100 ਸਾਲਾਂ ਦੇ ਹੋਏ CBI ਦੇ ਸਾਬਕਾ ਚੀਫ਼ ਜਗਜੀਤ ਸਿੰਘ ਬਾਵਾ; ਇੰਦਰਾ ਗਾਂਧੀ ਨਾਲ ਜੁੜੀਆਂ ਯਾਦਾਂ ਕੀਤੀਆਂ ਸਾਂਝੀਆਂ

Saturday, Feb 21, 2026 - 12:28 PM (IST)

100 ਸਾਲਾਂ ਦੇ ਹੋਏ CBI ਦੇ ਸਾਬਕਾ ਚੀਫ਼ ਜਗਜੀਤ ਸਿੰਘ ਬਾਵਾ; ਇੰਦਰਾ ਗਾਂਧੀ ਨਾਲ ਜੁੜੀਆਂ ਯਾਦਾਂ ਕੀਤੀਆਂ ਸਾਂਝੀਆਂ

ਚੰਡੀਗੜ੍ਹ: ਸੀ.ਬੀ.ਆਈ. ਦੇ ਸਾਬਕਾ ਡਾਇਰੈਕਟਰ ਜਗਜੀਤ ਸਿੰਘ ਬਾਵਾ ਅੱਜ 100 ਸਾਲਾਂ ਦੇ ਹੋ ਗਏ ਹਨ। 1951 ਬੈਚ ਦੇ ਪੰਜਾਬ ਕੈਡਰ ਦੇ ਆਈ.ਪੀ.ਐਸ. ਅਧਿਕਾਰੀ ਰਹੇ ਬਾਵਾ ਅੱਜ ਵੀ ਬਹੁਤ ਸਰਗਰਮ ਜੀਵਨ ਜੀਅ ਰਹੇ ਹਨ। ਉਹ ਚੰਡੀਗੜ੍ਹ ਦੇ ਸੈਕਟਰ 18 ਵਿੱਚ ਰਹਿੰਦੇ ਹਨ ਅਤੇ ਹਫ਼ਤੇ ਵਿੱਚ ਪੰਜ ਵਾਰ ਗੋਲਫ਼ ਖੇਡਦੇ ਹਨ ਤੇ ਦੋਸਤਾਂ ਨੂੰ ਮਿਲਦੇ ਹਨ। ਅੱਜ ਆਪਣੇ ਜਨਮ ਦਿਨ ਦੇ ਖ਼ਾਸ ਮੌਕੇ 'ਤੇ ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਆਪਣੇ ਜੀਵਨ ਦੇ ਉਨ੍ਹਾਂ ਅਹਿਮ ਪਲਾਂ ਨੂੰ ਯਾਦ ਕੀਤਾ ਜਦੋਂ ਉਨ੍ਹਾਂ ਦਾ ਸਾਹਮਣਾ ਦੇਸ਼ ਦੇ ਇਤਿਹਾਸ ਦੀਆਂ ਵੱਡੀਆਂ ਘਟਨਾਵਾਂ ਨਾਲ ਹੋਇਆ।

ਇੰਦਰਾ ਗਾਂਧੀ ਦੀ ਹੱਤਿਆ ਅਤੇ ਦਿੱਲੀ ਦੇ ਹਾਲਾਤ

ਬਾਵਾ ਨੇ 1984 ਵਿਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਵਾਲੇ ਦਿਨ ਨੂੰ ਯਾਦ ਕਰਦਿਆਂ ਦੱਸਿਆ ਕਿ ਉਸ ਵੇਲੇ ਉਹ ਅਤੇ ਗ੍ਰਹਿ ਸਕੱਤਰ ਐੱਮ.ਐੱਮ.ਕੇ. ਵਾਲੀ ਇਕ ਪਰੇਡ ਵਿਚ ਸ਼ਾਮਲ ਸਨ, ਜਿੱਥੇ ਉਨ੍ਹਾਂ ਨੂੰ ਵੱਖੋ-ਵੱਖਰੇ ਫ਼ੋਨ ਆਏ ਅਤੇ ਉਹ ਤੁਰੰਤ ਆਪਣੇ ਦਫ਼ਤਰਾਂ ਲਈ ਰਵਾਨਾ ਹੋ ਗਏ। ਉਨ੍ਹਾਂ ਦੱਸਿਆ ਕਿ ਉਸ ਸ਼ਾਮ ਦਿੱਲੀ ਹਿੰਸਾ ਦੀ ਲਪੇਟ ਵਿਚ ਸੀ ਅਤੇ ਸੜਕਾਂ 'ਤੇ ਭੜਕਾਊ ਨਾਅਰੇ ਲੱਗ ਰਹੇ ਸਨ। ਪੁਲਸ ਦੀ ਸਲਾਹ 'ਤੇ ਉਹ ਤਿੰਨ-ਚਾਰ ਦਿਨ ਘਰ ਹੀ ਰਹੇ, ਪਰ ਬਾਅਦ ਵਿਚ ਦਿੱਲੀ ਪੁਲਸ ਦੀ ਸੁਰੱਖਿਆ ਹੇਠ ਉਹ ਮਰਹੂਮ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਪਹੁੰਚੇ।

ਸੀ.ਬੀ.ਆਈ. ਨੂੰ ਭੰਗ ਹੋਣ ਤੋਂ ਬਚਾਉਣਾ

ਜਗਜੀਤ ਸਿੰਘ ਬਾਵਾ ਨੇ ਦੱਸਿਆ ਕਿ ਜਦੋਂ 1980 ਵਿਚ ਇੰਦਰਾ ਗਾਂਧੀ ਦੁਬਾਰਾ ਸੱਤਾ ਵਿਚ ਆਏ, ਤਾਂ ਉਨ੍ਹਾਂ ਦਾ ਪਹਿਲਾ ਹੁਕਮ ਸੀ.ਬੀ.ਆਈ. ਨੂੰ ਭੰਗ ਕਰਨ ਦਾ ਸੀ। ਬਾਵਾ ਨੇ ਇਸ ਹੁਕਮ 'ਤੇ ਹੈਰਾਨੀ ਪ੍ਰਗਟਾਈ ਅਤੇ ਅਧਿਐਨ ਲਈ ਸਮਾਂ ਮੰਗਿਆ। ਅਗਲੇ ਦਿਨ ਉਨ੍ਹਾਂ ਨੇ ਇਕ ਵਿਸਥਾਰਤ ਅਸਹਿਮਤੀ ਨੋਟ ਪੇਸ਼ ਕੀਤਾ ਅਤੇ ਇੰਦਰਾ ਗਾਂਧੀ ਨੂੰ ਸੀ.ਬੀ.ਆਈ. ਨੂੰ ਭੰਗ ਨਾ ਕਰਨ ਲਈ ਮਨਾ ਲਿਆ।


author

Anmol Tagra

Content Editor

Related News