ਗੜ੍ਹਸ਼ੰਕਰ ਵਰਗਾ ਹਾਦਸਾ, ਹਸਪਤਾਲ ਤੋਂ ਘਰ ਜਾ ਰਹੀ ਨਰਸ ਦੀ ਲੱਤ ਉਪਰੋਂ ਲੰਘ ਗਿਆ ਟਿੱਪਰ

Saturday, Feb 14, 2026 - 04:04 PM (IST)

ਗੜ੍ਹਸ਼ੰਕਰ ਵਰਗਾ ਹਾਦਸਾ, ਹਸਪਤਾਲ ਤੋਂ ਘਰ ਜਾ ਰਹੀ ਨਰਸ ਦੀ ਲੱਤ ਉਪਰੋਂ ਲੰਘ ਗਿਆ ਟਿੱਪਰ

ਗੁਰਦਾਸਪੁਰ (ਹਰਮਨ) : ਗੁਰਦਾਸਪੁਰ–ਸ੍ਰੀ ਹਰਗੋਬਿੰਦਪੁਰ ਮਾਰਗ ‘ਤੇ ਬੇਲਗਾਮ ਅਤੇ ਓਵਰਲੋਡ ਟਿੱਪਰਾਂ ਕਾਰਨ ਹਾਦਸਿਆਂ ਦੀ ਲੜੀ ਜਾਰੀ ਹੈ। ਅਜਿਹਾ ਹੀ ਇਕ ਦਰਦਨਾਕ ਹਾਦਸਾ ਪਿੰਡ ਨੈਣੇਕੋਟ ਨੇੜੇ ਆਈਟੀਆਈ ਦੇ ਕੋਲ ਵਾਪਰਿਆ ਜਿੱਥੇ ਇਕ ਓਵਰਲੋਡ ਟਿੱਪਰ ਨੇ ਮੋਟਰਸਾਈਕਲ 'ਤੇ ਜਾ ਰਹੇ ਪਿਓ-ਧੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਟਿੱਪਰ ਲੜਕੀ ਦੀ ਲੱਤ ਉੱਪਰੋਂ ਲੰਘ ਗਿਆ। ਇਸ ਘਟਨਾ ਵਿਚ ਪਿਤਾ ਬਲਜੀਤ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦਕਿ ਧੀ ਕੋਮਲਪ੍ਰੀਤ ਕੌਰ ਦੀ ਹਾਲਤ ਗੰਭੀਰ ਹੋ ਗਈ। ਉਸਨੂੰ ਪਹਿਲਾਂ ਬਟਾਲਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਹਾਲਤ ਨਾਜ਼ੁਕ ਹੋਣ ਕਾਰਨ ਬਾਅਦ ਵਿਚ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਨੇ ਦੱਸਿਆ ਕਿ ਟਿੱਪਰ ਦੇ ਟਾਇਰਾਂ ਹੇਠ ਆਉਣ ਨਾਲ ਲੱਤ ਬੁਰੀ ਤਰ੍ਹਾਂ ਕੁਚਲੀ ਜਾਣ ਕਾਰਨ ਕੱਟਣੀ ਪਈ ਹੈ। ਇਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਵਿਚ ਵੀ ਅਜਿਹਾ ਹਾਦਸਾ ਵਾਪਰਿਆ ਸੀ ਜਿੱਥੇ ਇਕ ਨੌਜਵਾਨ ਕੁੜੀ ਦੀਆਂ ਲੱਤਾਂ ਉਪਰੋਂ ਟਰੱਕ ਲੰਘ ਗਿਆ ਸੀ। 

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਨੇ 17 ਫਰਵਰੀ ਨੂੰ ਲੈ ਕੇ ਕਰ 'ਤਾ ਵੱਡਾ ਐਲਾਨ

ਦੂਜੇ ਪਾਸੇ ਪਰਿਵਾਰਕ ਮੈਂਬਰਾਂ ਬਲਜੀਤ ਸਿੰਘ, ਰਘਬੀਰ ਸਿੰਘ ਪੰਚ, ਪ੍ਰਧਾਨ ਅਵਤਾਰ ਸਿੰਘ ਅਤੇ ਇਲਾਕੇ ਦੇ ਲੋਕਾਂ ਨੇ ਦੋਸ਼ ਲਗਾਇਆ ਕਿ ਟਿੱਪਰ ਬਹੁਤ ਜ਼ਿਆਦਾ ਓਵਰਲੋਡ ਸੀ ਅਤੇ ਬੇਪਰਵਾਹੀ ਨਾਲ ਚਲਾਇਆ ਜਾ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਇਸ ਹਾਦਸੇ ਨਾਲ ਕੋਮਲਪ੍ਰੀਤ ਦਾ ਭਵਿੱਖ ਤਬਾਹ ਹੋ ਗਿਆ ਹੈ ਅਤੇ ਪਰਿਵਾਰ ਨੂੰ ਵੱਡਾ ਸਦਮਾ ਪਹੁੰਚਿਆ ਹੈ। ਲੋਕਾਂ ਨੇ ਟਿੱਪਰ ਚਾਲਕ ਅਤੇ ਸੰਬੰਧਤ ਕੰਪਨੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਅਤੇ ਪੁਲਸ ਤੇ ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀਆਂ ਤੋਂ ਓਵਰਲੋਡ ਟਿੱਪਰਾਂ ‘ਤੇ ਤੁਰੰਤ ਨੱਥ ਪਾਉਣ ਦੀ ਅਪੀਲ ਕੀਤੀ। ਇਸ ਸਬੰਧੀ ਜਦੋਂ ਥਾਣਾ ਕਾਹਨੂੰਵਾਨ ਦੇ ਮੁਖੀ ਗੁਰਨਾਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਟਿੱਪਰ ਨੂੰ ਪੁਲਸ ਨੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀਆਂ ਦੀ ਤਲਾਸ਼ੀ ਲੈਣ 'ਤੇ ਉੱਡੇ ਹੋਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News