ਖੇਡ ਮੰਤਰਾਲਾ ਨੇ ਯੋਜਨਾਵਾਂ, ਪੁਰਸਕਾਰਾਂ ਲਈ ਆਨਲਾਈਨ ਪੋਰਟਲ ਕੀਤਾ ਲਾਂਚ

07/08/2022 4:00:48 PM

ਨਵੀਂ ਦਿੱਲੀ (ਏਜੰਸੀ) : ਹੁਣ ਯੋਗ ਖਿਡਾਰੀਆਂ ਅਤੇ ਸਾਬਕਾ ਖਿਡਾਰੀਆਂ ਨੂੰ ਆਪਣੇ ਇਨਾਮ ਅਤੇ ਬਕਾਇਆ ਰਾਸ਼ੀ ਲੈਣ ਲਈ ਰਾਸ਼ਟਰੀ ਫੈਡਰੇਸ਼ਨਾਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਭੱਜਣ ਦੀ ਲੋੜ ਨਹੀਂ ਪਵੇਗੀ, ਕਿਉਂਕਿ ਖੇਡ ਮੰਤਰਾਲਾ ਨੇ ਹੁਣ ਇਨ੍ਹਾਂ ਪ੍ਰਕਿਰਿਆਵਾਂ ਨੂੰ ਆਨਲਾਈਨ ਕਰ ਦਿੱਤਾ ਹੈ। ਖੇਡ ਮੰਤਰੀ ਅਨੁਰਾਗ ਠਾਕੁਰ ਨੇ ਸ਼ੁੱਕਰਵਾਰ ਨੂੰ ਆਪਣੇ ਵਿਭਾਗ ਲਈ ਤਿੰਨ ਪ੍ਰਮੁੱਖ ਪਹਿਲਕਦਮੀਆਂ ਸ਼ੁਰੂ ਕੀਤੀਆਂ, ਜਿਨ੍ਹਾਂ ਵਿੱਚ ਖੇਡ ਵਿਭਾਗ ਦੀਆਂ ਯੋਜਨਾਵਾਂ ਲਈ ਆਨਲਾਈਨ ਪੋਰਟਲ, ਰਾਸ਼ਟਰੀ ਖੇਡ ਵਿਕਾਸ ਫੰਡ (ਐੱਨ.ਐੱਸ.ਡੀ.ਐੱਫ.) ਦੀ ਵੈੱਬਸਾਈਟ ਅਤੇ ਖਿਡਾਰੀਆਂ ਲਈ ਨਕਦ ਇਨਾਮ, ਰਾਸ਼ਟਰੀ ਕਲਿਆਣ ਅਤੇ ਪੈਨਸ਼ਨ ਲਈ ਸੋਧੀ ਗਈ ਯੋਜਨਾ ਸ਼ਾਮਲ ਹੈ। ਸਰਗਰਮ ਖਿਡਾਰੀ ਹੁਣ ਖੇਡ ਵਿਭਾਗ ਦੇ ਪੋਰਟਲ 'ਤੇ ਆਨਲਾਈਨ ਅਪਲਾਈ ਕਰ ਸਕਦੇ ਹਨ, ਜਦਕਿ ਕਾਰਪੋਰੇਟ, PSU ਅਤੇ ਵਿਅਕਤੀ ਇਸ ਦੀ ਨਵੀਂ ਵੈੱਬਸਾਈਟ 'ਤੇ NSDFA ਫੰਡ ਵਿੱਚ ਯੋਗਦਾਨ ਪਾ ਸਕਦੇ ਹਨ। ਇਸ ਪਹਿਲਕਦਮੀ ਨੂੰ 'ਕ੍ਰਾਂਤੀਕਾਰੀ' ਕਰਾਰ ਦਿੰਦਿਆਂ ਠਾਕੁਰ ਨੇ ਕਿਹਾ ਕਿ ਇਹ ਸਰਕਾਰ ਦੇ 'ਡਿਜੀਟਲ ਇੰਡੀਆ ਮਿਸ਼ਨ' ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਪਾਰਦਰਸ਼ਤਾ ਅਤੇ ਜਵਾਬਦੇਹੀ ਲਿਆਉਣ 'ਚ ਮਦਦ ਕਰੇਗਾ।

ਠਾਕੁਰ ਨੇ ਕਿਹਾ, 'ਅਸੀਂ ਆਪਣੇ ਖਿਡਾਰੀਆਂ ਨੂੰ ਸਹੂਲਤਾਂ ਪ੍ਰਦਾਨ ਕਰਨਾ ਜਾਰੀ ਰੱਖਾਂਗੇ ਪਰ ਜੇਕਰ ਅਸੀਂ ਤਕਨਾਲੋਜੀ ਨੂੰ ਇਨ੍ਹਾਂ ਸਹੂਲਤਾਂ ਨਾਲ ਜੋੜ ਸਕੇ ਤਾਂ ਇਹ ਬਹੁਤ ਲਾਭਦਾਇਕ ਹੋ ਸਕਦਾ ਹੈ।' ਉਨ੍ਹਾਂ ਨੇ ਲਾਂਚਿੰਗ ਮੌਕੇ ਕਿਹਾ, ''ਜੇਕਰ ਕਿਸੇ ਖਿਡਾਰੀ ਨੂੰ ਚੰਗਾ ਪ੍ਰਦਰਸ਼ਨ ਕਰਨ ਤੋਂ ਬਾਅਦ ਸਰਕਾਰ ਤੋਂ ਪੁਰਸਕਾਰ ਅਤੇ ਮਾਨਤਾ ਲੈਣੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਫੈਡਰੇਸ਼ਨ ਜਾਂ ਇਸ ਤੋਂ ਪਹਿਲਾਂ ਸਪੋਰਟਸ ਅਥਾਰਟੀ ਆਫ ਇੰਡੀਆ ਰਾਹੀਂ ਜਾਣਾ ਪੈਂਦਾ ਸੀ, ਜਿਸ ਤੋਂ ਬਾਅਦ ਇਸ ਦੀ ਜਾਂਚ ਹੁੰਦੀ ਸੀ ਅਤੇ ਇਸ ਨਾਲ ਖਿਡਾਰੀਆਂ ਨੂੰ ਬਕਾਇਆ ਲੈਣ ਵਿੱਚ ਲਗਭਗ ਇੱਕ ਜਾਂ ਦੋ ਸਾਲ ਲੱਗ ਜਾਂਦੇ ਸਨ। ਅਸੀਂ ਪ੍ਰਕਿਰਿਆ ਨੂੰ ਸਰਲ ਅਤੇ ਪਾਰਦਰਸ਼ੀ ਬਣਾ ਦਿੱਤਾ ਹੈ। ਸਧਾਰਨ ਸ਼ਬਦਾਂ ਵਿੱਚ ਕਹੀਏ ਤਾਂ ਅਸੀਂ ਵਧੇਰੇ ਪਾਰਦਰਸ਼ਤਾ ਅਤੇ ਜਵਾਬਦੇਹੀ ਲਈ ਤਕਨਾਲੋਜੀ ਦੀ ਵਰਤੋਂ ਕੀਤੀ ਹੈ ਅਤੇ ਇਸ ਨਾਲ ਖਿਡਾਰੀਆਂ ਨੂੰ ਆਨਲਾਈਨ ਅਪਲਾਈ ਕਰਨ ਵਿਚ ਮਦਦ ਮਿਲੇਗੀ ਅਤੇ ਉਨ੍ਹਾਂ ਨੂੰ ਆਪਣੀ ਰਾਸ਼ੀ ਸੀਮਤ ਸਮੇਂ ਵਿੱਚ ਮਿਲ ਜਾਵੇਗੀ।'


cherry

Content Editor

Related News