ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਇਆ ਜਾਵੇਗਾ ਹੋਲਾ-ਮੁਹੱਲਾ, ਮੈਨੇਜਰ ਧੰਗੇੜਾ ਵੱਲੋਂ ਸੰਗਤਾਂ ਨੂੰ ਖ਼ਾਸ ਅਪੀਲ

Tuesday, Mar 03, 2026 - 08:48 PM (IST)

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਇਆ ਜਾਵੇਗਾ ਹੋਲਾ-ਮੁਹੱਲਾ, ਮੈਨੇਜਰ ਧੰਗੇੜਾ ਵੱਲੋਂ ਸੰਗਤਾਂ ਨੂੰ ਖ਼ਾਸ ਅਪੀਲ

ਅੰਮ੍ਰਿਤਸਰ (ਸਰਬਜੀਤ) - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਲੇ-ਮੁਹੱਲੇ ਦਾ ਪਵਿੱਤਰ ਦਿਹਾੜਾ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧਗੇੜਾ ਨੇ ਦੱਸਿਆ ਕਿ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਸਮਾਗਮ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤੇ ਜਾ ਰਹੇ ਹਨ, ਉੱਥੇ ਹੀ ਸ੍ਰੀ ਅੰਮ੍ਰਿਤਸਰ ਵਿਖੇ ਵੀ 4 ਮਾਰਚ ਨੂੰ ਵਿਸ਼ੇਸ਼ ਸਮਾਗਮ ਉਲੀਕੇ ਗਏ ਹਨ। ਮੈਨੇਜਰ ਧਗੇੜਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਰਾਤ ਨੂੰ ਲਗਭਗ ਸਾਢੇ 9 ਵਜੇ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪਾਲਕੀ ਸਾਹਿਬ ਵਿੱਚ ਸਜਾ ਕੇ ਪੁਲ ਦੇ ਰਸਤੇ ਸ੍ਰੀ ਅਕਾਲ ਤਖ਼ਤ ਸਾਹਿਬ (ਕੋਠਾ ਸਾਹਿਬ) ਵਿਖੇ ਸੁਖਆਸਣ ਲਈ ਲਿਆਂਦੇ ਜਾਣਗੇ, ਤਾਂ ਉਸ ਸਮੇਂ ਸੰਗਤਾਂ ਵੱਡੀ ਗਿਣਤੀ ਵਿੱਚ ਆਪਣੀ ਸ਼ਰਧਾ ਪ੍ਰਗਟਾਉਣ ਲਈ ਪਹੁੰਚਦੀਆਂ ਹਨ।

ਕੈਮੀਕਲ ਵਾਲੇ ਸੈਂਟਾਂ ਤੋਂ ਪ੍ਰਹੇਜ਼ ਦੀ ਅਪੀਲ
ਉਨ੍ਹਾਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਇਸ ਮੌਕੇ ਵੱਖ-ਵੱਖ ਤਰ੍ਹਾਂ ਦੇ ਅਤਰ (ਇਤਰ), ਸੈਂਟ ਜਾਂ ਪਰਫਿਊਮ ਛਿੜਕਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇੰਨਾਂ ਸੈਂਟਾਂ ਵਿੱਚ ਭਾਰੀ ਮਾਤਰਾ ਵਿੱਚ ਕੈਮੀਕਲ ਹੁੰਦੇ ਹਨ, ਜੋ ਜਿੱਥੇ ਮਰਿਆਦਾ ਅਤੇ ਵਾਤਾਵਰਨ ਨੂੰ ਪ੍ਰਭਾਵਿਤ ਕਰਦੇ ਹਨ, ਉੱਥੇ ਹੀ ਸੰਗਤਾਂ ਦੀਆਂ ਅੱਖਾਂ ਵਿੱਚ ਪੈਣ ਕਾਰਨ ਨੁਕਸਾਨ ਵੀ ਪਹੁੰਚਾ ਸਕਦੇ ਹਨ। ਮੈਨੇਜਰ ਧੰਗੇੜਾ ਨੇ ਅਪੀਲ ਕੀਤੀ ਕਿ ਸੰਗਤਾਂ ਆਪਣੀ ਆਸਥਾ ਪ੍ਰਗਟਾਉਣ ਲਈ ਕੇਵਲ ਤਾਜ਼ੇ ਗੁਲਾਬ ਦੇ ਫੁੱਲਾਂ ਜਾਂ ਹੋਰ ਕੁਦਰਤੀ ਫੁੱਲਾਂ ਦੀ ਵਰਖਾ ਕਰਨ। ਉਨ੍ਹਾਂ ਸਮੂਹ ਨਾਨਕ ਨਾਮ ਲੇਵਾ ਸੰਗਤ ਨੂੰ ਹੋਲੇ ਮਹੱਲੇ ਦੀ ਵਧਾਈ ਦਿੰਦਿਆਂ ਮਰਿਆਦਾ ਦਾ ਪਾਲਣ ਕਰਨ ਦੀ ਅਪੀਲ ਕੀਤੀ।


author

Inder Prajapati

Content Editor

Related News