ਕਾਰ ਦੇ ਨਾਲ ਟੱਕਰ ਮਾਰ ਕੇ ਕਤਲ ਕਰਨ ਵਾਲੇ 2 ਵਿਅਕਤੀਆਂ ਵਿਰੁੱਧ ਪਰਚਾ, ਛਾਪੇਮਾਰੀ ਜਾਰੀ
Thursday, Jan 08, 2026 - 09:40 PM (IST)
ਦਸੂਹਾ, (ਨਾਗਲਾ, ਝਾਵਰ): ਪੁਲਸ ਨੇ ਸੁੰਡੀਆਂ ਨਜ਼ਦੀਕ ਕਾਰ ਦੇ ਨਾਲ ਟੱਕਰ ਮਾਰ ਕੇ ਕਤਲ ਕਰਨ ਵਾਲੇ 2 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹਾੈ। ਇਸ ਸਬੰਧੀ ਡੀ.ਐਸ.ਪੀ ਬਲਵਿੰਦਰ ਸਿੰਘ ਜੌੜਾ ਅਤੇ ਥਾਣਾ ਮੁਖੀ ਬਲਜਿੰਦਰ ਸਿੰਘ ਮੱਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਵਿੰਦਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਘੋਗਰਾ ਥਾਣਾ ਦਸੂਹਾ ਵੱਲੋਂ ਪੁਲਸ ਨੂੰ ਦਿੱਤੇ ਗਏ ਬਿਆਨ ਅਨੁਸਾਰ ਉਸਦਾ ਬੇਟਾ ਸਿਮਰਜੀਤ ਸਿੰਘ ਉਰਫ ਗੱਗੂ ਅਤੇ ਉਸ ਦਾ ਦੋਸਤ ਹਨੀ ਸਿੰਘ ਪੁੱਤਰ ਬਚਨ ਸਿੰਘ ਵਾਸੀ ਘੋਗਰਾ ਥਾਣਾ ਦਸੂਹਾ 04 ਜਨਵਰੀ ਨੂੰ ਆਪਣੇ ਦੋਸਤ ਦੇ ਮੋਟਰਸਾਇਕਲ ਨੰਬਰ ਪੀ.ਬੀ-21-ਐਫ-6202 ਮਾਰਕਾ ਸਪਲੈਂਡਰ ਪਰ ਸਵਾਰ ਹੋ ਕੇ ਸ਼ਾਮ ਲਗਭਗ 4.30 ਵਜੇ ਪਿੰਡ ਸੂੰਡੀਆ ਰਾਹੀ ਦਸੂਹਾ ਨੂੰ ਜਾ ਰਹੇ ਸੀ ।
ਇਸ ਦੌਰਾਨ ਜਦੋ ਉਸ ਦਾ ਬੇਟਾ ਆਪਣੇ ਦੋਸਤ ਨਾਲ ਐਸ.ਕੇ ਭੱਠੇ ਦੇ ਨਜਦੀਕ ਪੁੱਜੇ ਤਾਂ ਮਾਈਕਰਾ ਕਾਰ ਜਿਸ ਨੂੰ ਦਵਿੰਦਰਪਾਲ ਸਿੰਘ ਪੁੱਤਰ ਭੁਪਿੰਦਰ ਸਿੰਘ ਚੱਲਾ ਰਿਹਾ ਸੀ ਅਤੇ ਇਸ ਦੇ ਨਾਲ ਇਸ ਦਾ ਸਾਲਾ ਅਮਰਜੀਤ ਸਿੰਘ ਪੁੱਤਰ ਜੈ ਪਾਲ ਵਾਸੀ ਪਿੰਡ ਮਹਿਤਪੁਰ ਥਾਣਾ ਮੁਕੇਰੀਆ ਬੈਠਾ ਸੀ। ਜਿਸ ਨੇ ਜਾਣਬੁੱਝ ਕੇ ਉਸਦੇ ਬੇਟੇ ਦੇ ਪਿੱਛੇ ਆਪਣੀ ਕਾਰ ਨਾਲ ਟੱਕਰ ਮਾਰੀ, ਜਿਸ ਨਾਲ ਉਸਦਾ ਲੜਕਾ ਅਤੇ ਉਸਦਾ ਦਾ ਦੋਸਤ ਹਨੀ ਸੜਕ ਵਿਚਕਾਰ ਡਿੱਗ ਪਏ। ਫਿਰ ਦਵਿੰਦਰਪਾਲ ਸਿੰਘ ਨੇ ਉਸ ਦੇ ਲੜਕੇ ਦੇ ਦੋਨੋਂ ਲੱਤਾ ਤੇ ਡਾਟ ਮਾਰੇ ਅਤੇ ਅਮਰਜੀਤ ਸਿੰਘ ਨੇ ਰਾਡ ਨਾਲ ਉਸਦੇ ਬੇਟੇ ਦੇ ਲੱਤਾ ਤੇ ਅਤੇ ਪਸਲੀਆ ਤੇ ਵਾਰ ਕੀਤੇ ਅਤੇ ਬੇਟੇ ਦੇ ਦੋਸਤ ਹਨੀ ਸਿੰਘ ਦੇ ਵੀ ਦੋਨਾ ਨੇ ਆਪਣੇ ਆਪਣੇ ਹਥਿਆਰਾ ਨਾਲ ਵਾਰ ਕੀਤੇ ਅਤੇ ਫਿਰ ਇਹ ਦੋਨੋ ਮੌਕਾ ਤੋਂ ਆਪਣੇ ਹਥਿਆਰਾ ਸਮੇਤ ਆਪਣੀ ਕਾਰ ਤੇ ਫਰਾਰ ਹੋ ਗਏ।
ਘਟਨਾ ਉਪਰੰਤ ਇਹਨਾਂ ਦੋਵਾਂ ਨੂੰ ਜ਼ਖਮੀ ਹਾਲਤ ਵਿੱਚ ਇਲਾਜ ਲਈ ਸਿਵਲ ਹਸਪਤਾਲ ਦਸੂਹਾ ਦਾਖਲ ਕਰਵਾਇਆ। ਮਿਤੀ 07 ਜਨਵਰੀ ਨੂੰ ਮੇਰੇ ਲੜਕੇ ਦੀ ਸਿਹਤ ਅਚਾਨਕ ਬਹੁਤ ਜਿਆਦਾ ਖਰਾਬ ਹੋ ਗਈ, ਜਿਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ। ਪਰ ਜਦੋ ਓਹ ਗਰਨਾ ਸਾਹਿਬ ਅੱਡਾ ਤੋ ਥੋੜਾ ਅੱਗੇ ਪੁੱਜੇ ਤਾਂ ਉਸ ਦਾ ਬੇਟਾ ਸਾਹ ਲੈਣ ਤੋ ਰੁੱਕ ਗਿਆ। ਮੁੜ ਸਿਵਲ ਹਸਪਤਾਲ ਵਿਖੇ ਪਹੁੰਚਣ ਤੇ ਡਾਕਟਰਾਂ ਨੇ ਉਸ ਦੇ ਬੇਟੇ ਨੂੰ ਮ੍ਰਿਤਕ ਘੋਸ਼ਿਤ ਕੀਤਾ। ਥਾਣਾ ਮੁਖੀ ਬਲਜਿੰਦਰ ਸਿੰਘ ਮੱਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਵਿੰਦਰਪਾਲ ਸਿੰਘ ਪੁੱਤਰ ਭੁਪਿੰਦਰ ਸਿੰਘ ਅਤੇ ਅਮਰਜੀਤ ਸਿੰਘ ਪੁੱਤਰ ਜੈ ਪਾਲ ਵਾਸੀ ਪਿੰਡ ਮਹਿਤਪੁਰ ਦੇ ਵਿਰੁੱਧ ਧਾਰਾ 103, 3(5),115(2),117(2),324(4) ਅਧੀਨ ਕੇਸ ਦਰਜ ਕੀਤਾ ਹੈ। ਡੀ ਐਸ ਪੀ ਬਲਵਿੰਦਰ ਸਿੰਘ ਜੌੜਾ ਨੇ ਦੱਸਿਆ ਕਿ ਕਾਤਲਾਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ।
