ਇਟਲੀ ''ਚ ਸਾਲ 2024 ''ਚ ਹੁਣ ਤੱਕ 500 ਦੇ ਕਰੀਬ ਕਾਮਿਆਂ ਦੀ ਗਈ ਜਾਨ
Saturday, Jun 22, 2024 - 05:12 PM (IST)
ਰੋਮ (ਦਲਵੀਰ ਕੈਂਥ)- ਇਟਲੀ ਵਿਚ ਕੰਮਾਕਾਰਾਂ ਦੌਰਾਨ ਕਾਮਿਆਂ ਨਾਲ ਹੋ ਰਹੇ ਹਾਦਸੇ ਰੁੱਕਣ ਦਾ ਨਾਮ ਨਹੀਂ ਲੈ ਰਹੇ। ਜਿਸ ਲਈ ਮੌਜੂਦਾ ਸਰਕਾਰ ਨੂੰ ਗੰਭੀਰਤਾ ਨਾਲ ਵਿਚਾਰ ਕਰਨ ਦੀ ਅਹਿਮ ਜ਼ਰੂਰਤ ਹੈ। ਇਟਲੀ ਦੇ ਲਾਸੀਓ ਸੂਬੇ ਦੇ ਲਾਤੀਨਾ ਇਲਾਕੇ 'ਚ ਹੋਈ ਭਾਰਤੀ ਸਤਨਾਮ ਸਿੰਘ ਦੀ ਕੰਮ ਦੌਰਾਨ ਹਾਦਸੇ ਤੋਂ ਬਆਦ ਹੋਈ ਮੌਤ ਨਾਲ ਭੱਖਿਆ ਮਾਮਲਾ ਹਾਲੇ ਠੰਡਾ ਨਹੀ ਪਿਆ ਕਿ ਕੱਲ੍ਹ ਲੰਬਾਰਦੀਆ ਸੂਬੇ ਦੇ ਮਾਨਤੋਵਾ ਜ਼ਿਲ੍ਹੇ 'ਚ ਇਕ ਇਟਾਲੀਅਨ ਕਾਮੇ ਮੀਰਕੋ (34) ਦੀ ਰੋਲਰ ਮਸ਼ੀਨ 'ਚ ਬਾਂਹ ਫਸਣ ਨਾਲ ਮੌਤ ਹੋ ਗਈ। ਮੀਰਕੋ ਫਾਈਬਰ ਗਲਾਸ ਫੈਕਟਰੀ 'ਚ ਕੰਮ ਕਰਦਾ ਸੀ ਅਤੇ ਉਸ ਦੀ ਰੋਲਰ ਮਸ਼ੀਨ ਵਿਚ ਬਾਂਹ ਫਸ ਜਾਣ ਕਾਰਨ ਦਰਦਨਾਕ ਮੌਤ ਹੋ ਗਈ ਹੈ। ਘਟਨਾ ਮੌਕੇ ਹੋਰ ਕਾਮਿਆਂ ਨੇ ਜਦੋਂ ਮਸ਼ੀਨ ਦੀ ਲਪੇਟ 'ਚ ਆਏ ਮੀਰਕੋ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ, ਕਿਉਂਕਿ ਰੋਲਰ ਮਸ਼ੀਨ ਨੇ ਉਸ ਨੂੰ ਚੰਗੀ ਤਰ੍ਹਾਂ ਕੁਚਲ ਦਿੱਤਾ ਸੀ। ਜਿਸ ਕਾਰਨ ਮੀਰਕੋ ਦੀ ਘਟਨਾ ਵਾਲੀ ਜਗ੍ਹਾ ਹੀ ਮੌਤ ਹੋ ਗਈ। ਇਸ ਤਰ੍ਹਾਂ ਹੀ ਬੀਤੇ ਦਿਨ ਲੰਬਾਰਦੀਆ ਸੂਬੇ 'ਚ ਇਕ ਹੋਰ ਇਟਾਲੀਅਨ ਨੌਜਵਾਨ ਪਿਅਰਪਾਓਲੋ (18) ਦੀ ਖੇਤੀਬਾੜੀ ਦਾ ਕੰਮ ਕਰਦੇ ਹੋਏ, ਉਦੋਂ ਮੌਤ ਹੋ ਗਈ ਜਦੋਂ ਉਹ ਕਿਸੇ ਫ਼ਸਲ ਨੂੰ ਬੀਜ ਰਿਹਾ ਸੀ ਕਿ ਮਸ਼ੀਨ ਦਾ ਇੱਕ ਹਿੱਸਾ ਟੁੱਟ ਜਾਂਦਾ ਹੈ। ਮਸ਼ੀਨ ਹੇਠਾਂ ਆਉਣ ਨਾਲ ਪਿਅਰਪਾਓਲੋ ਦੀ ਵੀ ਦਰਦਨਾਕ ਮੌਤ ਹੋ ਜਾਂਦੀ ਹੈ।
ਪਿਛਲੇ ਇਕ ਹਫ਼ਤੇ 'ਚ ਕੰਮਾਂ ਦੌਰਾਨ 3 ਕਾਮਿਆਂ ਦੀ ਦਰਦਨਾਕ ਮੌਤ ਇਟਲੀ ਦੇ ਕਾਮਿਆਂ ਦੀ ਸੁਰੱਖਿਆ ਪ੍ਰਣਾਲੀ ਲਈ ਚੁਣੌਤੀ ਹੈ। ਜਿਸ ਦੀ ਗੂੰਜ ਇਟਲੀ ਦੇ ਇਨਸਾਫ਼ ਪਸੰਦ ਲੋਕਾਂ ਵੱਲੋਂ ਸੰਸਦ ਤੱਕ ਗੂੰਜਣ ਲਗਾ ਦਿੱਤੀ ਹੈ। ਭਾਰਤੀ ਸਤਨਾਮ ਸਿੰਘ ਦੀ ਕੰਮ ਦੌਰਾਨ ਜ਼ਖ਼ਮੀ ਹੋਣ ਤੋਂ ਬਆਦ ਕੰਮ ਮਾਲਕ ਦੀ ਕਰੂਰਤਾ ਨਾਲ ਹੋਈ ਮੌਤ ਇਕ ਉਸ ਜਵਾਲਾ ਮੁੱਖੀ ਦੀ ਤਰ੍ਹਾਂ ਸਾਬਤ ਹੋ ਰਹੀ ਹੈ ਜਿਸ ਦਾ ਸੇਕ ਇਟਲੀ ਦਾ ਹਰ ਬੰਦਾ ਮਹਿਸੂਸ ਕਰ ਰਿਹਾ ਹੈ। ਬੇਸ਼ੱਕ ਇਟਲੀ ਇਕ ਉੱਨਤ ਦੇਸ਼ ਯੂਰਪੀਅਨ ਦੇਸ਼ ਹੈ, ਜਿਹੜਾ ਆਪਣੇ ਗੌਰਵਮਈ ਇਤਿਹਾਸ ਅਤੇ ਹੋਰ ਅਨੇਕਾਂ ਖੂਬੀਆਂ ਨਾਲ ਮਾਲੋ-ਮਾਲ ਹੈ ਪਰ ਇਸ ਦੇ ਬਾਵਜੂਦ ਇੱਥੇ ਕੰਮ ਕਰਨ ਵਾਲਿਆਂ ਕਾਮਿਆਂ ਦੀ ਸੁਰੱਖਿਆ ਕੰਮ ਦੌਰਾਨ ਨਾ ਦੇ ਬਰਾਬਾਰ ਪ੍ਰਤੀਕ ਹੁੰਦੀ ਹੈ। ਕਿਉਂਕਿ ਸੰਨ 2023 ਵਿਚ ਹੋਏ ਸਰਵੇ ਤੋਂ ਇਹ ਗੱਲ ਸਾਾਹਮਣੇ ਆਈ ਹੈ ਕਿ ਕੰਮ ਦੌਰਾਨ 1000 ਹਜ਼ਾਰ ਤੋਂ ਵੱਧ ਕਾਮਿਆਂ ਦੀ ਮੌਤ ਕੰਮ ਕਰਦਿਆਂ ਹੋਈ ਹੈ। ਇਸ ਸਾਲ 'ਚ ਵੀ ਹੁਣ ਤੱਕ ਸਿਰਫ਼ 6 ਮਹੀਨਿਆਂ 'ਚ ਇਟਲੀ ਭਰ 'ਚ 492 ਕਾਮੇ ਕੰਮਾਂ ਦੌਰਾਨ ਵਾਪਰੇ ਹਾਦਸੇ ਮੌਕੇ ਸੁਰੱਖਿਆ ਪ੍ਰਬੰਧ ਨਾ ਹੋਣ ਕਾਰਨ ਜਾਨ ਗੁਆ ਚੁੱਕੇ ਹਨ। ਜਿਨ੍ਹਾਂ 'ਚ ਪ੍ਰਵਾਸੀਆਂ 'ਚੋਂ ਸਤਨਾਮ ਸਿੰਘ ਕੰਮ ਦੌਰਾਨ ਮਰਨ ਵਾਲਾ 100ਵਾਂ ਵਿਦੇਸ਼ੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e