ਮੀਰਾਬਾਈ ਚਾਨੂ ਨੇ ਭਾਰਤੀਆਂ ਦਾ ਸਿਰ ਮਾਣ ਨਾਲ ਕੀਤਾ ਉੱਚਾ, ਵਿਸ਼ਵ ਚੈਂਪੀਅਨਸ਼ਿਪ 'ਚ ਜਿੱਤਿਆ Silver Madel
Wednesday, Dec 07, 2022 - 11:04 AM (IST)
![ਮੀਰਾਬਾਈ ਚਾਨੂ ਨੇ ਭਾਰਤੀਆਂ ਦਾ ਸਿਰ ਮਾਣ ਨਾਲ ਕੀਤਾ ਉੱਚਾ, ਵਿਸ਼ਵ ਚੈਂਪੀਅਨਸ਼ਿਪ 'ਚ ਜਿੱਤਿਆ Silver Madel](https://static.jagbani.com/multimedia/2022_12image_10_45_146486379chanu7.jpg)
ਬੋਗੋਟਾ (ਭਾਸ਼ਾ): ਸਟਾਰ ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਗੁੱਟ ਦੀ ਸੱਟ ਕਾਰਨ ਆਪਣਾ ਸਰਵੋਤਮ ਪ੍ਰਦਰਸ਼ਨ ਨਹੀਂ ਕਰ ਸਕੀ ਪਰ ਫਿਰ ਵੀ ਇੱਥੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਕੁੱਲ 200 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਮਗਾ ਜਿੱਤਣ ਵਿੱਚ ਕਾਮਯਾਬ ਰਹੀ। ਟੋਕੀਓ ਓਲੰਪਿਕ ਦੀ ਚਾਂਦੀ ਦਾ ਤਮਗਾ ਜੇਤੂ ਚਾਨੂ ਨੇ ਮੰਗਲਵਾਰ ਰਾਤ ਨੂੰ 49 ਕਿਲੋਗ੍ਰਾਮ ਵਰਗ ਵਿੱਚ ਮੁਕਾਬਲਾ ਪੇਸ਼ ਕਰਦੇ ਹੋਏ ਸਨੈਚ ਵਿੱਚ 87 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿੱਚ 113 ਕਿਲੋਗ੍ਰਾਮ ਭਾਰ ਚੁੱਕਿਆ।
ਚੀਨ ਦੀ ਜਿਆਂਗ ਹੁਈਹੁਆ ਨੇ ਕੁੱਲ 206 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਮਗਾ ਜਿੱਤਿਆ। ਉਨ੍ਹਾਂ ਨੇ ਸਨੈਚ ਵਿੱਚ 93 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿੱਚ 113 ਕਿਲੋਗ੍ਰਾਮ ਭਾਰ ਚੁੱਕਿਆ। ਉਨ੍ਹਾਂ ਦੀ ਹਮਵਤਨ ਅਤੇ ਟੋਕੀਓ ਓਲੰਪਿਕ ਚੈਂਪੀਅਨ ਹੋਊ ਜ਼ਿਹੁਆ ਨੇ ਕੁੱਲ 198 ਕਿਲੋਗ੍ਰਾਮ (89 ਅਤੇ 109 ਕਿਲੋਗ੍ਰਾਮ) ਭਾਰ ਚੁੱਕ ਕੇ ਕਾਂਸੀ ਦਾ ਤਗਮਾ ਜਿੱਤਿਆ। 2017 ਦੀ ਵਿਸ਼ਵ ਚੈਂਪੀਅਨਸ਼ਿਪ ਦੀ ਜੇਤੂ ਚਾਨੂ ਨੂੰ ਸਤੰਬਰ ਵਿੱਚ ਇੱਕ ਸਿਖਲਾਈ ਸੈਸ਼ਨ ਦੌਰਾਨ ਆਪਣੀ ਗੁੱਟ ਵਿੱਚ ਸੱਟ ਲੱਗ ਗਈ ਸੀ। ਉਨ੍ਹਾਂ ਨੇ ਸੱਟ ਦੇ ਬਾਵਜੂਦ ਅਕਤੂਬਰ ਵਿੱਚ ਨੈਸ਼ਨਲ ਖੇਡਾਂ ਵਿੱਚ ਹਿੱਸਾ ਲਿਆ ਸੀ। ਮਨੀਪੁਰ ਦੀ ਚਾਨੂ ਦਾ ਇਹ ਵਿਸ਼ਵ ਚੈਂਪੀਅਨਸ਼ਿਪ ਵਿੱਚ ਦੂਜਾ ਤਮਗਾ ਹੈ। ਉਨ੍ਹਾਂ ਨੇ 2017 ਵਿੱਚ ਸੋਨ ਤਮਗਾ ਜਿੱਤਿਆ ਸੀ।