CBSE ਦੀ ਅਧਿਆਪਕਾਂ ਨੂੰ ਦੋ ਟੁੱਕ: ਕਾਪੀਆਂ ਚੈੱਕ ਕਰਨ ਦੀ ਗੁਪਤਤਾ ਭੰਗ ਕੀਤੀ ਤਾਂ ਖ਼ੈਰ ਨਹੀਂ

Wednesday, Mar 18, 2026 - 10:16 AM (IST)

CBSE ਦੀ ਅਧਿਆਪਕਾਂ ਨੂੰ ਦੋ ਟੁੱਕ: ਕਾਪੀਆਂ ਚੈੱਕ ਕਰਨ ਦੀ ਗੁਪਤਤਾ ਭੰਗ ਕੀਤੀ ਤਾਂ ਖ਼ੈਰ ਨਹੀਂ

ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ 10ਵੀਂ ਤੇ 12ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਦੇ ਮੁਲਾਂਕਣ ਕਾਰਜ ਵਿਚ ਜੁਟੇ ਅਧਿਆਪਕਾਂ ਲਈ ਇਕ ਬੇਹੱਦ ਸਖਤ ਐਡਵਾਈਜ਼ਰੀ ਜਾਰੀ ਕੀਤੀ ਹੈ। ਬੋਰਡ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਾਪੀਆਂ ਚੈੱਕ ਕਰਨ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਗੁਪਤ ਹੈ ਅਤੇ ਜੇਕਰ ਕਿਸੇ ਵੀ ਅਧਿਆਪਕ ਨੇ ਇਸ ਨਾਲ ਜੁੜੀ ਕੋਈ ਵੀ ਜਾਣਕਾਰੀ, ਫੋਟੋ ਜਾਂ ਨਿੱਜੀ ਰਾਏ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਤਾਂ ਇਸ ਨੂੰ ਪੇਸ਼ਾਵਰ ਆਚਰਣ ਦੀ ਉਲੰਘਣਾ ਮੰਨ ਕੇ ਉਨ੍ਹਾਂ ਦੇ ਖਿਲਾਫ ਸਖਤ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇਗੀ।

ਅਸਲ ਵਿਚ ਬੋਰਡ ਦੇ ਧਿਆਨ ਵਿਚ ਆਇਆ ਹੈ ਕਿ ਕੁਝ ਅਧਿਆਪਕ ਫੇਸਬੁੱਕ, ਇੰਸਟਾਗ੍ਰਾਮ ਤੇ ਵ੍ਹਟਸਐਪ ਵਰਗੇ ਪਲੇਟਫਾਰਮਾਂ ’ਤੇ ਮੁਲਾਂਕਣ ਨਾਲ ਜੁੜੀਆਂ ਗੱਲਾਂ ਲਿਖ ਰਹੇ ਹਨ। ਕੋਈ ਅਧਿਆਪਕ ਕਾਪੀਆਂ ਵਿਚ ਲਿਖੇ ਉੱਤਰਾਂ ਦਾ ਮਜ਼ਾਕ ਉਡਾ ਰਿਹਾ ਹੈ ਤਾਂ ਕੋਈ ਮਾਰਕਿੰਗ ਸਕੀਮ ਨੂੰ ਲੈ ਕੇ ਭਰਮਾਊ ਦਾਅਵੇ ਕਰ ਰਿਹਾ ਹੈ। ਸੀ.ਬੀ.ਐੱਸ.ਈ. ਨੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਕਿਹਾ ਕਿ ਅਜਿਹੀਆਂ ਗੈਰ ਜਿੰਮੇਦਾਰਾਨਾ ਪੋਸਟਾਂ ਨਾਲ ਵਿਦਿਆਰਥੀਆਂ ਤੇ ਮਾਪਿਆਂ ਵਿਚ ਬਿਨਾਂ ਕਾਰਨ ਤਣਾਅ ਤੇ ਡਰ ਪੈਦਾ ਹੁੰਦਾ ਹੈ। ਬੋਰਡ ਨੇ ਯਾਦ ਦਿਵਾਇਆ ਕਿ ਇਵੈਲਿਊਏਸ਼ਨ ਇਕ ਸੰਵੇਦਨਸ਼ੀਲ ਪ੍ਰਕਿਰਿਆ ਹੈ ਅਤੇ ਇਸ ਦੀ ਗਰਿਮਾ ਬਣਾਈ ਰੱਖਣਾ ਹਰ ਅਧਿਆਪਕ ਦੀ ਜ਼ਿੰਮੇਵਾਰੀ ਹੈ।

ਇਹ ਵੀ ਪੜ੍ਹੋ : ਸੂਬੇ ਵਿਚ ਪੈਦਾ ਹੋਏ ਹਾਲਾਤ ਨੂੰ ਦੇਖਦਿਆਂ ਪੰਜਾਬ ਦੇ ਸਕੂਲਾਂ ਲਈ ਜਾਰੀ ਹੋਏ ਨਵੇਂ ਹੁਕਮ

ਹੋਵੇਗੀ ਜੇਲ੍ਹ ਜਾਂ ਸਸਪੈਂਸ਼ਨ ਵਰਗੀ ਸਖਤ ਕਾਰਵਾਈ

ਬੋਰਡ ਨੇ ਆਪਣੇ ਸਰਕੂਲਰ ਵਿਚ ਚਿਤਾਵਨੀ ਦਿੱਤੀ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਧਿਆਪਕਾਂ ਨੂੰ ਸਸਪੈਂਡ ਕੀਤਾ ਜਾ ਸਕਦਾ ਹੈ। ਉਨ੍ਹਾਂ ਨੂੰ ਸਕੂਲ ਤੋਂ ਕੱਢਿਆ ਜਾ ਸਕਦਾ ਹੈ ਜਾਂ ਭਵਿੱਖ ਵਿਚ ਬੋਰਡ ਦੀ ਕਿਸੇ ਵੀ ਡਿਊਟੀ ਦੇ ਲਈ ਹਮੇਸ਼ਾ ਲਈ ਬੈਨ ਕੀਤਾ ਜਾ ਸਕਦਾ ਹੈ। ਬੋਰਡ ਦਾ ਮੰਨਣਾ ਹੈ ਕਿ ਪ੍ਰੀਖਿਆ ਪ੍ਰਣਾਲੀ ਦੀ ਪਵਿੱਤਰਤਾ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਧਿਆਪਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਸਤੇ ਪ੍ਰਚਾਰ ਦੀ ਬਜਾਏ ਇਕ ਸੱਚੇ ਪ੍ਰੋਫੈਸ਼ਨਲ ਵਾਂਗ ਵਿਵਹਾਰ ਕਰਨ।

ਪ੍ਰਿੰਸੀਪਲਾਂ ਨੂੰ ਨਿਗਰਾਨੀ ਵਧਾਉਣ ਦੇ ਨਿਰਦੇਸ਼

ਬੋਰਡ ਨੇ ਸਾਰੇ ਮਾਨਤਾ ਪ੍ਰਾਪਤ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਵੀ ਸਖਤ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਸਟਾਫ ਨੂੰ ਇਨ੍ਹਾਂ ਨਿਯਮਾਂ ਦੇ ਪ੍ਰਤੀ ਜਾਗਰੂਕ ਕਰਨ। ਪ੍ਰਿੰਸੀਪਲਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਸਕੂਲ ਦਾ ਕੋਈ ਵੀ ਅਧਿਆਪਕ ਅਜਿਹੀ ਕਿਸੇ ਵੀ ਗਤੀਵਿਧੀ ਵਿਚ ਸ਼ਾਮਲ ਨਾ ਹੋਵੇ ਜੋ ਬੋਰਡ ਦੀ ਗੁਪਤਤਾ ਭੰਗ ਕਰਦੀ ਹੋਵੇ। ਬੋਰਡ ਦਾ ਇਹ ਕਦਮ ਉਨ੍ਹਾਂ ਲੱਖਾਂ ਵਿਦਿਆਰਥੀਆਂ ਦੇ ਹਿੱਤ ਵਿਚ ਹੈ ਜੋ ਪ੍ਰੀਖਿਆ ਤੋਂ ਬਾਅਦ ਮਾਨਸਿਕ ਦਬਾਅ ਵਿਚ ਰਹਿੰਦੇ ਹਨ ਤਾਂ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੋਂ ਬਚਾਇਆ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News