ਨਵੇਂ ਸਾਲ ਦੇ ਪਹਿਲੇ ਦਿਨ 1 ਲੱਖ ਤੋਂ ਵੱਧ ਸ਼ਰਧਾਲੂ ਤਖ਼ਤ ਪਟਨਾ ਸਾਹਿਬ ਵਿਖੇ ਹੋਏ ਨਤਮਸਤਕ
Friday, Jan 02, 2026 - 12:51 AM (IST)
ਅੰਮ੍ਰਿਤਸਰ (ਸਰਬਜੀਤ) - ਨਵਾਂ ਸਾਲ 2026 ਦੇ ਪਹਿਲੇ ਦਿਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਇਕ ਲੱਖ ਤੋਂ ਵੱਧ ਸ਼ਰਧਾਲੂ ਨਤਮਸਤਕ ਹੋਏ ਅਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੇ ਹੋਏ ਲੰਗਰ ਪ੍ਰਸ਼ਾਦ ਛਕਿਆ।
ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਤਖ਼ਤ ਪਟਨਾ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਅਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਨਵੇਂ ਸਾਲ ਦੇ ਆਗਮਨ ਨੂੰ ਧਿਆਨ ਵਿਚ ਰੱਖਦਿਆਂ ਤਖ਼ਤ ਪਟਨਾ ਸਾਹਿਬ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਵਿਸ਼ੇਸ਼ ਕੀਰਤਨ ਸਮਾਗਮ ਆਯੋਜਿਤ ਕੀਤੇ ਗਏ ਸਨ। ਇਹ ਸਮਾਗਮ ਸ਼ਾਮ ਤੋਂ ਸ਼ੁਰੂ ਹੋ ਕੇ ਰਾਤ 12:15 ਵਜੇ ਤੱਕ ਚੱਲਦੇ ਰਹੇ। ਇਸ ਦੌਰਾਨ ਰਾਗੀ ਸਿੰਘਾਂ ਦੇ ਜਥਿਆਂ ਨੇ ਗੁਰੂ ਦੀ ਇਲਾਹੀ ਬਾਣੀ ਨਾਲ ਸੰਗਤ ਨੂੰ ਨਿਹਾਲ ਕੀਤਾ। ਨਵੇਂ ਸਾਲ ਦੇ ਆਗਮਨ ’ਤੇ ਰਾਤ 12:15 ਵਜੇ ਭੋਗ ਪਾਏ ਗਏ ਅਤੇ ਅਰਦਾਸ ਤੋਂ ਬਾਅਦ ਸਮਾਪਤੀ ਹੋਈ।
ਤਖ਼ਤ ਸਾਹਿਬ ਕਮੇਟੀ ਵੱਲੋਂ ਸੰਗਤ ਦੇ ਆਗਮਨ ਨੂੰ ਦੇਖਦੇ ਹੋਏ ਪੱਕੇ ਪ੍ਰਬੰਧ ਕੀਤੇ ਗਏ ਸਨ। ਤਖ਼ਤ ਪਟਨਾ ਸਾਹਿਬ ਕਮੇਟੀ ਦੇ ਸੁਪਰਿੰਟੈਂਡੈਂਟ ਦਲਜੀਤ ਸਿੰਘ ਤੋਂ ਲੈ ਕੇ ਸਾਰੇ ਮੈਨੇਜਰਾਂ ਅਤੇ ਹੋਰ ਸਟਾਫ ਨੇ ਵਿਵਸਥਾ ਨੂੰ ਸੁਚਾਰੂ ਬਣਾਈ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਬਿਹਾਰ ਪੁਲਿਸ ਪ੍ਰਸ਼ਾਸਨ ਦਾ ਵੀ ਪੂਰਾ ਸਹਿਯੋਗ ਮਿਲਿਆ, ਜਿਸ ਕਾਰਨ ਕੋਈ ਅਪਰੀਅ ਘਟਨਾ ਨਹੀਂ ਵਾਪਰੀ। ਜਗਜੋਤ ਸਿੰਘ ਸੋਹੀ, ਇੰਦਰਜੀਤ ਸਿੰਘ, ਲਖਵਿੰਦਰ ਸਿੰਘ, ਗੁਰਵਿੰਦਰ ਸਿੰਘ, ਹਰਬੰਸ ਸਿੰਘ ਸਮੇਤ ਸਾਰੇ ਮੈਂਬਰਾਂ ਨੇ ਅੰਗਰੇਜ਼ੀ ਨਵੇਂ ਸਾਲ ਦੀ ਸੰਗਤ ਨੂੰ ਵਧਾਈ ਦਿੱਤੀ।
