ਸ਼ਰਦ ਪਵਾਰ ਨੇ ਕਿਹਾ- ਗੁਜਰਾਤੀਆਂ ਲਈ PM ਮੋਦੀ ਦਾ ਰੋਡ ਸ਼ੋਅ ਕਰਨਾ ਗਲਤ
Saturday, May 18, 2024 - 12:48 PM (IST)
ਨੈਸ਼ਨਲ ਡੈਸਕ- ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸੁਪਰੀਮੋ ਸ਼ਰਦ ਪਵਾਰ ਨੇ ਮੁੰਬਈ ਦੇ ਘਾਟਕੋਪਰ ਇਲਾਕੇ ’ਚ ਰੋਡ ਸ਼ੋਅ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਦੀ ਆਲੋਚਨਾ ਕੀਤੀ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਮੋਦੀ ਨੇ ਗੁਜਰਾਤੀਆਂ ਦੇ ਦਬਦਬੇ ਵਾਲੇ ਇਲਾਕੇ ’ਚ ਰੋਡ ਸ਼ੋਅ ਕੀਤਾ। ਜਦੋਂ ਤੁਸੀਂ ਕਿਸੇ ਦੇਸ਼ ਦੀ ਅਗਵਾਈ ਕਰ ਰਹੇ ਹੋ ਤਾਂ ਜਾਤ ਅਤੇ ਧਰਮ ਬਾਰੇ ਸੋਚਣਾ ਸਹੀ ਨਹੀਂ ਹੈ। ਮੁੰਬਈ ਵਰਗੇ ਸ਼ਹਿਰ ਵਿਚ ਰੋਡ ਸ਼ੋਅ ਕਰਨਾ ਸਹੀ ਗੱਲ ਨਹੀਂ ਹੈ। ਲੋਕਾਂ ਨੂੰ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪਿਆ। ਇਸ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਰੋਡ ਸ਼ੋਅ ਤੋਂ ਪਹਿਲਾਂ ਸੁਰੱਖਿਆ ਕਾਰਨਾਂ ਕਰ ਕੇ ਜਾਗ੍ਰਿਤੀ ਨਗਰ ਅਤੇ ਘਾਟਕੋਪਰ ਸਟੇਸ਼ਨਾਂ ਵਿਚਕਾਰ ਮੁੰਬਈ ਮੈਟਰੋ ਰੇਲ ਸੇਵਾ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਰੋਡ ਸ਼ੋਅ ਕਾਰਨ ਪੁਲਸ ਨੇ ਕੁਝ ਨੇੜਲੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਅਤੇ ਕੁਝ ਨੂੰ ਮੋੜ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪਵਾਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਮੈਂ ਪ੍ਰਚਾਰ ਕਰਨ ਲਈ ਕਈ ਥਾਵਾਂ ’ਤੇ ਗਿਆ। ਲੋਕਾਂ ਦੀ ਸਿਆਸੀ ਸੋਚ ਹੁਣ ਬਦਲ ਚੁੱਕੀ ਹੈ ਅਤੇ ਇਸ ਕਾਰਨ ਮੋਦੀ ਆਪਣਾ ਭਰੋਸਾ ਗੁਆ ਚੁੱਕੇ ਹਨ। ਸੂਬੇ ਵਿਚ ਮਹਾਵਿਕਾਸ ਅਘਾੜੀ ਦਾ ਜ਼ਬਰਦਸਤ ਸਮਰਥਨ ਹੈ।
ਪ੍ਰਧਾਨ ਮੰਤਰੀ ਮੋਦੀ ਨੂੰ ‘ਜਿਰੇ ਟੋਪ’ ਪਹਿਨਾਉਣ ਲਈ ਅਜੀਤ ਪਵਾਰ ਦੀ ਅਗਵਾਈ ਵਾਲੀ ਐੱਨ. ਸੀ. ਪੀ. ਨੇਤਾ ਪ੍ਰਫੁੱਲ ਪਟੇਲ ਦੀ ਵੀ ਉਨ੍ਹਾਂ ਨੇ ਆਲੋਚਨਾ ਕੀਤੀ ਅਤੇ ਕਿਹਾ ਕਿ ਇਹ ਸਾਬਕਾ ਕੇਂਦਰੀ ਮੰਤਰੀ ਦੀ ‘ਬੇਵਸੀ’ ਨੂੰ ਦਰਸਾਉਂਦਾ ਹੈ। ਛਤਰਪਤੀ ਸ਼ਿਵਾਜੀ ਮਹਾਰਾਜ ਅਕਸਰ ‘ਜਿਰੇ ਟੋਪ’ ਪਹਿਨਦੇ ਸਨ। ‘ਜਿਰੇ ਟੋਪ’ ਵਿਵਾਦ ’ਤੇ ਪਵਾਰ ਨੇ ਕਿਹਾ, ਜਿਰੇ ਟੋਪ ਅਤੇ ਮਹਾਰਾਸ਼ਟਰ ਦਾ ਇਤਿਹਾਸ ਹੈ। ਬੇਵਸੀ ਦੀ ਵੀ ਸੀਮਾ ਹੁੰਦੀ ਹੈ ਪਰ ਇਹ ਚੰਗਾ ਹੈ ਕਿ ਉਨ੍ਹਾਂ ਨੇ ਕਿਹਾ ਕਿ ਉਹ ਭਵਿੱਖ ’ਚ ਇਸ ਦਾ ਧਿਆਨ ਰੱਖਣਗੇ। ਵਾਰਾਣਸੀ ’ਚ ਨਾਮਜ਼ਦਗੀ ਭਰਨ ਤੋਂ ਪਹਿਲਾਂ ਪਟੇਲ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਿਰ ’ਤੇ ‘ਜਿਰੇ ਟੋਪ’ ਪਾਇਆ ਸੀ, ਜਿਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਵਿਰੋਧੀ ਪਾਰਟੀਆਂ ਨੇ ਇਸ ਦੀ ਕਾਫੀ ਆਲੋਚਨਾ ਕੀਤੀ।