ICC ਨੇ ਤਮੀਮ ਇਕਬਾਲ ’ਤੇ ਲਾਇਆ ਜੁਰਮਾਨਾ, ਸ਼੍ਰੀਲੰਕਾ ਵਿਰੁੱਧ ਕੀਤਾ ਸੀ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ

Saturday, May 29, 2021 - 07:03 PM (IST)

ICC ਨੇ ਤਮੀਮ ਇਕਬਾਲ ’ਤੇ ਲਾਇਆ ਜੁਰਮਾਨਾ, ਸ਼੍ਰੀਲੰਕਾ ਵਿਰੁੱਧ ਕੀਤਾ ਸੀ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ

ਸਪੋਰਟਸ ਡੈਸਕ— ਬੰਗਲਾਦੇਸ਼ ਦੇ ਕਪਤਾਨ ਤਮੀਮ ਇਕਬਾਲ ’ਤੇ ਸ਼੍ਰੀਲੰਕਾ ਵਿਰੁੱਧ ਢਾਕਾ ’ਚ ਖੇਡੇ ਗਏ ਵਰਲਡ ਕੱਪ ਸੁਪਰ ਲੀਗ ਸੀਰੀਜ਼ ਦੇ ਤੀਜੇ ਵਨ-ਡੇ ਮੈਚ ਦੇ ਦੌਰਾਨ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕਰਨ ’ਤੇ ਮੈਚ ਫ਼ੀਸ ਦਾ 15 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ। ਕੌਮਾਂਤਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਤੋਂ ਜਾਰੀ ਬਿਆਨ ਮੁਤਾਬਕ ਤਮੀਮ ਨੂੰ ਆਈ. ਸੀ. ਸੀ. ਦੇ ਖਿਡਾਰੀਆਂ ਤੇ ਸਹਿਯੋਗੀ ਮੈਂਬਰਾਂ ਦੇ ਜ਼ਾਬਤੇ ਦੀ ਧਾਰਾ 2.3 ਦਾ ਦੋਸ਼ੀ ਪਾਇਆ ਗਿਆ। ਇਸ ’ਚ ‘ਕੌਮਾਂਤਰੀ ਮੈਚ ਦੇ ਦੌਰਾਨ ਇਤਰਾਜ਼ਯੋਗ ਭਾਸ਼ਾ ਦੇ ਇਸਤੇਮਾਲ ਦਾ ਜ਼ਿਕਰ ਹੈ।’
ਇਹ ਵੀ ਪੜ੍ਹੋ : ਸੁਸ਼ੀਲ ਕੁਮਾਰ ਦੀ ਪੁਲਸ ਰਿਮਾਂਡ 4 ਦਿਨ ਵਧੀ, ਕ੍ਰਾਈਮ ਬ੍ਰਾਂਚ ਕਰੇਗੀ ਪੁੱਛਗਿੱਛ

ਇਸ ਜੁਰਮਾਨੇ ਦੇ ਨਾਲ ਹੀ ਤਮੀਮ ਦੇ ਅਨੁਸ਼ਾਸਨ ਰਿਕਾਰਡ ’ਚ ਇਕ ਡੀਮੈਰਿਟ ਅੰਕ ਜੋੜ ਦਿੱਤਾ ਗਿਆ ਹੈ। ਜਦੋਂ ਕੋਈ ਖਿਡਾਰੀ 24 ਮਹੀਨਿਆਂ ਦੇ ਅੰਦਰ ਚਾਰ ਜਾਂ ਉਸ ਤੋਂ ਜ਼ਿਆਦਾ ਡੀਮੈਰਿਟ ਅੰਕ ਪ੍ਰਾਪਤ ਕਰ ਲੈਂਦਾ ਹੈ ਤਾਂ ਉਸ ਨੂੰ ਮੁਅੱਤਲ ਹੋਣ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਘਟਨਾ ਸ਼ੁੱਕਰਵਾਰ ਨੂੰ ਬੰਗਲਾਦੇਸ਼ ਦੀ ਪਾਰੀ ਦੇ 10ਵੇਂ ਓਵਰ ’ਚ ਹੋਈ, ਜਦੋਂ ਤਮੀਮ ਨੇ ਆਪਣੇ ਵਿਕਟ ਦੇ ਪਿੱਛੇ ਕੈਚ ਦੀ ਅਸਫ਼ਲ ਸਮੀਖਿਆ ਦੇ ਬਾਅਦ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕੀਤਾ। ਤਮੀਮ ਨੇ ਆਪਣੀ ਗ਼ਲਤੀ ਲਈ ਮੁਆਫ਼ੀ ਮੰਗ ਲਈ ਹੈ ਤੇ ਹੁਣ ਇਸ ਕਰਕੇ ਉਨ੍ਹਾਂ ਵਿਰੁੱਧ ਰਸਮੀ ਕਾਰਵਾਈ ਦੀ ਜ਼ਰੂਰਤ ਨਹੀਂ ਹੈ।
ਇਹ ਵੀ ਪੜ੍ਹੋ : ਸਮੀਖਿਆ ਦੇ ਬਾਅਦ ਸਾਕਸ਼ੀ ਚੌਧਰੀ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਤੋਂ ਹੋਈ ਬਾਹਰ

ਮੈਦਾਨੀ ਅੰਪਾਇਰ ਸ਼ਰਫ਼ੁਦੌਲਾ ਇਬਨੇ ਸ਼ਾਹਿਦ ਤੇ ਤਨਵੀਰ ਅਹਿਮਦ, ਟੈਲੀਵਿਜ਼ਨ ਅੰਪਾਇਰ ਗਾਜ਼ੀ ਸੋਹੇਲ ਤੇ ਚੌਥੇ ਅਧਿਕਾਰੀ ਮਸੂਦੁਰ ਰਹਿਮਾਨ ਨੇ ਤਮੀਮ ਦੇ ਖ਼ਿਲਾਫ ਦੋਸ਼ ਲਾਏ ਸਨ। ਪੱਧਰ ਇਕ ਦੇ ਤਹਿਤ ਆਉਣ ਵਾਲੀ ਇਸ ਤਰ੍ਹਾਂ ਦੀ ਉਲੰਘਣਾ ’ਚ ਘੱਟੋ-ਘੱਟ ਸਜ਼ਾ ਅਧਿਕਾਰਤ ਫ਼ਿਟਕਾਰ ਜਦਕਿ ਸਭ ਤੋਂ ਜ਼ਿਆਦਾ ਸਜ਼ਾ ਫ਼ੀਸ ਦਾ ਵੱਧ ਤੋਂ ਵੱਧ 50 ਫ਼ੀਸਦੀ ਜੁਰਮਾਨਾ ਤੇ ਇਕ ਜਾਂ ਦੋ ਡੀਮੈਰਿਟ ਅੰਕ ਸ਼ਾਮਲ ਹਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  


author

Tarsem Singh

Content Editor

Related News