ਰਣਜੀ ਟਰਾਫੀ : ਵਿਦਰਭ ਪਹਿਲੀ ਵਾਰ ਬਣਿਆ ਰਣਜੀ ਚੈਂਪੀਅਨ

01/02/2018 12:01:19 AM

ਇੰਦੌਰ— ਨਵੇਂ ਸਾਲ ਦੀ ਇਸ ਤੋਂ ਬਿਹਤਰ ਸ਼ੁਰੂਆਤ ਦੀ ਕਲਪਨਾ ਸ਼ਾਇਦ ਵਿਦਰਭ ਨੇ ਵੀ ਨਹੀਂ ਕੀਤੀ ਹੋਵੇਗੀ ਪਰ ਉਸ ਨੇ 7 ਵਾਰ ਦੀ ਚੈਂਪੀਅਨ ਦਿੱਲੀ ਨੂੰ 9 ਵਿਕਟਾਂ ਨਾਲ ਹਰਾ ਕੇ ਸਾਲ 2018 ਦੇ ਪਹਿਲੇ ਦਿਨ ਸੋਮਵਾਰ ਪਹਿਲੀ ਵਾਰ ਰਣਜੀ ਚੈਂਪੀਅਨ ਬਣ ਕੇ ਇਤਿਹਾਸ ਰਚ ਦਿੱਤਾ। ਵਿਦਰਭ ਨੇ ਰਣਜੀ ਟਰਾਫੀ ਦੇ 2017-18 ਸੈਸ਼ਨ 'ਚ ਕਮਾਲ ਦੀ ਲੈਅ ਦਿਖਾਉਂਦਿਆਂ ਪਹਿਲੀ ਵਾਰ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕੀਤਾ ਸੀ ਤੇ 10 ਸਾਲਾਂ ਬਾਅਦ ਆਪਣੇ 8ਵੇਂ ਖਿਤਾਬ ਦੀ ਭਾਲ ਕਰ ਰਹੀ ਦਿੱਲੀ ਨੂੰ ਰੋਮਾਂਚਕ ਫਾਈਨਲ ਮੁਕਾਬਲੇ ਦੇ ਚੌਥੇ ਦਿਨ ਸੋਮਵਾਰ ਨੂੰ ਹੀ ਹਰਾ ਕੇ ਪਹਿਲੀ ਵਾਰ ਰਣਜੀ ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਲਿਆ। 
ਵਿਦਰਭ ਨੇ ਪਹਿਲੀ ਪਾਰੀ 'ਚ 547 ਦਾ ਵੱਡਾ ਸਕੋਰ ਬਣਾਉਣ ਤੋਂ ਬਾਅਦ ਦਿੱਲੀ ਨੂੰ ਉਸ ਦੀ ਦੂਜੀ ਪਾਰੀ 'ਚ 76 ਓਵਰਾਂ ਵਿਚ 280 ਦੌੜਾਂ 'ਤੇ ਢੇਰ ਕਰ ਦਿੱਤਾ। ਉਸ ਨੇ ਦਿੱਲੀ ਤੋਂ ਮਿਲੇ 29 ਦੌੜਾਂ ਦੇ ਮਾਮੂਲੀ ਸਕੋਰ ਨੂੰ ਦਿਨ ਦੀ ਸਮਾਪਤੀ ਤੋਂ ਕੁਝ ਓਵਰ ਪਹਿਲਾਂ ਹਾਸਲ ਕਰ ਕੇ ਜਿੱਤ ਆਪਣੇ ਨਾਂ ਕਰ ਲਈ। ਵਿਦਰਭ ਨੇ 5 ਓਵਰਾਂ 'ਚ ਇਕ ਵਿਕਟ ਦੇ ਨੁਕਸਾਨ 'ਤੇ 32 ਦੌੜਾਂ ਬਣਾਈਆਂ, ਜਿਸ 'ਚ ਸੰਜੇ ਰਾਮਾਸਵਾਮੀ ਨੇ ਅਜੇਤੂ 9 ਤੇ ਵਸੀਮ ਜਾਫਰ ਨੇ ਅਜੇਤੂ 17 ਦੌੜਾਂ ਬਣਾਈਆਂ। ਵਿਦਰਭ ਤੇ ਦਿੱਲੀ ਵਿਚਾਲੇ ਫਾਈਨਲ ਦਾ ਚੌਥਾ ਦਿਨ ਬੇਹੱਦ ਰੋਮਾਂਚਕ ਰਿਹਾ, ਜਿਥੇ ਵਿਦਰਭ ਦੀ ਟੀਮ ਦੋ ਵਾਰ ਬੱਲੇਬਾਜ਼ੀ ਲਈ ਮੈਦਾਨ 'ਤੇ ਉਤਰੀ ਅਤੇ ਅੰਤ ਉਸ ਨੇ ਇਸੇ ਦਿਨ ਮੈਚ ਨੂੰ ਵੀ ਖਤਮ ਕਰ ਕੇ ਟਰਾਫੀ ਆਪਣੇ ਨਾਂ ਕਰ ਲਈ। ਸਵੇਰੇ ਵਿਦਰਭ ਨੇ ਦਿਨ ਦੀ ਸ਼ੁਰੂਆਤ ਕੱਲ ਦੇ ਸਕੋਰ 7 ਵਿਕਟਾਂ 'ਤੇ 528 ਦੌੜਾਂ ਤੋਂ ਅੱਗੇ ਕੀਤੀ। ਉਸ ਸਮੇਂ ਅਕਸ਼ੈ ਵਾਦਕਰ 133 ਦੌੜਾਂ ਤੇ ਸਿਦੇਸ਼ ਨੋਰਾਲ 56 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸਨ।
ਵਿਦਰਭ ਦੀ ਪਹਿਲੀ ਪਾਰੀ 'ਚ 7ਵੇਂ ਨੰਬਰ 'ਤੇ ਬੱਲੇਬਾਜ਼ੀ ਲਈ ਉਤਰੇ ਵਾਦਕਰ ਨੇ 262 ਗੇਂਦਾਂ 'ਚ 16 ਚੌਕੇ ਤੇ ਇਕ ਛੱਕਾ ਲਾ ਕੇ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਖੇਡੀ, ਜਿਹੜਾ ਉਸ ਦਾ ਪਹਿਲੀ ਸ਼੍ਰੇਣੀ 'ਚ ਪਹਿਲਾ ਸੈਂਕੜਾ ਹੈ। ਨੋਰਾਲ ਨੇ ਵੀ ਅਰਧ ਸੈਂਕੜੇ ਵਾਲੀ ਪਾਰੀ 'ਚ 107 ਗੇਂਦਾਂ ਵਿਚ 8 ਚੌਕੇ ਤੇ ਚਾਰ ਛੱਕੇ ਲਾ ਕੇ 74 ਦੌੜਾਂ ਦੀ ਅਹਿਮ ਪਾਰੀ ਖੇਡੀ ਤੇ ਟੀਮ 163.4 ਓਵਰਾਂ 'ਚ 547 ਦੌੜਾਂ 'ਤੇ ਆਲ ਆਊਟ ਹੋ ਗਈ। ਟੀਮ ਨੇ ਆਪਣੇ ਕੱਲ ਦੇ ਸਕੋਰ 'ਚ ਸਿਰਫ 19 ਦੌੜਾਂ ਦਾ ਵਾਧਾ ਕੀਤਾ।
ਪਹਿਲੀ ਵਾਰ ਰਣਜੀ ਖੇਡ ਰਹੀ ਵਿਦਰਭ ਨੇ 252 ਦੌੜਾਂ ਦੀ ਮਹੱਤਵਪੂਰਨ ਬੜ੍ਹਤ ਹਾਸਲ ਕਰਨ ਤੋਂ ਬਾਅਦ ਕਾਫੀ ਆਤਮ-ਵਿਸ਼ਵਾਸ ਨਾਲ ਖੇਡ ਦਾ ਪ੍ਰਦਰਸ਼ਨ ਕੀਤਾ ਤੇ ਆਪਣੀ ਦੂਜੀ ਪਾਰੀ ਲਈ ਮੈਦਾਨ 'ਤੇ ਉਤਰੀ ਦਿੱਲੀ ਨੂੰ ਦੂਜੀ ਪਾਰੀ 'ਚ 280 ਦੌੜਾਂ 'ਤੇ ਸਮੇਟ ਦਿੱਤਾ।
ਵਿਦਰਭ ਵਲੋਂ ਦਿੱਲੀ ਦੀ ਪਾਰੀ ਨੂੰ ਸਸਤੇ 'ਚ ਸਮੇਟਣ ਦਾ ਸਿਹਰਾ ਇਸ ਵਾਰ ਅਕਸ਼ੈ ਵਖਾਰੇ ਤੇ ਆਦਿੱਤਿਆ ਸਰਵਾਤੇ ਨੂੰ ਗਿਆ, ਜਿਨ੍ਹਾਂ ਨੇ ਕੁਲ 7 ਵਿਕਟਾਂ ਲਈਆਂ। ਵਖਾਰੇ ਨੇ 95 ਦੌੜਾਂ 'ਤੇ 4 ਵਿਕਟਾਂ ਲਈਆਂ, ਜਦਕਿ ਸਰਵਾਤੇ ਨੇ 30 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ। ਵਿਦਰਭ ਦੇ ਸਟਾਰ ਤੇਜ਼ ਗੇਂਦਬਾਜ਼ ਰਜਨੀਸ਼ ਗੁਰਬਾਨੀ ਨੇ 92 ਦੌੜਾਂ ਦੇ ਕੇ 2 ਵਿਕਟਾਂ ਤੇ ਸਿਦੇਸ਼ ਨੋਰਾਲ ਨੇ 39 ਦੌੜਾਂ 'ਤੇ 1 ਵਿਕਟ ਹਾਸਲ ਕੀਤੀ। ਗੁਰਬਾਨੀ ਨੇ ਪਹਿਲੀ ਪਾਰੀ 'ਚ ਦਿੱਲੀ ਦੀਆਂ 59 ਦੌੜਾਂ 'ਤੇ 6 ਵਿਕਟਾਂ ਕੱਢੀਆਂ ਸਨ ਤੇ ਕੁਲ 8 ਵਿਕਟਾਂ ਲੈ ਕੇ ਉਹ 'ਮੈਨ ਆਫ ਦਿ ਮੈਚ' ਬਣਿਆ।


Related News