ਡਾਕਟਰਾਂ ਦੀ ਵੱਡੀ ਕਾਮਯਾਬੀ : ਮਿਰਗੀ ਦੇ ਦੌਰੇ ਰੋਕਣ ਲਈ 13 ਸਾਲ ਦੇ ਬੱਚੇ ਦੇ ਸਿਰ ''ਚ ਲਗਾਈ ਗਈ ਡਿਵਾਈਸ
Wednesday, Jun 26, 2024 - 12:18 PM (IST)
ਲੰਡਨ- ਬ੍ਰਿਟੇਨ ਦੇ ਡਾਕਟਰਾਂ ਨੇ ਇਕ ਵੱਡਾ ਕਾਰਨਾਮਾ ਕਰ ਦਿਖਾਇਆ ਹੈ। ਦੁਨੀਆ 'ਚ ਪਹਿਲੀ ਵਾਰ ਬ੍ਰਿਟੇਨ 'ਚ ਇਕ 13 ਸਾਲ ਦੇ ਬੱਚੇ ਦੇ ਦਿਮਾਗ 'ਚ ਅਜਿਹਾ ਡਿਵਾਈਸ ਫਿੱਟ ਕੀਤਾ ਗਿਆ, ਜੋ ਮਿਰਗੀ ਦੇ ਦੌਰੇ ਨੂੰ ਰੋਕਣ 'ਚ 80 ਫੀਸਦੀ ਤੱਕ ਅਸਰਦਾਰ ਹੈ। ਸਰਜਰੀ ਦੌਰਾਨ ਉਸ ਦੀ ਖੋਪੜੀ ਵਿਚ ਨਿਊਰੋਸਟਿਮੂਲੇਟਰ ਨਾਂ ਦਾ ਇਕ ਡਿਵਾਈਸ ਲਗਾਇਆ ਗਿਆ ਸੀ, ਜੋ ਦਿਮਾਗ ਨੂੰ ਸਿਗਨਲ ਭੇਜਦਾ ਹੈ। ਇਹ ਮਿਰਗੀ ਦੇ ਮਰੀਜ਼ਾਂ ਲਈ ਉਮੀਦ ਦੀ ਇਕ ਨਵੀਂ ਕਿਰਨ ਹੈ। 'ਦਿ ਗਾਰਡੀਅਨ' ਦੀ ਰਿਪੋਰਟ ਮੁਤਾਬਕ ਓਰਾਨ ਨਾਲਸਨ ਨਾਂ ਦਾ ਬੱਚਾ ਲੇਨੋਕਸ-ਗੈਸਟੌਟ ਸਿੰਡਰੋਮ ਨਾਮਕ ਮਿਰਗੀ ਨਾਲ ਪੀੜਤ ਹੈ। ਤਿੰਨ ਸਾਲ ਦੀ ਉਮਰ ਤੋਂ ਉਸ ਨੂੰ ਰੋਜ਼ਾਨਾ ਦੌਰੇ ਪੈ ਰਹੇ ਸਨ। ਉਸਦੀ ਮਾਂ ਜਸਟਿਨ ਨਾਲਸਨ ਨੇ ਕਿਹਾ ਕਿ ਦੌਰੇ ਦੌਰਾਨ, ਓਰਾਨ ਕਦੇ ਜ਼ਮੀਨ 'ਤੇ ਡਿੱਗ ਜਾਂਦਾ ਸੀ, ਕਦੇ ਹਿੰਸਕ ਢੰਗ ਨਾਲ ਕੰਬਣਾ ਸ਼ੁਰੂ ਕਰ ਦਿੰਦਾ ਸੀ ਅਤੇ ਕਦੇ ਬੇਹੋਸ਼ ਹੋ ਜਾਂਦਾ ਸੀ। ਕਈ ਵਾਰ ਉਸ ਦਾ ਸਾਹ ਉਖੜਨ ਲੱਗਦਾ ਸੀ। ਹੋਸ਼ 'ਚ ਲਿਆਉਣ ਲਈ ਉਸ ਨੂੰ ਐਮਰਜੈਂਸੀ ਪਿਲਸ ਦੀ ਲੋੜ ਸੀ ਪਰ ਸਰਜਰੀ ਤੋਂ ਬਾਅਦ ਉਸ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੋ ਗਈ ਹੈ।
ਇਹ ਵੀ ਪੜ੍ਹੋ : ਇਹ ਹਨ ਦੁਨੀਆ ਦੀਆਂ 6 ਸਭ ਤੋਂ ਬਜ਼ੁਰਗ ਭੈਣਾਂ, ਵਿਸ਼ਵ ਰਿਕਾਰਡ 'ਚ ਦਰਜ ਹੋਇਆ ਨਾਂ
ਨਿਊਰੋਸਰਜਨ ਮਾਰਟਿਨ ਟਿਸਡਲ ਦੀ ਅਗਵਾਈ ਵਾਲੀ ਟੀਮ ਨੇ ਸਰਜਰੀ ਦੌਰਾਨ ਓਰਾਨ ਦੇ ਸਕਲ ਦੀ ਖ਼ਾਲੀ ਜਗ੍ਹਾ 'ਚ ਪੇਚ ਨਾਲ ਇਕ ਨਿਊਰੋਸਟਿਮੂਲੇਟਰ ਫਿੱਟ ਕੀਤਾ। ਇਸ ਨਾਲ ਜੁੜੇ 2 ਇਲੈਕਟ੍ਰੋਡ ਦਿਮਾਗ ਤੱਕ ਪਹੁੰਚਾਏ ਗਏ। ਸਰਜਰੀ ਤੋਂ ਬਾਅਦ ਡਿਵਾਈਸ ਚਾਲੂ ਕਰ ਦਿੱਤਾ ਗਿਆ ਸੀ। ਇਸ ਨੂੰ ਰੀਚਾਰਜ ਕੀਤਾ ਜਾ ਸਕਦਾ ਹੈ। ਅਸਾਧਾਰਨ ਦਿਮਾਗੀ ਗਤੀਵਿਧੀ ਕਾਰਨ ਮਿਰਗੀ ਦੇ ਦੌਰੇ ਪੈਂਦੇ ਹਨ। ਇਹ ਡਿਵਾਈਸ ਅਜਿਹੀਆਂ ਗਤੀਵਿਧੀਆਂ ਨੂੰ ਕੰਟਰੋਲ ਕਰਦੀ ਹੈ। ਲੰਡਨ ਦੇ ਗ੍ਰੇਟ ਆਰਮੰਡ ਸਟ੍ਰੀਟ ਹਸਪਤਾਲ 'ਚ ਇਹ ਸਰਜਰੀ ਪ੍ਰੀਖਣ ਵਜੋਂ ਕੀਤੀ ਗਈ। ਓਰਾਨ ਨਾਲਸਨ ਇਸ ਪ੍ਰੀਖਣ ਦਾ ਹਿੱਸਾ ਬਣਨ ਵਾਲਾ ਦੁਨੀਆ ਦਾ ਪਹਿਲਾ ਮਰੀਜ਼ ਬਣ ਗਿਆ ਹੈ। ਹੁਣ ਉਸ ਨੂੰ ਦੌਰੇ ਘੱਟ ਆਉਂਦੇ ਹਨ। ਉਹ ਪਸੰਦ ਦੇ ਹਰ ਕੰਮ ਕਰ ਪਾਉਂਦਾ ਹੈ। ਉਹ ਅਟੈਂਸ਼ਨ-ਡੈਫਿਸਿਟ ਹਾਈਪਰਐਕਟੀਵਿਟੀ ਡਿਸਆਰਡਰ ਅਤੇ ਆਟਿਜ਼ਮ (ਸੰਚਾਰ 'ਚ ਕਠਿਨਾਈ) ਨਾਲ ਪੀੜਤ ਹੈ ਪਰ ਉਸ ਦੀ ਮਾਂ ਮਿਰਗੀ ਨੂੰ ਬੱਚੇ ਦੀ ਸਭ ਤੋਂ ਵੱਡੀ ਰੁਕਾਵਟ ਮੰਨਦੀ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e