ਖਰੜ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਇਕ ਦਿਨ ਪਹਿਲਾਂ ਹੀ ਕੈਨੇਡਾ ਜਾਣ ਲਈ ਹੋਈ ਸੀ ਬਾਇਓਮੈਟ੍ਰਿਕ

Sunday, Apr 21, 2024 - 10:38 AM (IST)

ਖਰੜ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਇਕ ਦਿਨ ਪਹਿਲਾਂ ਹੀ ਕੈਨੇਡਾ ਜਾਣ ਲਈ ਹੋਈ ਸੀ ਬਾਇਓਮੈਟ੍ਰਿਕ

ਖਰੜ (ਰਣਬੀਰ, ਅਮਰਦੀਪ) : ਇੱਥੇ ਖਰੜ-ਚੰਡੀਗੜ੍ਹ ਫਲਾਈਓਵਰ ’ਤੇ ਦੇਸੂਮਾਜਰਾ ਨੇੜੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਤੇਜਿੰਦਰ ਸ਼ਰਮਾ ਉਰਫ਼ ਤੇਜ਼ੀ (35) ਵਜੋਂ ਹੋਈ ਹੈ, ਜੋ ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਹੱਥਣ ਦਾ ਰਹਿਣ ਵਾਲਾ ਸੀ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਖਰੜ ਸਿਟੀ-1 ਕਰਨ ਸਿੰਘ ਸੰਧੂ, ਸੀ. ਆਈ. ਏ. ਇੰਚਾਰਜ ਹਰਮਿੰਦਰ ਸਿੰਘ, ਫਾਰੈਂਸਿਕ ਮਾਹਿਰਾਂ ਦੀ ਟੀਮ ਨੇ ਮੌਕੇ ’ਤੇ ਪੁੱਜ ਕੇ ਇਸ ਵਾਰਦਾਤ ਪਿਛਲੀ ਅਸਲ ਵਜ੍ਹਾ ਸਣੇ ਇਸ ਨੂੰ ਅੰਜਾਮ ਦੇਣ ਵਾਲੇ ਕਾਤਲਾਂ ਦਾ ਸੁਰਾਗ ਪਤਾ ਲਗਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਮ੍ਰਿਤਕ ਦੇ ਛੋਟੇ ਭਰਾ ਕਰਨਵੀਰ ਸ਼ਰਮਾ ਨੇ ਦੱਸਿਆ ਕਿ ਤੇਜਿੰਦਰ ਤਿੰਨ ਭੈਣ-ਭਰਾਵਾਂ ’ਚੋਂ ਸਭ ਤੋਂ ਵੱਡਾ ਤੇ ਅਣਵਿਆਹਿਆ ਸੀ। ਬੀ. ਸੀ. ਏ. ਤੱਕ ਪੜ੍ਹਾਈ ਕਰਨ ਪਿੱਛੋਂ ਉਹ ਮੋਹਾਲੀ-ਚੰਡੀਗੜ੍ਹ ’ਚ ਡਿਜ਼ਾਈਨਰ ਵਜੋਂ ਕੰਮ ਕਰਨ ਲੱਗਾ ਸੀ।

ਇਹ ਵੀ ਪੜ੍ਹੋ : ਪਲਾਂ 'ਚ ਹੀ ਢਹਿ-ਢੇਰੀ ਹੋ ਗਈ ਬਹੁ-ਮੰਜ਼ਿਲਾ ਇਮਾਰਤ, ਦਿਲ ਦਹਿਲਾ ਦੇਵੇਗੀ ਭਿਆਨਕ ਵੀਡੀਓ

ਪੁਲਸ ਨੂੰ ਦਿੱਤੇ ਬਿਆਨ ’ਚ ਪ੍ਰਾਪਰਟੀ ਦਾ ਕੰਮ ਕਰਦੇ ਗਗਨਦੀਪ ਸਿੰਘ ਵਾਸੀ ਅਹਿਮਦਗੜ੍ਹ ਹਾਲ ਵਾਸੀ ਖਰੜ ਨੇ ਦੱਸਿਆ ਕਿ ਉਹ ਅਤੇ ਤੇਜਿੰਦਰ ਸ਼ਰਮਾ ਦੋਵੇਂ ਕਾਲਜ ਸਮੇਂ ਤੋਂ ਦੋਸਤ ਸਨ। ਤੇਜਿੰਦਰ ਨੇ ਉਸ ਨੂੰ ਦੱਸਿਆ ਕਿ ਉਸ ਦੇ ਜਾਣਕਾਰ ਪ੍ਰਤੀਕ, ਕਰਨ, ਜਮਾਂ ਤੇ ਧੀਰਜ ਕਿਸੇ ਗੱਲ ਤੋਂ ਖਾਰ ਖਾਂਦੇ ਹਨ, ਜਿਨ੍ਹਾਂ ਨੂੰ ਸਮਝਾਉਣ ਲਈ ਉਸ ਨੇ ਨਿੱਝਰ ਚੌਂਕ ਕੋਲ ਆਉਣ ਦਾ ਸਮਾਂ ਦਿੱਤਾ ਹੈ। ਤੇਜਿੰਦਰ ਉਨਾਂ ਦੀ ਗ਼ਲਤ-ਫਹਿਮੀ ਦੂਰ ਕਰਨੀ ਚਾਹੁੰਦਾ ਸੀ। ਇਸ ਲਈ ਉਸ ਦੇ ਕਹਿਣ ’ਤੇ ਉਹ ਉਸ ਨੂੰ ਕਾਰ ’ਚ ਉਕਤ ਥਾਂ ਲੈ ਗਿਆ, ਜਿੱਥੇ ਉਹ ਉਨ੍ਹਾਂ ਦਾ ਇੰਤਜ਼ਾਰ ਕਰਨ ਲੱਗੇ। ਇਸੇ ਦੌਰਾਨ 12.30 ਵਜੇ ਉਨ੍ਹਾਂ ਕੋਲ ਐਕਟਿਵਾ ਆਈ, ਜਿਸ 'ਤੇ ਇੱਕ ਮੁੰਡਾ ਤੇ ਕੁੜੀ ਸਵਾਰ ਸਨ। ਉਨ੍ਹਾਂ ਦੇ ਹੀ ਪਿੱਛੇ ਚੰਡੀਗੜ੍ਹ ਨੰਬਰ ਦਾ ਮੋਟਰਸਾਈਕਲ ਸੀ, ਜਿਸ ’ਤੇ 3 ਨੌਜਵਾਨ ਸਵਾਰ ਸਨ। ਦੋਸਤ ਨੂੰ ਤੇਜਿੰਦਰ ਨੇ ਦੱਸਿਆ ਸੀ ਕਿ ਇਹ ਉਹੀ ਹਨ, ਜਿਨ੍ਹਾਂ ਨਾਲ ਗੱਲ ਕਰਨ ਲਈ ਉਹ ਇੱਥੇ ਆਏ ਹਨ।

ਜਿਉਂ ਹੀ ਤੇਜਿੰਦਰ ਉਨ੍ਹਾਂ ਨਾਲ ਗੱਲ ਕਰਨ ਲੱਗਾ ਤਾਂ ਉਨ੍ਹਾਂ ਦੀ ਬਹਿਸ ਹੋਣ ਲੱਗੀ। ਇਸੇ ਦੌਰਾਨ ਉਨ੍ਹਾਂ ਨਾਲ ਆਈ ਸੋਨੀਆ ਨਾਂ ਦੀ ਕੁੜੀ ਨੇ ਤੇਜਿੰਦਰ ਨੂੰ ਕਾਲਰ ਤੋਂ ਫੜ੍ਹ ਲਿਆ। ਉਸ ਨੂੰ ਕਰਨ ਨੇ ਪਿੱਛੇ ਹੋਣ ਲਈ ਕਿਹਾ। ਉਨ੍ਹਾਂ ’ਚੋਂ ਦੋ ਨੇ ਤੇਜਿੰਦਰ ਦੀਆਂ ਪਿੱਛੋਂ ਬਾਹਾਂ ਫੜ੍ਹ ਲਈਆਂ, ਜਦੋਂ ਕਿ ਜਮਾਂ ਨੇ ਉਸ ਦੇ ਢਿੱਡ ’ਚ ਲੱਤਾਂ ਤੇ ਮੁੱਕੇ ਮਾਰੇ। ਪ੍ਰਤੀਕ ਨੇ ਕਿਰਚ ਕੱਢ ਕੇ ਤੇਜਿੰਦਰ ਦੇ ਢਿੱਡ ’ਚ ਮਾਰੀ। ਜਦੋਂ ਗਗਨਦੀਪ ਨੇ ਤੇਜਿੰਦਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਪ੍ਰਤੀਕ ਨੇ ਉਸ 'ਤੇ ਵੀ ਜਾਨਲੇਵਾ ਹਮਲਾ ਕੀਤਾ। ਇਸ ਪਿੱਛੋਂ ਪ੍ਰਤੀਕ ਨੇ ਮੁੜ ਤੋਂ ਕਿਰਚ ਤੇਜਿੰਦਰ ਦੀ ਧੌਣ ’ਤੇ ਮਾਰੀ, ਜਿਸ ਤੋਂ ਬਾਅਦ ਉਹ ਜ਼ਮੀਨ 'ਤੇ ਡਿੱਗ ਪਿਆ। ਗਗਨ ਦੇ ਰੌਲਾ ਪਾਉਣ ’ਤੇ ਸਾਰੇ ਹਮਲਾਵਰ ਫ਼ਰਾਰ ਹੋ ਗਏ।

ਲਹੂ-ਲੁਹਾਣ ਹਾਲਤ ’ਚ ਉਸ ਨੂੰ ਮੋਹਾਲੀ ਦੇ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਬਚਾਉਣ ਦੀ ਕਾਫ਼ੀ ਕੋਸ਼ਿਸ਼ ਵੀ ਕੀਤੀ ਗਈ ਪਰ ਉੱਥੇ ਇਲਾਜ ਦੌਰਾਨ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ। ਵਾਰਦਾਤ ਦੀ ਤਹਿ ਤੱਕ ਜਾਣ 'ਚ ਜੁੱਟੀ ਪੁਲਸ ਵੱਲੋਂ ਇਸ ਵਾਰਦਾਤ ਨੂੰ ਹਰ ਪੱਖੋਂ ਖੋਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਸ ਨੇ ਮ੍ਰਿਤਕ ਨੌਜਵਾਨ ਦਾ ਮੋਬਾਇਲ ਫੋਨ ਕਬਜ਼ੇ 'ਚ ਲੈ ਲਿਆ ਹੈ ਤੇ ਵਾਰਦਾਤ ਵਾਲੀ ਥਾਂ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਤਲਾਸ਼ੀ ਜਾ ਰਹੀ ਹੈ। ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕਿ ਸਾਨੂੰ ਪੁਲਸ ਨੇ ਅਜੇ ਤੱਕ ਲਾਸ਼ ਨਹੀਂ ਦਿਖਾਈ। ਉਨ੍ਹਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਜਦੋਂ ਇਸ ਸਬੰਧੀ ਸੰਨੀ ਇਨਕਲੇਵ ਚੌਕੀ ਦੇ ਇੰਚਾਰਜ ਤੋਂ ਪਤਾ ਕਰਨਾ ਚਾਹਿਆ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।

ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ ਘਰ ਨੌਕਰ ਰੱਖਦੇ ਹੋ ਤਾਂ ਹੋ ਜਾਓ Alert, ਹੈਰਾਨ ਕਰ ਦੇਵੇਗੀ ਇਹ ਖ਼ਬਰ
ਸਿਰ ’ਤੇ ਸੀ ਘਰ ਦੀ ਸਾਰੀ ਜ਼ਿੰਮੇਵਾਰੀ
ਤੇਜਿੰਦਰ ਦੇ ਪਿਤਾ ਦੀ ਮੌਤ ਕਰੀਬ ਤਿੰਨ ਸਾਲ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ ਸੀ। ਘਰ ਦੀ ਸਾਰੀ ਜ਼ਿੰਮੇਵਾਰੀ ਹੁਣ ਉਸ ਦੇ ਸਿਰ ਹੀ ਸੀ। ਆਪਣੇ ਬਿਹਤਰ ਭਵਿੱਖ ਲਈ ਉਹ ਵਰਕ ਪਰਮਿੱਟ ’ਤੇ ਕੈਨੇਡਾ ਜਾਣਾ ਚਾਹੁੰਦਾ ਸੀ। ਇਸ ਲਈ ਉਸ ਦੀ ਫਾਇਲਿੰਗ ਸ਼ੁਰੂ ਹੋ ਚੁੱਕੀ ਸੀ। ਅਜੇ ਇੱਕ ਦਿਨ ਪਹਿਲਾਂ ਹੀ ਉਹ ਬਾਇਓਮੈਟ੍ਰਿਕ ਲਈ ਵੀ. ਐੱਫ. ਐੱਸ. ਸੈਂਟਰ ਗਿਆ ਸੀ। ਉਸ ਨੂੰ ਪੂਰੀ ਉਮੀਦ ਸੀ ਕਿ ਉਸ ਦਾ ਵੀਜ਼ਾ ਲੱਗਣ ਪਿੱਛੋਂ ਉਹ ਕੈਨੇਡਾ ਚਲਾ ਜਾਵੇਗਾ, ਜਿੱਥੇ ਜਾ ਕੇ ਉਹ ਆਪਣੀ ਮਾਂ, ਛੋਟੀ ਵਿਆਹੀ ਭੈਣ ਸਣੇ ਛੋਟੇ ਭਰਾ ਨੂੰ ਜ਼ਿੰਦਗੀ ਦੀ ਹਰ ਖ਼ੁਸ਼ੀ ਦੇਣ ਲਈ ਦਿਨ-ਰਾਤ ਮਿਹਨਤ ਕਰੇਗਾ ਪਰ ਹੋਣੀ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ।
ਰਾਤ ਨੂੰ ਹੋਈ ਸੀ ਦੋਸਤ ਨਾਲ ਗੱਲਬਾਤ
ਬੀਤੀ ਰਾਤ 8.42 ’ਤੇ ਤੇਜਿੰਦਰ ਨੇ ਪਿੰਡ ਦੇ ਆਪਣੇ ਦੋਸਤ ਨਾਲ ਪਹਿਲਾਂ ਵਾਂਗ ਹੀ ਫੋਨ 'ਤੇ ਗੱਲਬਾਤ ਕੀਤੀ। ਇਸ ਦੌਰਾਨ ਉਸ ਦੇ ਦੋਸਤ ਨੇ ਸੋਚਿਆ ਵੀ ਨਹੀਂ ਸੀ ਕਿ ਇਹ ਉਨ੍ਹਾਂ ਦੀ ਆਖ਼ਰੀ ਗੱਲਬਾਤ ਹੈ ਤੇ ਇਹ ਭਾਣਾ ਵਾਪਰ ਜਾਣਾ ਹੈ।
ਇੱਕ ਗ੍ਰਿਫ਼ਤਾਰ, ਬਾਕੀਆਂ ਦੀ ਭਾਲ
ਡੀ. ਐੱਸ. ਪੀ. ਖਰੜ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਗਗਨਦੀਪ ਦੇ ਬਿਆਨਾਂ ’ਤੇ ਪ੍ਰਤੀਕ , ਕਰਨ, ਜਮਾਂ, ਧੀਰਜ ਸਣੇ ਸੋਨੀਆ ਨਾਂ ਦੀ ਕੁੜੀ ਖ਼ਿਲਾਫ਼ ਧਾਰਾ 302,148,149 ਤਹਿਤ ਮੁਕੱਦਮਾ ਦਰਜ ਕਰ ਕੇ ਪ੍ਰਤੀਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਬਾਕੀਆਂ ਨੂੰ ਕਾਬੂ ਕਰਨ ਲਈ ਉਨ੍ਹਾਂ ਦੇ ਲੁਕੇ ਹੋਣ ਦੀਆਂ ਸੰਭਾਵਿਤ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News