ਤਸਨੀਮ ਮੀਰ ਨੇ ਈਰਾਨ ਫਜਰ ਇੰਟਰਨੈਸ਼ਨਲ ਚੈਲੇਂਜ ਜਿੱਤਿਆ
Friday, Feb 11, 2022 - 06:01 PM (IST)
ਸ਼ਿਰਾਜ਼/ਇਰਾਨ (ਭਾਸ਼ਾ)- ਵਿਸ਼ਵ ਦੀ ਨੰਬਰ ਇਕ ਜੂਨੀਅਰ ਬੈਡਮਿੰਟਨ ਭਾਰਤੀ ਖਿਡਾਰਨ ਤਸਨੀਮ ਮੀਰ ਨੇ ਸ਼ੁੱਕਰਵਾਰ ਨੂੰ ਇੱਥੇ ਈਰਾਨ ਫਜ਼ਰ ਇੰਟਰਨੈਸ਼ਨਲ ਚੈਲੇਂਜ ਵਿਚ ਇੰਡੋਨੇਸ਼ੀਆ ਦੀ ਯੂਲੀਆ ਯੋਸੇਫਿਨ ਸੁਸਾਂਤੋ ਨੂੰ ਤਿੰਨ ਗੇਮਾਂ ਦੇ ਫਾਈਨਲ ਵਿਚ ਹਰਾ ਕੇ ਮਹਿਲਾ ਸਿੰਗਲਜ਼ ਦਾ ਖ਼ਿਤਾਬ ਜਿੱਤ ਲਿਆ। ਗੁਜਰਾਤ ਦੇ 16 ਸਾਲਾ ਖਿਡਾਰਨ ਨੇ ਦੂਜਾ ਦਰਜਾ ਪ੍ਰਾਪਤ ਸੁਸਾਂਤੋ ਨੂੰ 51 ਮਿੰਟਾਂ ਵਿਚ 21-11, 11-21, 21-7 ਨਾਲ ਹਰਾਇਆ।
ਅੰਡਰ-19 ਸਿੰਗਲਜ਼ ਵਿਚ ਵਿਸ਼ਵ ਨੰਬਰ ਇਕ ਖਿਡਾਰੀ ਬਣਨ ਵਾਲੀ ਪਹਿਲੀ ਭਾਰਤੀ ਮਹਿਲਾ ਬੈਡਮਿੰਟਨ ਖਿਡਾਰਨ ਤਸਨੀਮ ਦੀ ਸੀਨੀਅਰ ਵਿਸ਼ਵ ਰੈਂਕਿੰਗ 404 ਹੈ। ਇਸ ਤੋਂ ਪਹਿਲਾਂ ਤਸਨੀਮ ਨੇ ਈਰਾਨ ਦੀ ਨਾਜ਼ਨੀਨ ਜ਼ਮਾਨੀ, ਅਰਮੇਨੀਆ ਦੀ ਲਿਲਿਤ ਪੋਘੋਸਾਨ, ਈਰਾਨ ਦੀ ਫਤਿਮੇਹ ਬਾਬਈ, ਭਾਰਤ ਦੀ ਸਮਾਇਰਾ ਪੰਵਾਰ ਨੂੰ ਹਰਾਇਆ ਸੀ। ਸੈਮੀਫਾਈਨਲ 'ਚ ਤਸਨੀਮ ਨੇ ਚੋਟੀ ਦਾ ਦਰਜਾ ਪ੍ਰਾਪਤ ਅਤੇ ਵਿਸ਼ਵ ਦੀ 71ਵੇਂ ਨੰਬਰ ਦੀ ਖਿਡਾਰਨ ਮਾਰਟੀਨਾ ਰੇਪਿਸਕਾ ਨੂੰ ਹਰਾਇਆ ਸੀ।