ਰਵੀ ਸ਼ਾਸਤਰੀ ਨੇ ਕਿਹਾ-ਵਿਰਾਟ ਹੀ ਹੈ ਟੀਮ ਦਾ ਬੌਸ, ਸਪੋਰਟਸ ਸਟਾਫ ਦਾ ਕੰਮ ਮੈਚ ਦੀ ਤਿਆਰੀ ਕਰਨਾ

09/14/2017 4:29:07 PM

ਨਵੀਂ ਦਿੱਲੀ— ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਕਪਤਾਨ ਵਿਰਾਟ ਕੋਹਲੀ ਟੀਮ ਇੰਡੀਆ ਦਾ ਬੌਸ ਹੈ ਅਤੇ ਸਪੋਰਟਸ ਸਟਾਫ ਦਾ ਕੰਮ ਇਹ ਯਕੀਨੀ ਬਣਾਉਣਾ ਹੈ ਕਿ ਮੁਕਾਬਲੇ ਦੇ ਦੌਰਾਨ ਖਿਡਾਰੀ ਚੰਗੀ ਤਰ੍ਹਾਂ ਤਿਆਰੀ ਕਰਨ। ਵਿਰਾਟ ਕੋਹਲੀ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ, ਬਤੌਰ ਕਪਤਾਨ ਉਸ ਦੇ ਕੰਮ ਦੇ ਸਿਧਾਂਤ, ਉਸ ਦਾ ਪ੍ਰੋਫੈਸਨਲਇਜ਼ਮ ਅਤੇ ਸ਼ਖਸੀਅਤ ਟੀਮ ਦੇ ਹੋਰ ਖਿਡਾਰੀਆਂ ਨੂੰ ਪ੍ਰੇਰਿਤ ਕਰਦੀ ਹੈ। ਵਿਰਾਟ ਅੱਗੇ ਆ ਕੇ ਟੀਮ ਦੀ ਅਗਵਾਈ ਕਰਦਾ ਹੈ। ਉਨ੍ਹਾਂ ਕਿਹਾ, ਵਿਰਾਟ ਕਿਸੇ ਵੀ ਪਰਿਸਥਿਤੀ 'ਚ ਖੇਡ ਸਕਦਾ ਹੈ। ਉਹ ਆਪ ਤਜਰਬੇਕਾਰ ਖਿਡਾਰੀ ਹੈ। ਉਸ ਨੇ 30 ਵਨਡੇ ਸੈਂਕੜੇ ਲਾਏ ਹਨ। ਇਕ ਇੰਟਰਵਿਊ ਦੇ ਦੌਰਾਨ ਗੱਲਬਾਤ 'ਚ ਉਨ੍ਹਾਂ ਕਿਹਾ, ਤੁਸੀਂ ਦੇਖ ਰਹੇ ਹੋਵੇਗੇ ਕਿ ਵਿਰਾਟ ਹੁਣ ਇਕ ਮੈਚਿਓਰ ਕਪਤਾਨ ਹੈ। ਫਿਕਰਮੰਦ ਨਾ ਹੋ ਕੇ ਹੁਣ ਉਹ ਸ਼ਾਂਤ ਹੈ। ਅਗਲੇ 3-4 ਸਾਲ 'ਚ ਉਹ ਹੋਰ ਸਿੱਖ ਜਾਵੇਗਾ।

ਸ਼੍ਰੀਲੰਕਾ ਦੀ ਟੈਸਟ, ਵਨਡੇ ਅਤੇ ਟੀ-20 'ਚ ਕਲੀਨ ਸਵੀਪ ਕਰਨ ਦੇ ਬਾਅਦ ਰਵੀ ਸ਼ਾਸਤਰੀ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਬੇਹੱਦ ਖੁਸ਼ ਹਨ। ਬਤੌਰ ਕੋਚ ਉਨ੍ਹਾਂ ਦੇ ਕਾਰਜਕਾਲ ਦੀ ਸ਼ਾਨਦਾਰ ਸ਼ੁਰੂਆਤ ਹੋਈ ਹੈ। ਉਨ੍ਹਾਂ ਕਿਹਾ, ਮੈਂ ਖਿਡਾਰੀਆਂ ਨੂੰ ਪੂਰਾ ਕ੍ਰੈਡਿਟ ਦੇਵਾਂਗਾ, ਕਿਉਂਕਿ ਜਿਸ ਪ੍ਰੋਫੈਸ਼ਨਲ ਅਪ੍ਰੋਚ ਨਾਲ ਉਨ੍ਹਾਂ ਨੇ ਖੇਡਿਆ ਹੈ ਉਹ ਸ਼ਾਨਦਾਰ ਹੈ। ਇਹ ਪੱਧਰ ਬਰਕਰਾਰ ਰਖਣਾ ਸੌਖਾ ਨਹੀਂ ਹੁੰਦਾ। 

ਸ਼ਾਸਤਰੀ ਨੇ ਕਿਹਾ, ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਤੁਸੀਂ 3-4 ਮੈਚ ਲਗਾਤਾਰ ਜਿੱਤ ਲੈਂਦੇ ਹੋ ਤਾਂ ਤੁਸੀਂ ਕੁਝ ਢਿੱਲੇ ਪੈ ਜਾਂਦੇ ਹੋ, ਨਾਲ ਹੀ ਮੋਟੀਵੇਸ਼ਨ ਵੀ ਘੱਟ ਹੋ ਜਾਂਦਾ ਹੈ। ਪਰ ਇਸ ਟੀਮ ਨੇ ਸ਼੍ਰੀਲੰਕਾ ਦੇ ਖਿਲਾਫ ਜਿੱਤ ਦੀ ਜੋ ਭੁੱਖ ਦਿਖਾਈ ਹੈ, ਉਹ ਗਜ਼ਬ ਹੈ। ਉਨ੍ਹਾਂ ਕਿਹਾ, ਸਭ ਤੋਂ ਸ਼ਾਨਦਾਰ ਗੱਲ ਇਹ ਰਹੀ ਹੈ ਕਿ ਅਸੀਂ ਬੈਟਿੰਗ ਅਤੇ ਬਾਲਿੰਗ 'ਚ ਕਿਸੇ ਇਕ ਖਿਡਾਰੀ 'ਤੇ ਨਿਰਭਰ ਨਹੀਂ ਹਾਂ।


Related News