ਸਚਿਨ ਨੇ 10 ਸਾਲ ਪਹਿਲਾਂ ਅੱਜ ਦੇ ਹੀ ਦਿਨ ਬਣਾਇਆ ਸੀ ਸੈਂਕੜਿਆਂ ਦਾ ਸੈਂਕੜਾ, ਰਿਕਾਰਡ ਟੁੱਟਣਾ ਲਗਦਾ ਹੈ ਅਸੰਭਵ

Wednesday, Mar 16, 2022 - 07:30 PM (IST)

ਸਚਿਨ ਨੇ 10 ਸਾਲ ਪਹਿਲਾਂ ਅੱਜ ਦੇ ਹੀ ਦਿਨ ਬਣਾਇਆ ਸੀ ਸੈਂਕੜਿਆਂ ਦਾ ਸੈਂਕੜਾ, ਰਿਕਾਰਡ ਟੁੱਟਣਾ ਲਗਦਾ ਹੈ ਅਸੰਭਵ

ਸਪੋਰਟਸ ਡੈਸਕ- ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਨਾਂ ਕੌਣ ਨਹੀਂ ਜਾਣਦਾ। ਮੁੰਬਈ ਦੇ ਇਸ ਧਾਕੜ ਨੇ ਕ੍ਰਿਕਟ ਦੇ ਇਤਿਹਾਸ 'ਚ ਅਜਿਹੇ-ਅਜਿਹੇ ਰਿਕਾਰਡ ਬਣਾਏ ਜਿਨ੍ਹਾਂ ਤਕ ਪੁੱਜਣਾ ਅਸੰਭਵ ਨਜ਼ਰ ਆਉਂਦਾ ਹੈ। ਅੱਜ 16 ਮਾਰਚ ਹੈ। ਠੀਕ 10 ਸਾਲ ਪਹਿਲਾ 2012 'ਚ ਸਚਿਨ ਨੇ ਸੈਂਕੜਿਆਂ ਦਾ ਸੈਂਕੜਾ ਲਗਾ ਕੇ ਇਤਿਹਾਸ ਰਚ ਦਿੱਤਾ ਸੀ। ਏਸ਼ੀਆ ਕੱਪ 2012 'ਚ ਸਚਿਨ ਨੇ ਬੰਗਲਾਦੇਸ਼ ਦੇ ਖਿਲਾਫ਼ ਮੈਚ ਦੇ ਦੌਰਾਨ 49ਵਾਂ ਵਨ-ਡੇ ਸੈਂਕੜਾ ਪੂਰਾ ਕੀਤਾ। ਇਸ ਦੇ ਨਾਲ ਹੀ ਕੌਮਾਂਤਰੀ ਕ੍ਰਿਕਟ 'ਚ ਉਨ੍ਹਾਂ ਦੇ ਨਾਂ 100 ਸੈਂਕੜੇ ਹੋ ਗਏ।

100ਵੇਂ ਸੈਂਕੜੇ ਲਈ ਕੀਤਾ ਇਕ ਸਾਲ ਦਾ ਇੰਤਜ਼ਾਰ
ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਨੇ ਆਪਣਾ 99ਵਾਂ ਸੈਂਕੜਾ ਇਕ ਸਾਲ ਪਹਿਲਾਂ 2011 'ਚ ਵਿਸ਼ਵ ਕੱਪ ਦੇ ਦੌਰਾਨ ਲਗਾਇਆ ਸੀ। ਡੈਬਿਊ ਦੇ 22 ਸਾਲ ਬਾਅਦ ਸਚਿਨ ਸਾਲ 2011 'ਚ ਆਪਣਾ ਪਹਿਲਾ ਵਿਸ਼ਵ ਕੱਪ ਜਿੱਤ ਸਕੇ। ਸਾਊਥ ਅਫਰੀਕਾ ਦੇ ਖ਼ਿਲਾਫ ਮੈਚ ਦੇ ਦੌਰਾਨ ਉਨ੍ਹਾਂ ਆਪਣਾ 99ਵਾਂ ਸੈਂਕੜਾ ਜੜਿਆ ਸੀ। ਇਸ ਤੋਂ ਬਾਅਦ ਉਹ ਨਰਵਸ 99 ਦਾ ਸ਼ਿਕਾਰ ਹੋਣ ਲੱਗੇ। ਇਸੇ ਕਾਰਨ ਇਸ ਗੱਲ ਦੀ ਚਰਚਾ ਸੀ ਕਿ ਸਚਿਨ ਸੈਂਕੜਿਆਂ ਦਾ ਸੈਂਕੜਾ ਕਦੋਂ ਪੂਰਾ ਕਰਨਗੇ। ਪ੍ਰਸ਼ੰਸਕਾਂ ਦਾ ਇੰਤਜ਼ਾਰ ਹੋਰ ਵੀ ਵਧਦਾ ਗਿਆ।

ਵਿਰਾਟ ਦੇ ਨਾਲ ਬਣਾਈ ਸੀ 148 ਦੌੜਾਂ ਦੀ ਸਾਂਝੇਦਾਰੀ
ਅਗਲੇ ਸਾਲ ਏਸ਼ੀਆ ਕੱਪ 'ਚ ਸਚਿਨ ਨੇ ਸਾਰੇ ਖਦਸ਼ਿਆਂ ਨੂੰ ਵਿਰਾਮ ਦਿੰਦੇ ਹੋਏ 16 ਮਾਰਚ 2012 ਨੂੰ ਬੰਗਲਾਦੇਸ਼ ਦੇ ਖਿਲਾਫ 100ਵਾਂ ਸੈਂਕੜਾ ਜੜਿਆ। ਉਹ ਗੌਤਮ ਗੰਭੀਰ ਨਾਲ ਓਪਨਿੰਗ ਕਰਨ ਆਏ ਸਨ ਪਰ ਸਿਰਫ 11 ਦੌੜਾਂ 'ਤੇ ਗੰਭੀਰ ਦੇ ਆਊਟ ਹੋਣ ਦੇ ਬਾਅਦ ਦੂਜੇ ਵਿਕਟ ਲਈ ਸਚਿਨ ਦਾ ਸਾਥ ਨਿਭਾਉਣ ਵਿਰਾਟ ਕੋਹਲੀ ਆਏ। ਦੋਵਾਂ ਨੇ ਟੀਮ ਲਈ ਵੱਡੀ ਸਾਂਝੇਦਾਰੀ ਬਣਾਈ ਤੇ 148 ਦੌੜਾਂ ਜੋੜੀਆਂ।

ਰੈਨਾ ਦੀ ਮੌਜੂਦਗੀ 'ਚ ਜੜਿਆ ਸੈਂਕੜਾ
ਵਿਰਾਟ 66 ਦੌੜਾਂ ਬਣਾ ਆਊਟ ਹੋਏ। ਇੱਥੋਂ ਸੁਰੇਸ਼ ਰੈਨਾ ਤੇ ਸਚਿਨ ਨੇ ਪਾਰੀ ਨੂੰ ਅੱਗੇ ਵਧਾਇਆ। ਰੈਨਾ ਦੀ ਮੌਜੂਦਗੀ 'ਚ ਹੀ ਸਚਿਨ ਨੇ ਇਤਿਹਾਸਕ 100ਵਾਂ ਸੈਂਕੜਾ ਜੜਿਆ। ਉਨ੍ਹਾਂ ਨੇ ਬੱਲਾ ਤੇ ਹੈਲਮੇਟ ਉੱਪਰ ਚੁੱਕੇ ਦਰਸ਼ਕਾਂ ਦੇ ਉਤਸ਼ਾਹਤ ਦਾ ਸਵਾਗਤ ਕੀਤਾ। ਆਪਣੀ ਪਾਰੀ 'ਚ ਸਚਿਨ ਨੇ 147 ਗੇਂਦਾਂ ਦਾ ਸਾਹਮਣਾ ਕਰਕੇ 114 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 12 ਚੌਕੇ ਤੇ ਇਕ ਛੱਕਾ ਵੀ ਜੜਿਆ।


author

Tarsem Singh

Content Editor

Related News