'ਵਿਧਾਨ ਸਭਾ ਦੀ ‘ਲਾਈਵ’ ਕਾਰਵਾਈ ਸਕ੍ਰਿੱਪਟਿਡ ਤੇ ਕੰਟਰੋਲਡ', ਸੁਖਪਾਲ ਖਹਿਰਾ ਨੇ ਲਾਇਆ ਵੱਡਾ ਇਲਜ਼ਾਮ
Thursday, Mar 12, 2026 - 10:49 AM (IST)
ਚੰਡੀਗੜ੍ਹ (ਅੰਕੁਰ ਤਾਂਗੜੀ) : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੀ ਲਾਈਵ ਕਵਰੇਜ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਦੋਸ਼ ਲਗਾਇਆ ਕਿ ਵਿਧਾਨ ਸਭਾ ਦੀ ਜੋ ਲਾਈਵ ਟੈਲੀਕਾਸਟ ਦਿਖਾਈ ਜਾਂਦੀ ਹੈ, ਉਹ ਹਕੀਕਤ 'ਚ ਪੂਰੀ ਤਰ੍ਹਾਂ ਪਾਰਦਰਸ਼ੀ ਨਹੀਂ ਹੈ ਅਤੇ ਇਸ ਨੂੰ ਕਾਬੂ ਕੀਤਾ ਜਾ ਰਿਹਾ ਹੈ। ਖਹਿਰਾ ਨੇ ਆਪਣੇ ਬਿਆਨ 'ਚ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਉਨ੍ਹਾਂ ਲਈ ਵਿਧਾਨ ਸਭਾ 'ਚ ਅਪਮਾਨਜਨਕ ਅਤੇ ਗਲਤ ਭਾਸ਼ਾ ਵਰਤੀ ਗਈ, ਪਰ ਲਾਈਵ ਕਵਰੇਜ ਦੌਰਾਨ ਕੈਮਰਾ ਫਰੇਮ 'ਚ ਉਨ੍ਹਾਂ ਨੂੰ ਦਿਖਾਇਆ ਹੀ ਨਹੀਂ ਗਿਆ।
ਉਨ੍ਹਾਂ ਸਵਾਲ ਕੀਤਾ ਕਿ ਜੇਕਰ ਇਹ ਸੱਚਮੁੱਚ ਲਾਈਵ ਪ੍ਰਸਾਰਣ ਹੈ ਤਾਂ ਫਿਰ ਵਿਰੋਧੀ ਧਿਰ ਦੇ ਮੈਂਬਰ ਫਰੇਮ 'ਚ ਕਿਉਂ ਨਹੀਂ ਦਿਖਾਏ ਜਾਂਦੇ। ਉਨ੍ਹਾਂ ਕਿਹਾ ਕਿ ਇਹ ਸਾਰੀ ਪ੍ਰਕਿਰਿਆ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਵਿਧਾਨ ਸਭਾ ਦੀ ਲਾਈਵ ਕਵਰੇਜ ‘ਫੇਕ ਲਾਈਵ’ ਹੈ। ਖਹਿਰਾ ਨੇ ਦਾਅਵਾ ਕੀਤਾ ਕਿ ਇਸ ਪ੍ਰਸਾਰਣ ਨੂੰ ਇੱਕ ਛੋਟੇ ਕਮਰੇ 'ਚ ਬੈਠੇ ਲੋਕਾਂ ਵੱਲੋਂ ਕੰਟਰੋਲ ਕੀਤਾ ਜਾ ਰਿਹਾ ਹੈ ਅਤੇ ਇਹ ਪੂਰੀ ਤਰ੍ਹਾਂ ਸਕ੍ਰਿੱਪਟਿਡ ਤਰੀਕੇ ਨਾਲ ਚਲਾਇਆ ਜਾਂਦਾ ਹੈ।
ਖਹਿਰਾ ਨੇ ਇਹ ਵੀ ਦੋਸ਼ ਲਗਾਇਆ ਕਿ ਇਹ ਕੰਟਰੋਲ ਆਮ ਆਦਮੀ ਪਾਰਟੀ ਦੇ ਦਿੱਲੀ ਆਧਾਰਿਤ ਲੋਕਾਂ ਦੇ ਹੱਥ 'ਚ ਹੈ, ਜੋ ਵਿਧਾਨ ਸਭਾ ਦੇ ਅੰਦਰ ਬੈਠ ਕੇ ਲਾਈਵ ਕਵਰੇਜ ਨੂੰ ਆਪਣੀ ਮਰਜ਼ੀ ਨਾਲ ਚਲਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਜਾਣਨਾ ਚਾਹੀਦਾ ਹੈ ਕਿ ਵਿਧਾਨ ਸਭਾ ਦੀ ਦਿਖਾਈ ਜਾਣ ਵਾਲੀ ਕਾਰਵਾਈ ਪੂਰੀ ਤਰ੍ਹਾਂ ਪਾਰਦਰਸ਼ੀ ਨਹੀਂ ਹੈ। ਖਹਿਰਾ ਦੇ ਇਸ ਬਿਆਨ ਨਾਲ ਪੰਜਾਬ ਦੀ ਸਿਆਸਤ 'ਚ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਹਾਲਾਂਕਿ ਇਸ ਮਾਮਲੇ ’ਤੇ ਹੁਣ ਤੱਕ ਸਰਕਾਰ ਜਾਂ ਆਮ ਆਦਮੀ ਪਾਰਟੀ ਵੱਲੋਂ ਕੋਈ ਅਧਿਕਾਰਿਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
