ਆਖਰੀ ਟੈਸਟ ’ਚੋਂ ਬਾਹਰ ਹੋਇਆ ਵਿਹਾਰੀ, ਜਡੇਜਾ ਦੀ ਜਗ੍ਹਾ ਲੈ ਸਕਦਾ ਹੈ ਇਹ ਖਿਡਾਰੀ
Tuesday, Jan 12, 2021 - 03:29 AM (IST)
ਨਵੀਂ ਦਿੱਲੀ– ਆਸਟਰੇਲੀਆ ਵਿਰੁੱਧ ਟੈਸਟ ਲੜੀ ਵਿਚ ਭਾਰਤ ਦੀਆਂ ਫਿਟਨੈੱਸ ਸਮੱਸਿਆਵਾਂ ਵਧਦੀਆਂ ਜਾ ਰਹੀਆਂ ਹਨ ਤੇ ਸਿਡਨੀ ਵਿਚ ਡਰਾਅ ਰਹੇ ਤੀਜੇ ਟੈਸਟ ਦਾ ਨਾਇਕ ਹਨੁਮਾ ਵਿਹਾਰੀ ਹੈਮਸਟ੍ਰਿੰਗ ਦੀ ਸੱਟ ਕਾਰਣ ਬ੍ਰਿਸਬੇਨ ਵਿਚ ਚੌਥਾ ਟੈਸਟ ਨਹੀਂ ਖੇਡ ਸਕੇਗਾ। ਸਮਝਿਆ ਜਾਂਦਾ ਹੈ ਕਿ ਮੈਚ ਤੋਂ ਬਾਅਦ ਵਿਹਾਰੀ ਨੂੰ ਸਕੈਨ ਲਈ ਲਿਜਾਇਆ ਗਿਆ। ਇਸਦੀ ਰਿਪੋਰਟ ਮੰਗਲਵਾਰ ਨੂੰ ਸ਼ਾਮ ਤਕ ਆਉਣ ਦੀ ਉਮੀਦ ਹੈ। ਬੀ. ਸੀ. ਸੀ.ਆਈ. ਦੇ ਇਕ ਸੂਤਰ ਨੇ ਹਾਲਾਂਕਿ ਦੱਸਿਆ ਕਿ ਵਿਹਾਰੀ ਅਗਲੇ ਮੈਚ ਤਕ ਫਿੱਟ ਨਹੀਂ ਹੋ ਸਕੇ, ਜਿਹੜਾ 15 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ।
ਸੂਤਰ ਨੇ ਕਿਹਾ,‘‘ਸਕੈਨ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਵਿਹਾਰੀ ਦੀ ਸੱਟ ਦੇ ਬਾਰੇ ਵਿਚ ਪਤਾ ਲੱਗ ਸਕੇਗਾ ਪਰ ਗ੍ਰੇਡ ਵਨ ਸੱਟ ਹੋਣ’ਤੇ ਵੀ ਉਸ ਨੂੰ ਚਾਰ ਹਫਤੇ ਬਾਹਰ ਰਹਿਣਾ ਪਵੇਗਾ ਤੇ ਉਸ ਤੋਂ ਬਾਅਦ ਰਿਹੈਬਿਲੀਟੇਸ਼ਨ ਵਿਚੋਂ ਲੰਘਣਾ ਪਵੇਗਾ। ਸਿਰਫ ਬ੍ਰਿਸਬੇਨ ਟੈਸਟ ਹੀ ਨਹੀਂ ਸਗੋਂ ਇੰਗਲੈਂਡ ਵਿਰੁੱਧ ਘਰੇਲੂ ਲੜੀ ਵਿਚੋਂ ਵੀ ਉਹ ਬਾਹਰ ਰਹਿ ਸਕਦਾ ਹੈ।’’
ਵੈਸੇ ਘਰੇਲੂ ਲੜੀ ਵਿਚ ਭਾਰਤੀ ਟੀਮ ਇਕ ਵਾਧੂ ਗੇਂਦਬਾਜ਼ ਨੂੰ ਲੈ ਕੇ ਉਤਰਨਾ ਪਸੰਦ ਕਰਦੀ ਹੈ, ਲਿਹਾਜਾ ਵਿਹਾਰੀ ਦੇ ਆਖਰੀ-11 ਵਿਚ ਚੁਣੇ ਜਾਣ ਦੀ ਸੰਭਾਵਨਾ ਘੱਟ ਹੀ ਸੀ। ਉਸਦੀ ਲੋੜ ਇੰਗਲੈਂਡ ਦੌਰੇ ’ਤੇ ਪਵੇਗੀ ਜਿੱਥੇ ਆਖਰੀ-11 ਵਿਚ ਇਕ ਵਾਧੂ ਬੱਲੇਬਾਜ਼ ਦੀ ਲੋੜ ਹੋਵੇਗੀ। ਵਿਹਾਰ ਦੇ ਬਦਲ ਦੇ ਤੌਰ’ਤੇ ਰਿਧੀਮਾਨ ਸਾਹਾ ਨੂੰ ਵਿਕਟਕੀਪਰ ਦੇ ਤੌਰ’ਤੇ ਅਤੇ ਰਿਸ਼ਭ ਪੰਤ ਨੂੰ ਬੱਲੇਬਾਜ਼ ਦੇ ਤੌਰ ’ਤੇ ਉਤਾਰਿਆ ਜਾ ਸਕਦਾ ਹੈ ਜਾਂ ਮੱਧਕ੍ਰਮ ਵਿਚ ਮਯੰਕ ਅਗਰਵਾਲ ਨੂੰ ਜਗ੍ਹਾ ਦਿੱਤੀ ਜਾ ਸਕਦੀ ਹੈ। ਉਥੇ ਹੀ ਬ੍ਰਿਸਬੇਨ ਵਿਚ ਰਵਿੰਦਰ ਜਡੇਜਾ ਦੀ ਜਗ੍ਹਾ ਸ਼ਾਰਦੁਲ ਠਾਕੁਰ ਲੈ ਸਕਦਾ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।