ਆਸਟਰੇਲੀਆ ''ਚ ਇਹ ਉਪਲਬਧੀ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਕਪਤਾਨ ਬਣੇ ਵਿਰਾਟ
Wednesday, Jan 16, 2019 - 01:11 PM (IST)

ਐਡੀਲੇਡ— ਆਸਟਰੇਲੀਆ ਖਿਲਾਫ ਮੰਗਲਵਾਰ ਨੂੰ ਖੇਡਿਆ ਗਿਆ ਦੂਜਾ ਵਨ ਡੇ ਮੈਚ ਟੀਮ ਇੰਡੀਆ ਨੇ ਜਿੱਤ ਲਿਆ ਹੈ। ਇਸ ਜਿੱਤ ਨਾਲ ਭਾਰਤ ਨੇ 1-1 ਨਾਲ ਆਸਟਰੇਲੀਆ ਦੀ ਬਰਾਬਰੀ ਕਰ ਲਈ ਹੈ। ਕਪਤਾਨ ਵਿਰਾਟ ਕੋਹਲੀ ਨੇ ਮੈਚ ਦੇ ਦੌਰਾਨ ਸ਼ਾਨਦਾਰ ਪਾਰੀ ਖੇਡੀ ਅਤੇ ਟੀਮ ਇੰਡੀਆ ਨੂੰ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ। ਕੋਹਲੀ ਨੇ ਮੈਚ ਦੇ ਦੌਰਾਨ ਆਪਣੇ ਕੌਮਾਂਤਰੀ ਕਰੀਅਰ ਦਾ 39ਵਾਂ ਵਨ ਡੇ ਸੈਂਕੜਾ ਜੜਿਆ। ਉਨ੍ਹਾਂ ਨੇ ਆਪਣਾ 39ਵਾਂ ਵਨ ਡੇ ਸੈਂਕੜਾ 108 ਗੇਂਦਾਂ 'ਤੇ ਪੂਰਾ ਕੀਤਾ ਅਤੇ ਉਨ੍ਹਾਂ ਨੇ ਇਸ ਦੇ ਨਾਲ ਹੀ ਇਕ ਖਾਸ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ।
ਵਿਰਾਟ ਕੋਹਲੀ ਆਸਟਰੇਲੀਆਈ ਧਰਤੀ 'ਤੇ ਬਤੌਰ ਕਪਤਾਨ ਸੈਂਕੜਾ ਲਾਉਣ ਵਾਲੇ ਪਹਿਲੇ ਭਾਰਤੀ ਕਪਤਾਨ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਕਿਸੇ ਵੀ ਭਾਰਤੀ ਖਿਡਾਰੀ ਨੇ ਬਤੌਰ ਕਪਤਾਨ ਆਸਟਰੇਲੀਆ 'ਚ ਸੈਂਕੜਾ ਨਹੀਂ ਲਾਇਆ ਹੈ। ਇਸ ਤੋਂ ਪਹਿਲਾਂ ਆਸਟਰੇਲੀਆਈ ਧਰਤੀ 'ਤੇ ਕਪਤਾਨੀ ਪਾਰੀਆਂ ਦੀ ਗੱਲ ਕਰੀਏ ਤਾਂ ਸਾਲ 1992 'ਚ ਮੁਹੰਮਦ ਅਜ਼ਹਰੂਦੀਨ ਨੇ ਆਸਟਰੇਲੀਆ ਖਿਲਾਫ 93 ਦੌੜਾਂ ਦੀ ਪਾਰੀ ਖੇਡੀ ਸੀ। ਇਸ ਤੋਂ ਇਲਾਵਾ ਸਚਿਨ ਤੇਂਦੁਲਕਰ ਵੀ ਆਸਟਰੇਲੀਆ 'ਚ ਪਾਕਿਸਤਾਨ ਦੇ ਖਿਲਾਫ ਸਾਲ 2000 'ਚ 93 ਦੌੜਾਂ ਬਣਾ ਚੁੱਕੇ ਹਨ।
ਵਿਰਾਟ ਕੋਹਲੀ ਨੇ ਆਸਟਰੇਲੀਆ 'ਚ ਪਹਿਲਾ ਕਪਤਾਨੀ ਸੈਂਕੜਾ ਲਾ ਕੇ ਸਭ ਤੋਂ ਜ਼ਿਆਦਾ ਕੌਮਾਂਤਰੀ ਸੈਂਕੜੇ ਜੜਨ ਦੇ ਮਾਮਲੇ 'ਚ ਸ਼੍ਰੀਲੰਕਾ ਦੇ ਸਾਬਕਾ ਦਿੱਗਜ ਖਿਡਾਰੀ ਅਤੇ ਕਪਤਾਨ ਕੁਮਾਰ ਸੰਗਕਾਰਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਅਤੇ ਲਿਸਟ 'ਚ ਤੀਜੇ ਸਥਾਨ 'ਤੇ ਕਾਬਜ ਹੋ ਗਏ ਹਨ। ਫਿਲਹਾਲ ਇੰਟਰਨੈਸ਼ਨਲ ਸੈਂਕੜੇ ਦੇ ਮਾਮਲੇ 'ਚ ਵਿਰਾਟ ਕੋਹਲੀ ਤੋਂ ਉੱਪਰ ਸਿਰਫ ਰਿਕੀ ਪੋਂਟਿੰਗ (71 ਸੈਂਕੜੇ) ਅਤੇ ਸਚਿਨ ਤੇਂਦੁਲਕਰ (100 ਸੈਂਕੜੇ) ਹਨ।