ਸਚਿਨ ਨੂੰ 50ਵੇਂ ਜਨਮ ਦਿਨ ''ਤੇ ਮਿਲੇਗਾ ਖ਼ਾਸ ਤੋਹਫਾ, ਵਾਨਖੇੜੇ ਸਟੇਡੀਅਮ ''ਚ ਲੱਗੇਗਾ ਆਦਮਕੱਦ ਬੁੱਤ
Tuesday, Feb 28, 2023 - 01:23 PM (IST)

ਸਪੋਰਟਸ ਡੈਸਕ : ਸਚਿਨ ਤੇਂਦੁਲਕਰ ਦਾ ਕ੍ਰਿਕਟ ਵਿੱਚ ਯੋਗਦਾਨ ਕਿਸੇ ਤੋਂ ਘੱਟ ਨਹੀਂ ਹੈ ਅਤੇ ਲੱਗਦਾ ਹੈ ਕਿ ਮਾਸਟਰ ਬਲਾਸਟਰ ਨੂੰ ਜਲਦੀ ਹੀ ਸਭ ਤੋਂ ਸ਼ਾਨਦਾਰ ਤਰੀਕੇ ਨਾਲ ਸਨਮਾਨਿਤ ਕੀਤਾ ਜਾਵੇਗਾ। ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਇਸ ਮਹਾਨ ਬੱਲੇਬਾਜ਼ ਦਾ ਆਦਮਕੱਦ ਬੁੱਤ ਲਗਾਇਆ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਸਚਿਨ ਤੇਂਦੁਲਕਰ ਦੇ 50ਵੇਂ ਜਨਮਦਿਨ ਯਾਨੀ 24 ਅਪ੍ਰੈਲ 2023 'ਤੇ ਬੁੱਤ ਦਾ ਉਦਘਾਟਨ ਕੀਤਾ ਜਾ ਸਕਦਾ ਹੈ।
ਕ੍ਰਿਕਟ ਅਧਿਕਾਰੀਆਂ ਅਨੁਸਾਰ ਜੇਕਰ ਇਹ ਬੁੱਤ ਅਪ੍ਰੈਲ 'ਚ ਸਥਾਪਤ ਕਰਨ ਵਿਚ ਸਫਲ ਹੋਏ ਤਾਂ ਮੁੰਬਈ ਇੰਡੀਅਨਜ਼ ਦੇ ਪ੍ਰਸ਼ੰਸਕਾਂ ਨੂੰ ਆਈਪੀਐਲ 2023 ਦੌਰਾਨ ਇਸ ਦੀ ਝਲਕ ਦੇਖਣ ਦਾ ਵਧੀਆ ਮੌਕਾ ਮਿਲ ਸਕਦਾ ਹੈ। ਮੁੰਬਈ ਕ੍ਰਿਕਟ ਸੰਘ (MCA) ਦੇ ਪ੍ਰਧਾਨ ਅਮੋਲ ਕਾਲੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ, 'ਵਾਨਖੇੜੇ ਸਟੇਡੀਅਮ 'ਚ ਸਥਾਪਿਤ ਕੀਤਾ ਜਾਣ ਵਾਲਾ ਇਹ ਪਹਿਲਾ ਬੁੱਤ ਹੋਵੇਗਾ। ਅਸੀਂ ਫੈਸਲਾ ਕਰਾਂਗੇ ਕਿ ਇਸਨੂੰ ਕਿੱਥੇ ਲਗਾਉਣਾ ਹੈ।'
ਕਾਲੇ ਨੇ ਅੱਗੇ ਕਿਹਾ, 'ਸਚਿਨ ਤੇਂਦੁਲਕਰ ਭਾਰਤ ਰਤਨ ਹਨ ਤੇ ਹਰ ਕੋਈ ਜਾਣਦਾ ਹੈ ਕਿ ਉਨ੍ਹਾਂ ਨੇ ਕ੍ਰਿਕਟ ਲਈ ਕੀ ਕੀਤਾ ਹੈ। ਉਹ 50 ਸਾਲ ਦੇ ਹੋਣ ਵਾਲੇ ਹਨ, ਇਸ ਲਈ ਉਨ੍ਹਾਂ ਲਈ ਐਮਸੀਏ ਵੱਲੋਂ ਇੱਕ ਛੋਟਾ ਤੋਹਫ਼ਾ ਹੋਵੇਗਾ। ਮੈਂ ਤਿੰਨ ਹਫ਼ਤੇ ਪਹਿਲਾਂ ਉਨ੍ਹਾਂ ਨਾਲ ਗੱਲ ਕੀਤੀ ਸੀ ਤੇ ਉਨ੍ਹਾਂ ਦੀ ਮਨਜ਼ੂਰੀ ਮਿਲ ਗਈ ਹੈ।'
ਸਚਿਨ ਤੇਂਦੁਲਕਰ ਆਪਣੀ ਪਤਨੀ ਅੰਜਲੀ ਨਾਲ ਮੰਗਲਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਪਹੁੰਚੇ। ਇੱਥੇ ਤੇਂਦੁਲਕਰ ਨੇ ਆਪਣੇ ਆਦਮ-ਕੱਦ ਬੁੱਤ ਦੀ ਜਗ੍ਹਾ ਦਾ ਨਿਰੀਖਣ ਕੀਤਾ। ਇਸ ਦੌਰਾਨ ਐਮਸੀਏ ਦੇ ਪ੍ਰਧਾਨ ਅਮੋਲ ਕਾਲੇ ਮੌਜੂਦ ਸਨ। ਖੁਸ਼ੀ ਜ਼ਾਹਰ ਕਰਦੇ ਹੋਏ ਸਚਿਨ ਤੇਂਦੁਲਕਰ ਨੇ ਕਿਹਾ ਕਿ ਇਹ ਚੰਗਾ ਸਰਪ੍ਰਾਈਜ਼ ਹੈ। ਇੱਥੋਂ ਹੀ ਮੇਰੇ ਕਰੀਅਰ ਦੀ ਸ਼ੁਰੂਆਤ ਹੋਈ। ਇਹ ਯਾਤਰਾ ਸ਼ਾਨਦਾਰ ਪਲਾਂ ਦੇ ਨਾਲ ਕੀਤੀ ਹੈ। ਮੇਰੇ ਕਰੀਅਰ ਦਾ ਸਭ ਤੋਂ ਵਧੀਆ ਪਲ ਉਦੋਂ ਆਇਆ ਜਦੋਂ ਅਸੀਂ 2011 ਦਾ ਵਿਸ਼ਵ ਕੱਪ ਜਿੱਤਿਆ।'
ਇਹ ਵੀ ਪੜ੍ਹੋ : IND vs AUS : ਤੀਜੇ ਟੈਸਟ ਤੋਂ ਪਹਿਲਾਂ ਰਾਹੁਲ ਤੇ ਗਿੱਲ ਨੇ ਨੈੱਟ 'ਤੇ ਇਕੱਠੇ ਕੀਤੀ ਬੱਲੇਬਾਜ਼ੀ
ਜ਼ਿਕਰਯੋਗ ਹੈ ਕਿ ਵਾਨਖੇੜੇ ਸਟੇਡੀਅਮ 'ਚ ਪਹਿਲਾਂ ਤੋਂ ਹੀ ਤੇਂਦੁਲਕਰ ਦੇ ਨਾਂ 'ਤੇ ਸਟੈਂਡ ਬਣਿਆ ਹੋਇਆ ਹੈ। ਦੱਸ ਦੇਈਏ ਕਿ ਸਚਿਨ ਤੇਂਦੁਲਕਰ ਨੇ 200 ਟੈਸਟ, 463 ਵਨਡੇ ਅਤੇ 1 ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਤੇਂਦੁਲਕਰ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ (34,357) ਅਤੇ ਸਭ ਤੋਂ ਵੱਧ ਸੈਂਕੜੇ (100) ਜੜਨ ਵਾਲੇ ਬੱਲੇਬਾਜ਼ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।