ਖੇਡ ਮੰਤਰਾਲਾ ਨੇ 12 ਪੈਰਾ ਖਿਡਾਰੀਆਂ ਦੀ ਵਿੱਤੀ ਸਹਾਇਤਾ ਨੂੰ ਦਿੱਤੀ ਮਨਜ਼ੂਰੀ
Wednesday, Apr 05, 2023 - 04:00 PM (IST)
ਨਵੀਂ ਦਿੱਲੀ (ਭਾਸ਼ਾ)- ਖੇਡ ਮੰਤਰਾਲਾ ਦੇ ਮਿਸ਼ਨ ਓਲੰਪਿਕ ਸੈੱਲ (ਐੱਮ.ਓ.ਸੀ.) ਨੇ 12 ਪੈਰਾ-ਬੈਡਮਿੰਟਨ ਖਿਡਾਰੀਆਂ ਦੀ ਆਗਾਮੀ ਬ੍ਰਾਜ਼ੀਲ ਪੈਰਾ-ਬੈਡਮਿੰਟਨ ਅੰਤਰਰਾਸ਼ਟਰੀ ਟੂਰਨਾਮੈਂਟ ਵਿੱਚ ਭਾਗੀਦਾਰੀ ਲਈ ਵਿੱਤੀ ਸਹਾਇਤਾ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿਚ ਪ੍ਰਮੋਦ ਭਗਤ ਅਤੇ ਮਾਨਸੀ ਜੋਸ਼ੀ ਸ਼ਾਮਲ ਹਨ। ਇਹ ਟੂਰਨਾਮੈਂਟ ਲੈਵਲ 2 ਦਾ ਮੁਕਾਬਲਾ ਹੈ ਅਤੇ 2023 ਲਈ ਪੈਰਿਸ ਪੈਰਾਲੰਪਿਕ ਕੁਆਲੀਫਾਇੰਗ ਦਾ ਹਿੱਸਾ ਹੈ।
ਇਹ ਰਾਸ਼ੀ ਮੰਤਰਾਲਾ ਦੀ 'ਟਾਰਗੇਟ ਓਲੰਪਿਕ ਪੋਡੀਅਮ' ਸਕੀਮ (ਟੌਪਸ) ਤਹਿਤ ਮਨਜ਼ੂਰ ਕੀਤੀ ਗਈ ਹੈ ਜਿਸ ਵਿੱਚ ਖਿਡਾਰੀਆਂ ਅਤੇ ਉਨ੍ਹਾਂ ਦੇ ਸਹਿਯੋਗੀ ਸਟਾਫ਼ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਭਗਤ ਅਤੇ ਜੋਸ਼ੀ ਤੋਂ ਇਲਾਵਾ, ਹੋਰ ਪੈਰਾ ਸ਼ਟਲਰ ਕ੍ਰਿਸ਼ਨਾ ਨਾਗਰ, ਸੁਕਾਂਤ ਕਦਮ, ਨਿਤੇਸ਼ ਕੁਮਾਰ, ਮਨੋਜ ਸਰਕਾਰ, ਸੁਹਾਸ ਯਤੀਰਾਜ, ਤਰੁਣ ਢਿੱਲੋਂ, ਮਨਦੀਪ ਕੌਰ, ਨਿਤਿਆ ਸ੍ਰੀ, ਪਾਰੁਲ ਪਰਮਾਰ ਅਤੇ ਮਨੀਸ਼ਾ ਰਾਮਦਾਸ ਸ਼ਾਮਲ ਹਨ। ਇਸ ਵਿੱਚ ਖਿਡਾਰੀਆਂ ਅਤੇ ਸਹਾਇਕ ਸਟਾਫ਼ ਦੀ ਯਾਤਰਾ, ਵੀਜ਼ਾ ਅਤੇ ਬੀਮੇ ਦੀ ਰਾਸ਼ੀ ਦੇ ਨਾਲ-ਨਾਲ ਉਨ੍ਹਾਂ ਦੀ ਬੋਰਡਿੰਗ ਅਤੇ ਰਿਹਾਇਸ਼ ਦੀ ਵਿਵਸਥਾ, ਟੂਰਨਾਮੈਂਟ ਦੀ ਐਂਟਰੀ ਫੀਸ ਸ਼ਾਮਲ ਹੋਵੇਗੀ।