500 ਸਾਲ ਪੁਰਾਣੀ ਕਾਂਸੀ ਦੀ ਮੂਰਤੀ ਭਾਰਤ ਨੂੰ ਵਾਪਸ ਕਰੇਗੀ ਆਕਸਫੋਰਡ ਯੂਨੀਵਰਸਿਟੀ

06/12/2024 12:42:17 AM

ਲੰਡਨ, (ਭਾਸ਼ਾ)- ਬ੍ਰਿਟੇਨ ਦੀ ਵੱਕਾਰੀ ਆਕਸਫੋਰਡ ਯੂਨੀਵਰਸਿਟੀ ਨੇ ਭਾਰਤ ਨੂੰ ਇਕ ਸੰਤ ਦੀ 500 ਸਾਲ ਪੁਰਾਣੀ ਕਾਂਸੀ ਦੀ ਮੂਰਤੀ ਵਾਪਸ ਕਰਨ ਲਈ ਸਹਿਮਤੀ ਪ੍ਰਗਟਾਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਮੂਰਤੀ ਤਾਮਿਲਨਾਡੂ ਦੇ ਇਕ ਮੰਦਰ ਤੋਂ ਚੋਰੀ ਹੋਈ ਸੀ।

ਯੂਨੀਵਰਸਿਟੀ ਦੇ ਅਸ਼ਮੋਲੀਅਨ ਮਿਊਜ਼ੀਅਮ ਵੱਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ 11 ਮਾਰਚ, 2024 ਨੂੰ ਆਕਸਫੋਰਡ ਯੂਨੀਵਰਸਿਟੀ ਦੀ ਕੌਂਸਲ ਨੇ ਅਸ਼ਮੋਲੀਅਨ ਮਿਊਜ਼ੀਅਮ ਤੋਂ ਸੰਤ ਤਿਰੂਮੰਕਾਈ ਅਲਵਰ ਦੀ 16ਵੀਂ ਸਦੀ ਦੀ ਕਾਂਸੀ ਦੀ ਮੂਰਤੀ ਦੀ ਵਾਪਸੀ ਲਈ ਭਾਰਤੀ ਹਾਈ ਕਮਿਸ਼ਨ ਦੇ ਦਾਅਵੇ ਦਾ ਸਮਰਥਨ ਕੀਤਾ।

ਸੰਤ ਤਿਰੂਮੰਕਾਈ ਅਲਵਰ ਦੀ 60 ਸੈਂਟੀਮੀਟਰ ਉੱਚੀ ਮੂਰਤੀ ਨੂੰ 1967 ’ਚ ਡਾ. ਜੇ. ਆਰ. ਬੇਲਮੋਂਟ (1886-1981) ਨਾਮੀ ਇਕ ਮਿਊਜ਼ੀਅਮ ਦੇ ਵਰਕਰ ਤੋਂ ਆਕਸਫੋਰਡ ਯੂਨੀਵਰਸਿਟੀ ਦੇ ਅਸ਼ਮੋਲੀਅਨ ਮਿਊਜ਼ੀਅਮ ਵੱਲੋਂ ਪ੍ਰਾਪਤ ਕੀਤਾ ਗਿਆ ਸੀ। ਇਹ ਮੂਰਤੀ ਸੋਥਬੀ ਦੀ ਨਿਲਾਮੀ ਤੋਂ ਪ੍ਰਾਪਤ ਕੀਤੀ ਗਈ ਸੀ।

ਮਿਊਜ਼ੀਅਮ ਦਾ ਕਹਿਣਾ ਹੈ ਕਿ ਪਿਛਲੇ ਸਾਲ ਨਵੰਬਰ ’ਚ ਇਕ ਸੁਤੰਤਰ ਖੋਜਕਰਤਾ ਨੇ ਇਸ ਪ੍ਰਾਚੀਨ ਮੂਰਤੀ ਬਾਰੇ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਮੂਰਤੀ ਬਾਰੇ ਭਾਰਤੀ ਹਾਈ ਕਮਿਸ਼ਨ ਨੂੰ ਜਾਣਕਾਰੀ ਦਿੱਤੀ।


Rakesh

Content Editor

Related News