ਔਰਤਾਂ ਨੂੰ ''ਪਟੋਲਾ'' ਤੇ ''ਭ੍ਰਿੰਡ'' ਕਹਿਣ ਵਾਲੇ ਮੁੱਖ ਮੰਤਰੀ ਵਿਰੁੱਧ ਕਦੋਂ ਪਾਸ ਹੋਵੇਗਾ ਮਤਾ?: ਸੁਖਪਾਲ ਖਹਿਰਾ

Wednesday, Mar 11, 2026 - 12:41 AM (IST)

ਔਰਤਾਂ ਨੂੰ ''ਪਟੋਲਾ'' ਤੇ ''ਭ੍ਰਿੰਡ'' ਕਹਿਣ ਵਾਲੇ ਮੁੱਖ ਮੰਤਰੀ ਵਿਰੁੱਧ ਕਦੋਂ ਪਾਸ ਹੋਵੇਗਾ ਮਤਾ?: ਸੁਖਪਾਲ ਖਹਿਰਾ

ਚੰਡੀਗੜ੍ਹ: ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਔਰਤਾਂ ਵਿਰੁੱਧ ਕਥਿਤ ਟਿੱਪਣੀਆਂ ਦੇ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖਾ ਪਲਟਵਾਰ ਕੀਤਾ ਹੈ। ਖਹਿਰਾ ਨੇ ਸੋਸ਼ਲ ਮੀਡੀਆ 'ਤੇ ਦੋ ਵੀਡੀਓ ਸਾਂਝੇ ਕਰਦਿਆਂ ਜਨਤਾ ਨੂੰ ਇਹ ਫੈਸਲਾ ਕਰਨ ਲਈ ਕਿਹਾ ਹੈ ਕਿ ਅਸਲ ਵਿੱਚ ਗਲਤ ਕੌਣ ਹੈ।

ਖਹਿਰਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਔਰਤਾਂ ਲਈ 'ਪਟੋਲਾ', 'ਭ੍ਰਿੰਡ' ਅਤੇ 'ਪਾਕਿਸਤਾਨੀ-ਝੰਡਾ' ਵਰਗੇ ਅਪਮਾਨਜਨਕ ਅਤੇ ਭੱਦੇ ਸ਼ਬਦਾਂ ਦੀ ਵਰਤੋਂ ਕੀਤੀ ਸੀ। ਉਨ੍ਹਾਂ ਸਵਾਲ ਕੀਤਾ ਕਿ ਕੀ ਸਪੀਕਰ ਸੰਧਵਾਂ ਵਿੱਚ ਮੁੱਖ ਮੰਤਰੀ ਵਿਰੁੱਧ ਮਤਾ ਪਾਸ ਕਰਨ ਦੀ ਹਿੰਮਤ ਹੈ ਅਤੇ ਕੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਮੁੱਖ ਮੰਤਰੀ ਨੂੰ ਨੋਟਿਸ ਜਾਰੀ ਕਰਨ ਦਾ ਹੌਂਸਲਾ ਦਿਖਾਉਣਗੇ?

ਖਹਿਰਾ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ਨੇ ਸਿਰਫ਼ ਇੱਕ ਯੂ-ਟਿਊਬਰ ਦੀਆਂ ਉਨ੍ਹਾਂ ਗੱਲਾਂ ਦਾ ਹਵਾਲਾ ਦਿੱਤਾ ਸੀ, ਜੋ 1000 ਰੁਪਏ ਵਜ਼ੀਫੇ ਦੇ ਐਲਾਨ 'ਤੇ ਔਰਤਾਂ ਦੇ ਨੱਚਣ ਬਾਰੇ ਸਨ। ਉਨ੍ਹਾਂ ਹੈਰਾਨੀ ਜਤਾਈ ਕਿ ਆਮ ਆਦਮੀ ਪਾਰਟੀ ਇੰਨੀ ਕਿਉਂ ਘਬਰਾ ਗਈ ਕਿ ਉਨ੍ਹਾਂ ਨੂੰ ਸੁਣਵਾਈ ਦਾ ਮੌਕਾ ਦਿੱਤੇ ਬਿਨਾਂ ਹੀ ਵਿਧਾਨ ਸਭਾ ਵਿੱਚ ਉਨ੍ਹਾਂ ਵਿਰੁੱਧ ਮਤਾ ਪਾਸ ਕਰ ਦਿੱਤਾ ਗਿਆ। ਸੁਖਪਾਲ ਖਹਿਰਾ ਨੇ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਵੱਲੋਂ ਲਗਾਏ ਗਏ ਇਨ੍ਹਾਂ ਝੂਠੇ ਅਤੇ ਮੰਦਭਾਗੇ ਇਲਜ਼ਾਮਾਂ ਦਾ ਬੜੀ ਦਲੇਰੀ ਅਤੇ ਨਿਡਰਤਾ ਨਾਲ ਸਾਹਮਣਾ ਕਰਨਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਅਜਿਹੀਆਂ ਧਮਕੀਆਂ ਤੋਂ ਡਰ ਕੇ ਪਿੱਛੇ ਨਹੀਂ ਹਟਣਗੇ।


author

Inder Prajapati

Content Editor

Related News