤਰੇਗੀ। ਭਾਰਤ ਨੇ ਇਟਲੀ ਨੂੰ ਕ੍ਰਾਸਓਵਰ ਮੈਚ ਵਿਚ ਹਰਾ ਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ। ਕੱਲ ਕੁਆਰਟਰ ਫਾਈਨਲ ਵਿਚ ਆਇਰਲੈਂਡ ਨੂੰ ਹਰਾਉਣ ਨਾਲ ਭਾਰਤੀ ਟੀਮ ਦੂਸਰੀ ਵਾਰ ਵਿਸ਼ਵ ਕੱਪ ਦੇ ਅੰਤਿਮ-4 'ਚ ਪਹੁੰਚ ਜਾਵੇਗੀ। ਭਾਰਟੀ ਟੀਮ ਇਸ ਤੋਂ ਪਹਿਲਾਂ 1974 ਵਿਚ ਫਰਾਂਸ ਵਿਚ ਹੋਏ ਵਿਸ਼ਵ ਕੱਪ ਦੌਰਾਨ ਸੈਮੀਫਾਈਨਲ ਵਿਚ ਪਹੁੰਚੀ ਸੀ ਅਤੇ ਟੂਰਨਾਮੈਂਟ ਵਿਚ ਚੌਥੇ ਸਥਾਨ 'ਤੇ ਰਹੀ ਸੀ।
ਅਰਜਨਟੀਨਾ ਦੇ ਰੋਸਾਰੀਓ ਵਿਚ ਪਿਛਲੀ ਵਾਰ ਟੂਰਨਾਮੈਂਟ ਵਿਚ ਭਾਰਤ 8ਵੇਂ ਸਥਾਨ 'ਤੇ ਰਿਹਾ ਸੀ। ਆਇਰਲੈਂਡ ਨੇ ਪਿਛਲੇ ਮੁਕਾਬਲਿਆਂ ਵਿਚ ਭਾਰਤ ਨੂੰ ਹਰਾਇਆ ਹੈ। ਲਿਹਾਜ਼ਾ ਉਸ ਨੂੰ ਮਨੋਵਿਗਿਆਨਕ ਬੜ੍ਹਤ ਹਾਸਲ ਹੋਵੇਗੀ। ਪੂਲ-ਬੀ 'ਚ ਆਇਰਲੈਂਡ ਦੀ ਟੀਮ ਭਾਰਤ ਅਤੇ ਅਮਰੀਕਾ ਵਰਗੀਆਂ ਟੀਮਾਂ ਦੇ ਹੁੰਦਿਆਂ ਚੋਟੀ 'ਤੇ ਰਹੀ ਸੀ। ਆਇਰਲੈਂਡ ਨੇ ਇਥੇ ਪੂਲ ਪੜਾਅ ਵਿਚ ਹਰਾਉਣ ਤੋਂ ਪਹਿਲਾਂ ਭਾਰਤ ਨੂੰ ਪਿਛਲੇ ਸਾਲ ਜੋਹਾਨਸਬਰਗ ਵਿਚ ਹਾਕੀ ਵਿਸ਼ਵ ਕੱਪ ਲੀਗ ਸੈਮੀਫਾਈਨਲ ਵਿਚ 2-1 ਨਾਲ ਹਰਾਇਆ ਸੀ। ਦੁਨੀਆ ਦੀ 16ਵੇਂ ਨੰਬਰ ਦੀ ਟੀਮ ਆਇਰਲੈਂਡ ਨੇ ਅਮਰੀਕਾ ਨੂੰ 3-1 ਅਤੇ ਭਾਰਤ ਨੂੰ 1-0 ਨਾਲ ਹਰਾ ਕੇ ਪਹਿਲਾਂ ਹੀ ਇਤਿਹਾਸ ਰਚ ਦਿੱਤਾ ਹੈ।
ਭਾਰਤੀ ਟੀਮ ਨੇ ਇੰਗਲੈਂਡ ਅਤੇ ਅਮਰੀਕਾ ਨਾਲ 1-1 ਨਾਲ ਡਰਾਅ ਖੇਡਿਆ ਅਤੇ ਆਇਰਲੈਂਡ ਕੋਲੋਂ 0-1 ਨਾਲ ਹਾਰ ਗਈ। ਭਾਰਤ ਨੇ ਅਜੇ ਤਕ ਸਿਰਫ ਇਕ ਜਿੱਤ ਕ੍ਰਾਸਓਵਰ ਮੈਚ ਵਿਚ ਇਟਲੀ ਦੇ ਖਿਲਾਫ (3-0) ਦਰਜ ਕੀਤੀ ਹੈ। ਇਸ ਜਿੱਤ ਨਾਲ ਉਸ ਦਾ ਆਤਮ-ਵਿਸ਼ਵਾਸ ਵਧ ਗਿਆ ਹੈ।