ਇਤਿਹਾਸ ਦੁਹਰਾਉਣ ਦੇ ਟੀਚੇ ਨਾਲ ਉਤਰੇਗਾ ਸੁਸ਼ੀਲ

Friday, Sep 20, 2019 - 02:48 AM (IST)

ਇਤਿਹਾਸ ਦੁਹਰਾਉਣ ਦੇ ਟੀਚੇ ਨਾਲ ਉਤਰੇਗਾ ਸੁਸ਼ੀਲ

ਨਵੀਂ ਦਿੱਲੀ— 9 ਸਾਲ ਬਾਅਦ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਵਾਪਸੀ ਕਰ ਰਹੇ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਕਜ਼ਾਕਿਸਤਾਨ ਦੇ ਨੂਰ ਸੁਲਤਾਨ ਵਿਚ ਸ਼ੁੱਕਰਵਾਰ ਨੂੰ ਫ੍ਰੀ ਸਟਾਈਲ ਮੁਕਾਬਲਿਆਂ ਵਿਚ ਆਪਣੇ 74 ਕਿ. ਗ੍ਰਾ. ਭਾਰ ਵਰਗ ਵਿਚ ਇਤਿਹਾਸ ਦੁਹਰਾਉਣ ਦੇ ਮਜ਼ਬੂਤ ਇਰਾਦੇ ਨਾਲ ਉਤਰੇਗਾ। ਸੁਸ਼ੀਲ 2020 ਦੀਆਂ ਟੋਕੀਓ ਓਲੰਪਿਕ ਵਿਚ ਸੋਨ ਤਮਗੇ ਜਿੱਤਣ ਦਾ ਟੀਚਾ ਰੱਖਦਾ ਹੈ ਅਤੇ ਇਸ ਦੇ ਲਈ ਉਸ ਨੂੰ ਵਿਸ਼ਵ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਪਵੇਗਾ। ਸੁਸ਼ੀਲ ਨੇ 9 ਸਾਲ ਪਹਿਲਾਂ ਮਾਸਕੋ ਵਿਚ ਹੋਈ ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਿਆ ਸੀ, ਜਿਹੜਾ ਇਸ ਚੈਂਪੀਅਨਸ਼ਿਪ ਵਿਚ ਦੇਸ਼ ਦਾ ਇਕਲੌਤਾ ਸੋਨਾ ਵੀ ਹੈ। ਸੁਸ਼ੀਲ ਨੇ ਟ੍ਰਾਇਲ ਜਿੱਤ ਕੇ 9 ਸਾਲ ਬਾਅਦ ਇਸ ਚੈਂਪੀਅਨਸ਼ਿਪ ਵਿਚ ਉਤਰਨ ਦਾ ਹੱਕ ਹਾਸਲ ਕੀਤਾ ਹੈ।
ਪਿਛਲੇ ਸਾਲ ਸੁਸ਼ੀਲ ਨੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਮਗਾ ਜਿੱਤਿਆ ਸੀ ਪਰ ਜਕਾਰਤਾ ਏਸ਼ੀਆਈ ਖੇਡਾਂ ਵਿਚ ਉਸ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਸੀ। ਸੁਸ਼ੀਲ ਦੇ ਸਾਥੀ ਖਿਡਾਰੀ ਰਹੇ ਯੋਗੇਸ਼ਵਰ ਦੱਤ ਦਾ ਮੰਨਣਾ ਹੈ ਕਿ ਜਿੰਨਾ ਤਜਰਬਾ ਸੁਸ਼ੀਲ ਦੇ ਕੋਲ ਹੈ, ਉਸਦੇ ਦਮ 'ਤੇ ਉਹ ਵਿਸ਼ਵ ਚੈਂਪੀਅਨਸ਼ਿਪ ਵਿਚ ਦੇਸ਼ ਲਈ ਓਲੰਪਿਕ ਕੋਟਾ ਹਾਸਲ ਕਰ ਲਵੇਗਾ।


author

Gurdeep Singh

Content Editor

Related News