INDW vs PAKW Asia Cup: ਪਾਕਿਸਤਾਨ ਨੇ ਟਾਸ ਜਿੱਤ ਕੇ ਚੁਣੀ ਬੱਲੇਬਾਜ਼ੀ, ਦੇਖੋ ਪਲੇਇੰਗ-11

Saturday, Sep 05, 2026 - 07:42 PM (IST)

INDW vs PAKW Asia Cup: ਪਾਕਿਸਤਾਨ ਨੇ ਟਾਸ ਜਿੱਤ ਕੇ ਚੁਣੀ ਬੱਲੇਬਾਜ਼ੀ, ਦੇਖੋ ਪਲੇਇੰਗ-11

ਸਪੋਰਟਸ ਡੈਸਕ : ਭਾਰਤੀ ਮਹਿਲਾ ਟੀਮ ਅੱਜ ਮਹਿਲਾ ਏਸ਼ੀਆ ਕੱਪ 2026 ਵਿੱਚ ਪਾਕਿਸਤਾਨ ਨਾਲ ਭਿੜੇਗੀ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਮੈਚ ਵਿੱਚ ਭਾਰਤੀ ਟੀਮ ਪਹਿਲਾਂ ਗੇਂਦਬਾਜ਼ੀ ਕਰ ਰਹੀ ਹੈ। ਭਾਰਤੀ ਟੀਮ ਦਾ ਪਾਕਿਸਤਾਨ ਵਿਰੁੱਧ ਪੁਰਾਣਾ ਰਿਕਾਰਡ ਮਜ਼ਬੂਤ ​​ਹੈ। ਚੱਲ ਰਹੇ ਏਸ਼ੀਆ ਕੱਪ ਵਿੱਚ, ਟੀਮ ਇੰਡੀਆ ਪਹਿਲਾਂ ਹੀ ਹਾਂਗਕਾਂਗ ਅਤੇ ਥਾਈਲੈਂਡ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚ ਚੁੱਕੀ ਹੈ। ਦੂਜੇ ਪਾਸੇ, ਪਾਕਿਸਤਾਨ ਨੇ ਹੁਣ ਤੱਕ ਸਿਰਫ਼ ਇੱਕ ਮੈਚ ਖੇਡਿਆ ਹੈ। ਟੀਮ ਇੰਡੀਆ ਇਸ ਮੈਚ ਨੂੰ ਜਿੱਤ ਕੇ ਆਪਣੀ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ।

ਭਾਰਤ ਮਹਿਲਾ (ਪਲੇਇੰਗ ਇਲੈਵਨ) : ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਪ੍ਰਤੀਕਾ ਰਾਵਲ, ਹਰਮਨਪ੍ਰੀਤ ਕੌਰ (ਕੈਪਟਨ), ਭਾਰਤੀ ਫੁਲਮਾਲੀ, ਰਿਚਾ ਘੋਸ਼ (ਵਿਕਟਕੀਪਰ), ਦੀਪਤੀ ਸ਼ਰਮਾ, ਪ੍ਰੇਮਾ ਰਾਵਤ, ਨੰਦਨੀ ਸ਼ਰਮਾ, ਸ਼੍ਰੀ ਚਰਨੀ, ਕ੍ਰਾਂਤੀ ਗੌੜ।

ਪਾਕਿਸਤਾਨ ਮਹਿਲਾ (ਪਲੇਇੰਗ ਇਲੈਵਨ): ਮੁਨੀਬਾ ਅਲੀ (ਵਿਕਟਕੀਪਰ), ਸ਼ਵਾਲ ਜ਼ੁਲਫਿਕਾਰ, ਗੁਲ ਫਿਰੋਜ਼ਾ, ਆਇਸ਼ਾ ਜ਼ਫਰ, ਸਦਾਫ ਸ਼ਮਸ, ਫਾਤਿਮਾ ਸਨਾ (ਕੈਪਟਨ), ਉਮ-ਏ-ਹਾਨੀ, ਏਮਾਨ ਫਾਤਿਮਾ, ਤੂਬਾ ਹਸਨ, ਨਸ਼ਰਾ ਸੰਧੂ, ਸਾਦੀਆ ਇਕਬਾਲ।

ਦੁਬਈ ਕੌਮਾਂਤਰੀ ਸਟੇਡੀਅਮ ’ਚ ਹੋਣ ਵਾਲੇ ਮੁਕਾਬਲੇ ’ਚ ਭਾਰਤ ਦਾ ਪੱਲੜਾ ਕਾਫੀ ਮਜ਼ਬੂਤ ਦਿਸ ਰਿਹਾ ਹੈ। ਭਾਰਤ ਲਈ ਇਹ ਮੈਚ ਸਿਰਫ ਰਸਮੀ ਨਹੀਂ ਹੋਵੇਗਾ। ਵਿਸ਼ਵ ਕੱਪ ’ਚ ਪਿਛਲੇ ਕੁਝ ਮੌਕਿਆਂ ’ਚ ਸਮੇਂ ਤੋਂ ਪਹਿਲਾਂ ਬਾਹਰ ਹੋਣ ਤੋਂ ਬਾਅਦ ਭਾਰਤੀ ਟੀਮ ਨੂੰ ਟੀ-20 ਫਾਰਮੈੱਟ ’ਚ ਕੁਝ ਖੇਤਰਾਂ ’ਚ ਸੁਧਾਰ ਦੀ ਲੋੜ ਹੈ। ਆਸਟ੍ਰੇਲੀਆ ਵਰਗੀ ਟੀਮ ਦੇ ਦਬਦਬੇ ਨੂੰ ਚੁਣੌਤੀ ਦੇਣ ਲਈ ਭਾਰਤ ਨੂੰ ਬਿਹਤਰ ਪਾਵਰ-ਹਿੱਟਰ ਅਤੇ ਤੇਜ਼ ਗੇਂਦਬਾਜ਼ਾਂ ਦਾ ਮਜ਼ਬੂਤ ਪੂਲ ਤਿਆਰ ਕਰਨਾ ਪਵੇਗਾ। ਏਸ਼ੀਆਈ ਪੱਧਰ ’ਤੇ ਹਾਲਾਂਕਿ ਭਾਰਤ ਦੇ ਨੇੜੇ-ਤੇੜੇ ਵੀ ਕੋਈ ਟੀਮ ਨਜ਼ਰ ਨਹੀਂ ਆਉਂਦੀ। ਪਿਛਲੀ ਵਾਰ ਭਾਰਤ ਕੁਝ ਗਲਤੀਆਂ ਕਾਰਨ ਸ਼੍ਰੀਲੰਕਾ ਵਿਰੁੱਧ ਫਾਈਨਲ ’ਚ ਉਪ ਜੇਤੂ ਰਿਹਾ ਸੀ।

ਦੂਜੇ ਪਾਸੇ, ਪਾਕਿਸਤਾਨ ਨੇ ਆਪਣੇ ਸ਼ੁਰੂਆਤੀ ਮੁਕਾਬਲੇ ’ਚ ਥਾਈਲੈਂਡ ਨੂੰ ਹਰਾਇਆ ਹੈ ਅਤੇ ਅਜੇ ਵੀ ਸੈਮੀਫਾਈਨਲ ਦੀ ਦੌੜ ’ਚ ਬਣਿਆ ਹੋਇਆ ਹੈ। ਭਾਰਤ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਅਤੇ ਸ਼ੈਫਾਲੀ ਵਰਮਾ ਵੀ ਸ਼ਾਨਦਾਰ ਫਾਰਮ ’ਚ ਹਨ। ਮੰਧਾਨਾ ਨੇ ਹਾਂਗਕਾਂਗ ਵਿਰੁੱਧ ਯਾਦਗਾਰ ਸੈਂਕੜਾ ਲਾਉਂਦੇ ਹੋਏ ਕਈ ਰਿਕਾਰਡ ਆਪਣੇ ਨਾਂ ਕੀਤੇ ਤੇ ਹੋਰਨਾਂ ਟੀਮਾਂ ਨੂੰ ਆਪਣੀ ਬੱਲੇਬਾਜ਼ੀ ਸਮਰੱਥਾ ਦਾ ਸੰਕੇਤ ਦੇ ਦਿੱਤਾ।

ਦੁਬਈ ਦੀਆਂ ਪਿੱਚਾਂ ’ਤੇ ਬੱਲੇਬਾਜ਼ੀ ਆਸਾਨ ਨਹੀਂ ਰਹੀ ਹੈ। ਬੱਲੇਬਾਜ਼ਾਂ ਨੂੰ ਆਮ ਤੌਰ ’ਤੇ ਪਿੱਚ ਦੀ ਗਤੀ ਤੇ ਉਛਾਲ ਨੂੰ ਸਮਝਣ ’ਚ ਲੱਗਭਗ 10 ਗੇਂਦਾਂ ਲੱਗਦੀਆਂ ਹਨ ਅਤੇ ਉਸੇ ਦੇ ਅਨੁਸਾਰ ਪਾਰੀ ਦੀ ਯੋਜਨਾ ਬਣਾਉਣੀ ਪੈਂਦੀ ਹੈ। ਮੰਧਾਨਾ ਅਤੇ ਸ਼ੈਫਾਲੀ ਨੇ ਵੀ ਵੀਰਵਾਰ ਰਾਤ ਇਸੇ ਰਣਨੀਤੀ ਨੂੰ ਅਪਣਾਇਆ ਸੀ। ਮੱਧਕ੍ਰਮ ’ਚ ਪ੍ਰਤਿਕਾ ਰਾਵਲ, ਰਿਚਾ ਘੋਸ਼ ਤੇ ਕਪਤਾਨ ਹਰਮਨਪ੍ਰੀਤ ਕੌਰ ਦੀ ਭੂਮਿਕਾ ਅਹਿਮ ਹੋਵੇਗੀ। ਤਿੰਨੋਂ ਚੰਗੀ ਸ਼ੁਰੂਆਤ ਨੂੰ ਵੱਡੀਆਂ ਪਾਰੀਆਂ ’ਚ ਬਦਲ ਨਹੀਂ ਕਰ ਸਕੀਆਂ ਹਨ। ਖਾਸ ਤੌਰ ’ਤੇ ਨੰਬਰ-3 ’ਤੇ ਬੱਲੇਬਾਜ਼ੀ ਕਰ ਰਹੀ ਰਾਵਲ ’ਤੇ ਦਬਾਅ ਵਧ ਰਿਹਾ ਹੈ। ਵਨ ਡੇ ’ਚ ਸਫਲ ਰਹੀ ਰਾਵਲ ਟੀ-20 ਫਾਰਮੈੱਟ ਦੀਆਂ ਲੋੜਾਂ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੀ ਹੈ।

ਗੇਂਦਬਾਜ਼ੀ ’ਚ ਨੰਦਨੀ ਸ਼ਰਮਾ ਦਾ ਸ਼ਾਮਲ ਹੋਣਾ ਭਾਰਤ ਲਈ ਹਾਂ-ਪੱਖੀ ਕਦਮ ਰਿਹਾ ਹੈ। ਉਹ ਪ੍ਰਮੁੱਖ ਤੇਜ਼ ਗੇਂਦਬਾਜ਼ ਕ੍ਰਾਂਤੀ ਗੌੜ ਦੇ ਨਾਲ ਨਵੀਂ ਗੇਂਦ ਸੰਭਾਲਦੇ ਹੋਏ ਆਪਣੀ ਸਮਰੱਥਾ ਦੇ ਅਨੁਸਾਰ ਪ੍ਰਦਰਸ਼ਨ ਕਰ ਰਹੀ ਹੈ। ਪਾਕਿਸਤਾਨ ਨੂੰ ਭਾਰਤ ਨੂੰ ਚੁਣੌਤੀ ਦੇਣ ਲਈ ਆਪਣੀ ਬੱਲੇਬਾਜ਼ੀ ’ਚ ਵੱਡੇ ਸੁਧਾਰ ਦੀ ਲੋੜ ਹੈ। ਬੱਲੇਬਾਜ਼ੀ ਦੀ ਕਮਜ਼ੋਰੀ ਲੰਬੇ ਸਮੇਂ ਤੋਂ ਟੀਮ ਦੀ ਪ੍ਰੇਸ਼ਾਨੀ ਰਹੀ ਹੈ। ਥਾਈਲੈਂਡ ਵਿਰੁੱਧ ਪਿਛਲੇ ਮੈਚ ’ਚ ਵੀ ਪਾਕਿਸਤਾਨ ਨੇ ਪਾਵਰਪਲੇਅ ’ਚ 3 ਵਿਕਟਾਂ ਗੁਆ ਕੇ ਖੁਦ ਨੂੰ ਮੁਸ਼ਕਿਲ ’ਚ ਪਾ ਲਿਆ ਸੀ, ਹਾਲਾਂਕਿ ਬਾਅਦ ’ਚ ਉਸ ਨੇ 119 ਦੌੜਾਂ ਦੇ ਮਾਮੂਲੀ ਟੀਚੇ ਦਾ ਸਫਲਤਾਪੂਰਵਕ ਬਚਾਅ ਕਰ ਲਿਆ। ਟੀਮ ਅਜੇ ਵੀ ਸਲਾਮੀ ਬੱਲੇਬਾਜ਼ ਮੁਨੀਬਾ ਅਲੀ ਅਤੇ ਕਪਤਾਨ ਤੇ ਗੇਂਦਬਾਜ਼ ਆਲਰਾਊਂਡਰ ਫਾਤਿਮਾ ਸਨਾ ’ਤੇ ਕਾਫੀ ਨਿਰਭਰ ਹੈ। ਭਾਰਤ ਵਰਗੀ ਮਜ਼ਬੂਤ ਟੀਮ ਨੂੰ ਚੁਣੌਤੀ ਦੇਣ ਲਈ ਪਾਕਿਸਤਾਨ ਨੂੰ ਇਸ ਨਿਰਭਰਤਾ ਤੋਂ ਬਾਹਰ ਨਿਕਲਣਾ ਪਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News