ਟਾਟਾ ਮੁੰਬਈ ਮੈਰਾਥਨ : ਇਥੋਪੀਆ ਦੇ ਹੁਰਿਸਾ ਨੇ ਤੋੜਿਆ ਕੋਰਸ ਰਿਕਾਰਡ, ਸੁਧਾ ਦੀ ਖਿਤਾਬੀ ਹੈਟ੍ਰਿਕ

01/20/2020 1:21:08 AM

ਮੁੰਬਈ— ਇਥੋਪੀਆ ਦੇ ਡੇਰਾਰਾ ਹੁਰਿਸਾ ਨੇ ਟਾਟਾ ਮੁੰਬਈ ਮੈਰਾਥਨ ਵਿਚ ਆਪਣੇ ਡੈਬਿਊ ਵਿਚ ਹੀ ਐਤਵਾਰ ਕੋਰਸ ਰਿਕਾਰਡ ਬਣਾ ਦਿੱਤਾ, ਜਦਕਿ ਭਾਰਤੀਆਂ ਵਿਚ ਸਾਬਕਾ ਮਹਿਲਾ ਚੈਂਪੀਅਨ ਤੇ ਓਲੰਪੀਅਨ ਸੁਧਾ ਸਿੰਘ ਨੇ ਖਿਤਾਬੀ ਹੈਟ੍ਰਿਕ ਪੂਰੀ ਕੀਤੀ। ਮੁੰਬਈ ਮੈਰਾਥਨ ਦੇ ਪੁਰਸ਼ ਵਰਗ ਵਿਚ ਹੁਰਿਸਾ ਦੂਰ-ਦੂਰ ਤਕ ਖਿਤਾਬ ਦੇ ਦਾਅਵੇਦਾਰਾਂ ਵਿਚ ਸ਼ਾਮਲ ਨਹੀਂ ਸੀ ਪਰ ਉਸ ਨੇ ਸਾਰੇ ਸਮੀਕਰਨ ਪਲਟਦੇ ਹੋਏ 2:08:09 ਦਾ ਸਮਾਂ ਕੱਢ ਕੇ ਨਵਾਂ ਕੋਰਸ ਰਿਕਾਰਡ ਬਣਾ ਦਿੱਤਾ। ਹੁਰਿਸਾ ਦੇ ਹਮਵਤਨ ਆਏਲੇ ਅਬਸ਼ੇਰੋ ਤੇ ਬਿਰਹਾਨੂ ਤੇਸ਼ੋਮ ਨੇ ਕ੍ਰਮਵਾਰ 2:08:20 ਤੇ 2:08:26 ਦੇ ਸਮੇਂ ਨਾਲ ਦੂਜਾ ਤੇ ਤੀਜਾ ਸਥਾਨ ਕੱਢਿਆ। ਤਿੰਨਾਂ ਦੌੜਾਕਾਂ ਨੇ ਪਿਛਲੇ ਕੋਰਸ ਰਿਕਾਰਡ 2:08:35 ਤੋਂ ਘੱਟ ਸਮਾਂ ਕੱਢਿਆ।
ਮਹਿਲਾ ਵਰਗ ਵਿਚ ਇਥੋਪੀਆ ਦੀ ਅਮਾਨੇ ਬੇਰਿਸੋ ਨੇ ਸੱਟ ਕਾਰਣ 15 ਮਹੀਨਿਆਂ ਤਕ ਟ੍ਰੈਕ 'ਚੋਂ ਬਾਹਰ ਰਹਿਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ 2:24:51 ਦਾ ਸਮਾਂ ਲੈ ਕੇ ਖਿਤਾਬ ਜਿੱਤਿਆ। ਕੀਨੀਆ ਦੀ ਰੇਦਾਹ ਜੇਪਕੋਰਿਰ ਨੂੰ ਦੂਜਾ ਤੇ ਇਥੋਪੀਆ ਦੀ ਹਾਵੇਨ ਹੈਲੂ ਨੂੰ ਤੀਜਾ ਸਥਾਨ ਮਿਲਿਆ। ਭਾਰਤੀਆਂ ਵਿਚ ਸੈਨਾ ਦੇ ਸ਼੍ਰੀਨੂ ਬੁਗਾਤਾ ਤੇ ਸੁਧਾ ਨੇ ਮੁੰਬਈ ਮੈਰਾਥਨ ਦੇ 17ਵੇਂ ਸੈਸ਼ਨ ਵਿਚ ਖਿਤਾਬ ਜਿੱਤੇ। ਅਰਜੁਨ ਐਵਾਰਡੀ ਸੁਧਾ ਨੇ 2:45:30 ਦੇ ਸਮੇਂ ਨਾਲ ਲਗਾਤਾਰ ਤੀਜੀ ਵਾਰ ਖਿਤਾਬ ਜਿੱਤ ਕੇ ਖਿਤਾਬੀ ਹੈਟ੍ਰਿਕ ਪੂਰੀ ਕੀਤੀ।


Gurdeep Singh

Content Editor

Related News