Sher-E-Punjab T20 League: ਅੰਮ੍ਰਿਤਸਰ ਸੂਰਮਾਜ਼ ਨੇ ਲੁਧਿਆਣਾ ਲਾਇੰਸ ਨੂੰ ਹਰਾ ਕੇ ਜਿੱਤਿਆ ਖ਼ਿਤਾਬ
Monday, Sep 14, 2026 - 02:18 PM (IST)
ਮੋਹਾਲੀ : ਸ਼ੇਰ-ਏ-ਪੰਜਾਬ T20 ਲੀਗ ਦੇ ਫਾਈਨਲ ਮੁਕਾਬਲੇ ਵਿੱਚ ਅੰਮ੍ਰਿਤਸਰ ਸੂਰਮਾਜ਼ ਨੇ ਲੁਧਿਆਣਾ ਲਾਇੰਸ ਨੂੰ 8 ਵਿਕਟਾਂ ਨਾਲ ਹਰਾ ਕੇ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ। ਮੋਹਾਲੀ ਦੇ ਆਈ.ਐੱਸ. ਬਿੰਦਰਾ ਸਟੇਡੀਅਮ ਵਿਖੇ ਖੇਡੇ ਗਏ ਇਸ ਮੈਚ ਵਿੱਚ ਅੰਮ੍ਰਿਤਸਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਲੁਧਿਆਣਾ ਲਾਇੰਸ ਨੂੰ 20 ਓਵਰਾਂ ਵਿੱਚ 142 ਦੌੜਾਂ 'ਤੇ ਰੋਕ ਦਿੱਤਾ।
ਲੁਧਿਆਣਾ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਇੱਕ ਸਮੇਂ ਉਨ੍ਹਾਂ ਦਾ ਸਕੋਰ 86/7 ਹੋ ਗਿਆ ਸੀ, ਜਿਸ ਵਿੱਚ ਕਪਤਾਨ ਸਲਿਲ ਅਰੋੜਾ, ਅਭਿਜੀਤ ਗਰਗ ਅਤੇ ਕ੍ਰਿਸ਼ਨ ਭਗਤ ਜਲਦੀ ਆਊਟ ਹੋ ਗਏ। ਇਸ ਤੋਂ ਬਾਅਦ ਹਰੀਸ਼ ਕੁਮਾਰ ਅਤੇ ਜੱਸਿੰਦਰ ਸਿੰਘ (14 ਦੌੜਾਂ) ਨੇ ਪਾਰੀ ਸੰਭਾਲਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਹਰੀਸ਼ ਨੇ ਸਾਹਿਲ ਭਾਸਕਰ ਨਾਲ ਮਿਲ ਕੇ ਆਖਰੀ ਵਿਕਟ ਲਈ 26 ਦੌੜਾਂ ਜੋੜ ਕੇ ਟੀਮ ਨੂੰ 142 ਦੌੜਾਂ ਤੱਕ ਪਹੁੰਚਾਇਆ। ਅੰਮ੍ਰਿਤਸਰ ਵੱਲੋਂ ਸਪਿਨਰ ਮਯੰਕ ਮਾਰਕੰਡੇ ਸਭ ਤੋਂ ਸਫ਼ਲ ਗੇਂਦਬਾਜ਼ ਰਹੇ, ਜਿਨ੍ਹਾਂ ਨੇ 4 ਓਵਰਾਂ ਵਿੱਚ 17 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ।
143 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਅੰਮ੍ਰਿਤਸਰ ਸੂਰਮਾਜ਼ ਨੇ ਜਸ਼ਨਪ੍ਰੀਤ ਸਿੰਘ ਦੀ ਵਿਕਟ ਜਲਦੀ ਗੁਆ ਦਿੱਤੀ ਸੀ, ਪਰ ਕਪਤਾਨ ਨਮਨ ਧੀਰ ਨੇ 12 ਗੇਂਦਾਂ ਵਿੱਚ 29 ਦੌੜਾਂ ਦੀ ਤੇਜ਼ ਪਾਰੀ ਖੇਡ ਕੇ ਟੀਮ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ। ਨਮਨ ਅਤੇ ਸਹਜ ਧਵਨ ਵਿਚਾਲੇ 58 ਦੌੜਾਂ ਦੀ ਭਾਈਵਾਲੀ ਹੋਈ। ਇਸ ਤੋਂ ਬਾਅਦ ਸਹਜ ਧਵਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਨਾਬਾਦ ਅਰਧ-ਸੈਂਕੜਾ ਜੜਿਆ, ਜਦਕਿ ਰਾਹੁਲ ਕੁਮਾਰ ਨੇ 30 ਗੇਂਦਾਂ ਵਿੱਚ ਅਜੇਤੂ 42 ਦੌੜਾਂ ਬਣਾ ਕੇ ਅੰਮ੍ਰਿਤਸਰ ਸੂਰਮਾਜ਼ ਨੂੰ ਆਸਾਨੀ ਨਾਲ ਜਿੱਤ ਦਿਵਾ ਦਿੱਤੀ।
