T20 WC : ਪਾਕਿਸਤਾਨ ਨੇ ਦੱਖਣੀ ਅਫਰੀਕਾ ਨੂੰ 33 ਦੌੜਾਂ ਨਾਲ ਹਰਾਇਆ

Thursday, Nov 03, 2022 - 05:49 PM (IST)

T20 WC : ਪਾਕਿਸਤਾਨ ਨੇ ਦੱਖਣੀ ਅਫਰੀਕਾ ਨੂੰ 33 ਦੌੜਾਂ ਨਾਲ ਹਰਾਇਆ

ਸਪੋਰਟਸ ਡੈਸਕ- ਟੀ20 ਵਿਸ਼ਵ ਕੱਪ ਦੇ ਸੁਪਰ 12 ਗਰੁੱਪ 2 ਦਾ 36ਵਾਂ ਮੈਚ ਅੱਜ ਦੱਖਣੀ ਅਫਰੀਕਾ ਤੇ ਪਾਕਿਸਤਾਨ ਦਰਮਿਆਨ ਖੇਡਿਆ ਗਿਆ। ਮੈਚ ਨੂੰ ਪਾਕਿਸਤਾਨ ਨੇ 33 ਦੌੜਾਂ ਨਾਲ ਜਿੱਤ ਲਿਆ। ਮੈਚ 'ਚ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇਫਤਿਖਾਰ ਅਹਿਮਦ ਦੀਆਂ 51 ਦੌੜਾਂ ਤੇ ਸ਼ਾਦਾਬ ਖਾਨ ਦੀਆਂ 52 ਦੌੜਾਂ ਦੀ ਬਦੌਲਤ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 185 ਦੌੜਾਂ ਬਣਾਈਆਂ। ਇਸ ਤਰ੍ਹਾਂ ਪਾਕਿਸਤਾਨ ਨੇ ਦੱਖਣੀ ਅਫਰੀਕਾ ਨੂੰ ਜਿੱਤ ਲਈ 186 ਦੌੜਾਂ ਦਾ ਟੀਚਾ ਦਿੱਤਾ। ਦੱਖਣੀ ਅਫਰੀਕਾ ਵਲੋਂ ਪਾਰਨੇਲ ਨੇ 1, ਰਬਾਡਾ ਨੇ 1, ਲੁੰਗੀ ਐਨਡਿਗੀ ਨੇ 1, ਨਾਰਤਜੇ ਨੇ 4 ਤੇ ਸ਼ਮਸੀ ਨੇ 1 ਵਿਕਟ ਲਏ।

ਇਹ ਵੀ ਪੜ੍ਹੋ : T20 WC : ਹਾਰ ਤੋਂ ਬਾਅਦ ਬੰਗਲਾਦੇਸ਼ੀ ਖਿਡਾਰੀ ਨੇ ਲਾਇਆ ਵਿਰਾਟ ਕੋਹਲੀ 'ਤੇ ਵੱਡਾ ਇਲਜ਼ਾਮ, ਜਾਣੋ ਪੂਰਾ ਮਾਮਲਾ

ਟੀਚੇ ਦਾ ਪਿੱਛਾ ਕਰਦੇ ਹੋਏ ਦੱਖਣੀ ਅਫਰੀਕਾ ਨੇ ਖ਼ਰਾਬ ਪ੍ਰਦਰਸ਼ਨ ਨਾਲ 9 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 69 ਦੌੜਾਂ ਬਣਾਈਆਂ ਸਨ। ਦੱਖਣੀ ਅਫਰੀਕਾ ਨੂੰ ਜਿੱਤ ਲਈ 73 ਦੌੜਾਂ ਦੀ ਲੋੜ ਸੀ ਪਰ ਇਸ ਦੌਰਾਨ ਮੀਂਹ ਪੈਣ ਲੱਗਾ ਤੇ ਮੈਚ ਨੂੰ ਰੋਕ ਦਿੱਤਾ ਗਿਆ। ਮੀਂਹ ਰੁਕਣ ਦੇ ਬਾਅਦ ਮੈਚ ਮੁੜ ਸ਼ੁਰੂ ਕੀਤਾ ਗਿਆ। ਹੁਣ ਮੈਚ 14 ਓਵਰਾਂ ਦਾ ਨਿਰਧਾਰਤ ਕਰਕੇ ਦੱਖਣੀ ਅਫਰੀਕਾ ਲਈ 142 ਦੌੜਾਂ ਦਾ ਟੀਚਾ ਨਿਰਧਾਰਤ ਕੀਤਾ ਗਿਆ ਪਰ ਦੱਖਣੀ ਅਫਰੀਕਾ ਨਿਰਧਾਰਤ 14 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ ਨਾਲ 108 ਦੌੜਾਂ ਬਣਾ ਸਕੀ ਤੇ ਮੈਚ 33 ਦੌੜਾਂ ਨਾਲ ਹਾਰ ਗਈ। ਦੱਖਣੀ ਅਫਰੀਕਾ ਵਲੋਂ ਕਪਤਾਨ ਟੇਂਬਾ ਬਾਵੁਮਾ ਨੇ ਸਭ ਤੋਂ ਵੱਧ 36 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਬਾਕੀ ਦੇ ਬੱਲੇਬਾਜ਼ ਸਸਤੇ 'ਚ ਆਊਟ ਹੋਏ। ਪਾਕਿਸਤਾਨ ਵਲੋਂ ਸ਼ਾਹੀਨ ਸ਼ਾਹ ਅਫਰੀਦੀ ਨੇ 3, ਨਸੀਮ ਸ਼ਾਹ ਨੇ 1, ਹਾਰਿਸ ਰਊਫ ਨੇ 1, ਮੁਹੰਮਦ ਵਸੀਮ ਨੇ 1 ਤੇ ਸ਼ਾਦਾਬ ਖਾਨ ਨੇ 2 ਵਿਕਟਾਂ ਲਈਆਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

 


author

Tarsem Singh

Content Editor

Related News