ਲੋਕਾਂ ਨੇ ਐਵੇਂ ਹੀ ਸੋਚ ਲਿਆ ਕਿ ਮੇਰੀ ਰੇਸ ਅਸਲੀ ਸ਼ਾਰਕ ਨਾਲ ਸੀ : ਫੇਲਪਸ

07/27/2017 3:01:18 PM

ਨਵੀਂ ਦਿੱਲੀ— 23 ਵਾਰ ਓਲੰਪਿਕ ਸੋਨ ਤਮਗੇ ਜਿੱਤਣ ਵਾਲੇ ਵਿਸ਼ਵ ਦੇ ਮਹਾਨ ਤੈਰਾਕ ਮਾਈਕਲ ਫੇਲਪਸ ਇਨ੍ਹੀ ਦਿਨੀਂ ਆਲੋਚਨਾ ਦੇ ਘੇਰੇ 'ਚ ਫਸੇ ਹੋਏ ਹਨ। ਆਪਣੀ ਸ਼ਾਨਦਾਰ ਤੈਰਾਕੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲਾ ਫੇਲਪਸ ਇਕ ਨਕਲੀ ਸ਼ਾਰਕ ਨਾਲ ਰੇਸ ਲਾਉਣ ਦੇ ਚੱਲਦੇ ਸੁਰਖੀਆਂ 'ਚ ਹੈ। ਹਾਲਾਂਕਿ ਫੇਲਪਸ ਨੇ ਇਨ੍ਹਾਂ ਆਲੋਚਨਾਵਾਂ ਦਾ ਜਵਾਬ ਦਿੰਦੇ ਹੋਏ ਕਿਹਾ ਹੈ ''ਇਸ 'ਚ ਮੇਰੀ ਕੋਈ ਗਲਤੀ ਨਹੀਂ, ਕੁੱਝ ਲੋਕਾਂ ਨੇ ਐਵੇਂ ਹੀ ਸੋਚ ਲਿਆ ਕਿ ਮੈਂ ਟੀ. ਵੀ. 'ਤੇ ਅਸਲੀ ਸ਼ਾਰਕ ਨਾਲ ਰੇਸ ਲਗਾਉਣ ਜਾ ਰਿਹਾ ਹਾਂ।'' ਡਿਸਕਵਰੀ ਚੈਨਲ ਵਲੋਂ ਇਹ ਪਹਿਲਾ ਹੀ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਇਹ ਕਿਸ ਤਰ੍ਹਾਂ ਦੀ ਰੇਸ ਹੈ। ਭਾਵ ਇਕ ਤਰ੍ਹਾਂ ਨਾਲ ਸਭ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਇਹ ਨਕਲੀ ਸ਼ਾਰਕ ਹੈ।
ਦਰਅਸਲ ਸ਼ਾਰਕ ਵੀਕ 'ਤੇ ਡਿਸਕਵਰੀ ਚੈਨਲ ਨੇ ਪਿਛਲੇ ਐਤਵਾਰ ਨੂੰ ਵਿਸ਼ੇਸ਼ ਸ਼ੋਅ ਦਿਖਾਇਆ, ਜਿਸ 'ਚ ਮਹਾਨ ਤੈਰਾਕ ਮਾਈਕਲ ਫੇਲਪਸ ਅਤੇ ਸ਼ਾਰਕ 'ਚ ਰੋਮਾਂਚਕ ਰੇਸ ਦੇਖਣ ਨੂੰ ਮਿਲੀ ਪਰ ਬਹਾਮਾਸ ਦੇ ਗਰਮ ਸਮੁੰਦਰ ਦੇ ਪਾਣੀ 'ਚ 100 ਮੀਟਰ ਸਵੀਮਿੰਗ ਰੇਸ 'ਚ ਅਮਰੀਕੀ ਫੇਲਪਸ ਹਾਰ ਗਿਆ ।
ਸ਼ਾਰਕ ਨੇ ਉਸ ਨੂੰ 2 ਸੈਕਿੰਡ ਦੇ ਫਰਕ ਨਾਲ ਹਰਾ ਦਿੱਤਾ ਪਰ ਸ਼ੋਅ ਦੌਰਾਨ ਟੀ. ਵੀ. 'ਤੇ ਲੋਕਾਂ ਨੇ ਜਿਸ ਸ਼ਾਰਕ ਨੂੰ ਦੇਖਿਆ ਉਹ ਅਸਲੀ ਨਹੀਂ ਸੀ। ਇਹ ਸ਼ਾਰਕ ਕੰਪਿਊਟਰ ਵਲੋਂ ਵਿਕਸਿਤ ਕੀਤੀ ਗਈ ਸੀ। ਰੇਸ ਦੀ ਸੱਚਾਈ ਦਾ ਪਤਾ ਚਲਣ 'ਤੇ ਟਵਿਟਰ 'ਤੇ ਲੋਕਾਂ ਨੇ ਜੰਮ ਕੇ ਆਪਣੀ ਭੜਾਸ ਕੱਢੀ।


Related News