ਭਾਰਤੀ ਵੇਟਲਿਫਟਰਾਂ ਦੀ ਕਾਮਯਾਬੀ ਦਾ ਰਾਜ਼ : ਹਰ ਸਾਲ 500 ਤੋਂ ਜ਼ਿਆਦਾ ਡੋਪ ਟੈਸਟ

04/10/2018 10:33:00 AM

ਗੋਲਡ ਕੋਸਟ (ਭਾਸ਼ਾ)— ਹਰ ਸਾਲ 500 ਤੋਂ ਜ਼ਿਆਦਾ ਡੋਪ ਟੈਸਟ, ਵਿਸ਼ੇਸ਼ ਖੁਰਾਕ ਅਤੇ ਜਰਮਨੀ ਤੋਂ ਆਏ ਪੋਸ਼ਕ ਸਪਲੀਮੈਂਟ ਰਾਸ਼ਟਰਮੰਡਲ ਖੇਡਾਂ 2018 ਵਿੱਚ ਪੰਜ ਸੋਨ ਤਮਗੇ ਜਿੱਤਣ ਵਾਲੇ ਭਾਰਤੀ ਵੇਟਲਿਫਟਰਾਂ ਦੀ ਸਫਲਤਾ ਦਾ ਰਾਜ ਹੈ  । ਭਾਰਤੀ ਵੇਟਲਿਫਟਰ ਟੀਮ ਪੰਜ ਸੋਨੇ, ਦੋ ਚਾਂਦੀ ਅਤੇ ਦੋ ਕਾਂਸੀ ਤਮਗੇ ਲੈ ਕੇ ਕੱਲ ਆਪਣੇ ਦੇਸ਼ ਪਰਤੇਗੀ । ਇਸ ਖੇਡ ਵਿੱਚ ਭਾਰਤ ਤਮਗਾ ਸੂਚੀ ਵਿੱਚ ਅੱਵਲ ਰਿਹਾ । ਖੇਡਾਂ ਦੇ ਦੌਰਾਨ ਆਲਟਾਈਮ ਫਿਜ਼ੀਓ ਨਾਲ ਨਹੀਂ ਹੋਣ ਦੇ ਬਾਵਜੂਦ ਭਾਰਤੀ ਵੇਟਲਿਫਟਰਾਂ ਦਾ ਇਹ ਸ਼ਾਨਦਾਰ ਪ੍ਰਦਰਸ਼ਨ ਹੈ । ਅਭਿਆਸ ਸੈਸ਼ਨ ਦੇ ਦੌਰਾਨ ਹਰ ਵੇਟਲਿਫਟਰ ਦੇ ਕੋਲ ਕੋਚ ਨਹੀਂ ਸੀ ਕਿਉਂਕਿ ਨਾਲ ਆਏ ਕੋਚ ਰੋਜ਼ਾਨਾ ਮੁਕਾਬਲੇ ਵਾਲੀ ਥਾਂ 'ਤੇ ਰਹਿੰਦੇ ਸਨ । 

ਭਾਰਤ ਦੇ ਰਾਸ਼ਟਰੀ ਕੋਚ ਵਿਜੇ ਸ਼ਰਮਾ ਨੇ ਕਿਹਾ, ''ਇਸ ਪ੍ਰਦਰਸ਼ਨ ਦੇ ਪਿੱਛੇ ਪਿਛਲੇ ਚਾਰ ਸਾਲ ਦੀ ਮਿਹਨਤ ਹੈ । ਅਸੀਂ ਟਰੇਨਿੰਗ ਦੇ ਤਰੀਕਿਆਂ ਵਿੱਚ ਬਦਲਾਅ ਕੀਤੇ ਅਤੇ ਖਿਡਾਰੀਆਂ ਦੇ ਖਾਣ ਪੀਣ ਵਿੱਚ ਵੀ ।'' ਉਨ੍ਹਾਂ ਨੇ ਕਿਹਾ, ''ਸਾਈ ਦੀ ਮੇਸ ਵਿੱਚ ਹਰ ਖਿਡਾਰੀ ਲਈ ਇਕੋ ਤਰ੍ਹਾਂ ਦਾ ਖਾਣਾ ਹੁੰਦਾ ਹੈ ਪਰ ਵੱਖ ਵੱਖ ਖੇਡਾਂ ਵਿੱਚ ਵੱਖ ਖੁਰਾਕ ਦੀ ਜ਼ਰੂਰਤ ਹੁੰਦੀ ਹੈ । ਅਸੀਂ ਵੱਖ ਖੁਰਾਕ ਮੰਗੀ ਜਿਸ ਵਿੱਚ ਜਰਮਨੀ ਤੋਂ ਆਏ ਪੋਸ਼ਕ ਸਪਲੀਮੈਂਟ ਅਤੇ ਵਿਸ਼ੇਸ਼ ਖੁਰਾਕ ਅਰਥਾਤ ਮਟਨ ਅਤੇ ਪੋਰਕ ਸ਼ਾਮਿਲ ਸਨ ।'' ਭਾਰਤ ਲਈ ਮੀਰਾਬਾਈ ਚਾਨੂ (48 ਕਿਲੋ), ਸੰਜੀਤਾ ਚਾਨੂ (53 ਕਿੱਲੋ), ਸਤੀਸ਼ ਸ਼ਿਵਾਲਿੰਗਮ (  77 ਕਿਲੋ), ਆਰ ਵੈਂਕਟ ਰਾਹੁਲ (85 ਕਿਲੋ) ਅਤੇ ਪੂਨਮ ਯਾਦਵ (69 ਕਿਲੋ) ਨੇ ਸੋਨ ਤਮਗੇ ਜਿੱਤੇ ਜਦੋਂਕਿ ਪੀ. ਗੁਰੂਰਾਜਾ (56 ਕਿਲੋ) ਅਤੇ ਪ੍ਰਦੀਪ ਸਿੰਘ (105 ਕਿਲੋ) ਨੂੰ ਚਾਂਦੀ ਦੇ ਤਮਗੇ ਮਿਲੇ  । ਵਿਕਾਸ ਠਾਕੁਰ (94 ਕਿਲੋ) ਅਤੇ ਦੀਪਕ ਲਾਠੇਰ (69 ਕਿਲੋ)  ਨੇ ਕਾਂਸੀ ਤਮਗੇ ਜਿੱਤੇ  ।    

ਸ਼ਰਮਾ ਨੇ ਕਿਹਾ, ''ਇਨ੍ਹਾਂ ਬੱਚਿਆਂ ਨੇ ਪਿਛਲੇ ਚਾਰ ਸਾਲਾਂ ਵਿੱਚ ਰਾਸ਼ਟਰੀ ਕੈਂਪ ਤੋਂ 10-12 ਦਿਨ ਤੋਂ ਜ਼ਿਆਦਾ ਦੀ ਛੁੱਟੀ ਨਹੀਂ ਲਈ । ਇੰਨੀ ਅਨੁਸ਼ਾਸ਼ਤ ਇਨ੍ਹਾਂ ਦੀ ਟਰਨਿੰਗ ਰਹੀ ।'' ਕੋਚ ਨੇ ਇਹ ਵੀ ਕਿਹਾ ਕਿ ਡੋਪਿੰਗ ਤੋਂ ਨਜਿੱਠਣ ਲਈ ਵੀ ਸਖਤ ਕਦਮ ਚੁੱਕੇ ਗਏ । ਉਨ੍ਹਾਂ ਨੇ ਕਿਹਾ,  ''ਅਸੀਂ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਦੀ ਮਦਦ ਨਾਲ ਹਰ ਸਾਲ 500 ਤੋਂ ਜ਼ਿਆਦਾ ਡੋਪ ਟੈਸਟ ਕੀਤੇ । ਤੁਸੀਂ ਰਿਕਾਰਡ ਵੇਖ ਸਕਦੇ ਹੋ । ਅਸੀਂ ਡੋਪਿੰਗ ਨੂੰ ਲੈ ਕੇ ਖਿਡਾਰੀਆਂ  ਦੇ ਮਨ ਵਿੱਚ ਡਰ ਪੈਦਾ ਕੀਤਾ ।'' ਉਨ੍ਹਾਂ ਨੇ ਕਿਹਾ, ''ਖਿਡਾਰੀ ਧੋਖਾ ਕਿਉਂ ਕਰਦੇ ਹਨ ਕਿਉਂਕਿ ਉਨ੍ਹਾਂ ਦੀ ਖੁਰਾਕ ਚੰਗੀ ਨਹੀਂ ਹੁੰਦੀ । ਅਸੀਂ ਉਨ੍ਹਾਂ ਦੀ ਖੁਰਾਕ ਦਾ ਪੂਰਾ ਧਿਆਨ ਰੱਖਿਆ ।''    


Related News