PCB ਨੇ ਇੰਗਲੈਂਡ ਦੌਰੇ ’ਤੇ ਅਨੁਸ਼ਾਸਨ ਤੇ ਆਚਰਣ ਨੂੰ ਲੈ ਕੇ ਸ਼ੁਰੂ ਕੀਤੀ ਅੰਦਰੂਨੀ ਜਾਂਚ

Tuesday, Sep 08, 2026 - 11:10 AM (IST)

PCB ਨੇ ਇੰਗਲੈਂਡ ਦੌਰੇ ’ਤੇ ਅਨੁਸ਼ਾਸਨ ਤੇ ਆਚਰਣ ਨੂੰ ਲੈ ਕੇ ਸ਼ੁਰੂ ਕੀਤੀ ਅੰਦਰੂਨੀ ਜਾਂਚ

ਲਾਹੌਰ– ਇੰਗਲੈਂਡ ਦੌਰੇ ’ਤੇ ਪਾਕਿਸਤਾਨ ਕ੍ਰਿਕਟ ਟੀਮ ਦੇ ਖਿਡਾਰੀਆਂ ਦੇ ਅਨੁਸ਼ਾਸਨ ਨੂੰ ਲੈ ਕੇ ਵਧਦੀ ਮੀਡੀਆ ਅਟਕਲਾਂ ਵਿਚਾਲੇ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਸੋਮਵਾਰ ਨੂੰ ਅੰਦਰੂਨੀ ਜਾਂਚ ਸ਼ੁਰੂ ਕਰਨ ਦਾ ਐਲਾਨ ਕੀਤਾ। ਇੰਗਲੈਂਡ ਵਿਰੁੱਧ ਸ਼ੁਰੂਆਤੀ 2 ਟੈਸਟਾਂ ’ਚ ਕਰਾਰੀ ਹਾਰ ਤੋਂ ਬਾਅਦ ਪਾਕਿਸਤਾਨ ਨੇ ਆਪਣੇ 7 ਖਿਡਾਰੀਆਂ ਨੂੰ ਸਵਦੇਸ਼ ਵਾਪਸ ਬੁਲਾ ਲਿਆ ਸੀ।

ਪੀ. ਸੀ. ਬੀ. ਦੇ ਮੀਡੀਆ ਮੁਖੀ ਆਮਿਰ ਮੀਰ ਨੇ ਇਕ ਬਿਆਨ ’ਚ ਜਾਂਚ ਦੀ ਜਾਣਕਾਰੀ ਦਿੱਤੀ ਪਰ ਉਸ ਨੇ ਕਥਿਤ ਅਨੁਸ਼ਾਸਨਹੀਣਤਾ ਜਾਂ ਉਸ ਨਾਲ ਜੁੜੇ ਖਿਡਾਰੀਆਂ ਬਾਰੇ ਕੋਈ ਸਪੱਸ਼ਟ ਬਿਓਰਾ ਨਹੀਂ ਦਿੱਤਾ। ਉਸ ਨੇ ਕਿਹਾ, ‘‘ਮੀਡੀਆ ’ਚ ਅਨੁਸ਼ਾਸਨ ਤੇ ਆਚਰਣ ਨਾਲ ਸਬੰਧਤ ਖਬਰਾਂ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਨੇ ਅੰਦਰੂਨੀ ਅਨੁਸ਼ਾਸਨੀ ਜਾਂਚ ਸ਼ੁਰੂ ਕੀਤੀ ਹੈ। ਇਨ੍ਹਾਂ ਮਾਮਲਿਆਂ ਦੀ ਫਿਲਹਾਲ ਅੰਦਰੂਨੀ ਪੱਧਰ ’ਤੇ ਸਮੀਖਿਆ ਕੀਤੀ ਜਾ ਰਹੀ ਹੈ।’’

ਉਸ ਨੇ ਕਿਹਾ, ‘‘ਪੀ. ਸੀ. ਬੀ. ਅਜਿਹੇ ਮਾਮਲਿਆਂ ਨੂੰ ਆਪਣੀ ਨਿਰਧਾਰਿਤ ਪ੍ਰਕਿਰਿਆ ਦੇ ਤਹਿਤ ਦੇਖਦਾ ਹੈ। ਜਾਂਚ ਬੋਰਡ ਦੇ ਨਿਯਮਾਂ ਅਨੁਸਾਰ ਕੀਤੀ ਜਾ ਰਹੀ ਹੈ ਅਤੇ ਇਸ ’ਚ ਸਬੰਧਤ ਸਾਰੇ ਵਿਅਕਤੀਆਂ ਦੇ ਪੱਖ ’ਤੇ ਉਚਿਤ ਰੂਪ ਨਾਲ ਵਿਚਾਰ ਕੀਤਾ ਜਾਵੇਗਾ।’’

ਪੀ. ਸੀ. ਬੀ. ਨੇ ਮੁਹੰਮਦ ਰਿਜ਼ਵਾਨ, ਇਮਾਮ-ਉਲ-ਹੱਕ ਤੇ ਸਲਮਾਨ ਅਲੀ ਆਗਾ ਵਰਗੇ ਤਜ਼ਰੇਬਕਾਰ ਖਿਡਾਰੀਆਂ ਸਮੇਤ 7 ਕ੍ਰਿਕਟਰਾਂ ਨੂੰ ਇੰਗਲੈਂਡ ਦੌਰੇ ਤੋਂ ਵਾਪਸ ਬੁਲਾ ਲਿਆ ਸੀ। ਲੜੀ ਦਾ ਤੀਜਾ ਤੇ ਆਖਰੀ ਟੈਸਟ 9 ਸਤੰਬਰ ਤੋਂ ਸ਼ੁਰੂ ਹੋਵੇਗਾ।


author

Tarsem Singh

Content Editor

Related News