ਇਟਲੀ : 325ਵੇਂ ਖਾਲਸਾ ਸਾਜਨਾ ਦਿਵਸ ਮੌਕੇ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀ

Tuesday, May 07, 2024 - 02:02 PM (IST)

ਇਟਲੀ : 325ਵੇਂ ਖਾਲਸਾ ਸਾਜਨਾ ਦਿਵਸ ਮੌਕੇ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀ

ਰੋਮ/ਇਟਲੀ (ਦਲਵੀਰ ਕੈਂਥ): ਖਾਲਸਾ ਸਾਜਨਾ ਦਿਵਸ ਦੀ 325ਵੀਂ ਵਰ੍ਹੇਗੰਢ ਮਨਾਉਂਦਿਆਂ ਬੈਲਜੀਅਮ ਦੇ ਸਿੱਖ ਭਾਈਚਾਰੇ ਵੱਲੋਂ ਸੰਸਾਰ ਜੰਗਾਂ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਨੂੰ ਸ਼ਰਧਾਂਜਲੀ ਸਮਾਰੋਹ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ। ਜਿਸ ਦੌਰਾਨ ਇੱਥੋਂ ਦੇ ਈਪਰ ਸ਼ਹਿਰ ਵਿਖੇ ਸਿੱਖਜ਼ ਔਨ ਵੈਸਟਰਨ ਫਰੰਟ ਵੱਲੋਂ ਫਲੈਂਡਰ ਮਿਊਜ਼ੀਅਮ ਦੀ ਇਮਾਰਤ ਵਿੱਚ ਸਮੂਹ ਸਿੱਖ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕਥਾ ਕੀਰਤਨ ਦੇ ਪ੍ਰਵਾਹ ਵੀ ਚੱਲੇ। ਜਿਸ ਵਿੱਚ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ ਦੇ ਹਜੂਰੀ ਰਾਗੀ ਜਥੇ ਵੱਲੋਂ ਤੰਤੀ ਸਾਜਾਂ ਨਾਲ ਕੀਰਤਨ ਦੀ ਸ਼ੁਰੂਆਤ ਕੀਤੀ ਗਈ। ਇਸ ਤੋਂ ਬਾਅਦ ਬਾਬਾ ਭੁਪਿੰਦਰ ਸਿੰਘ ਜੀ ਨੇ ਨਾਮ ਸਿਮਰਨ ਕਰਵਾਇਆ। ਭਾਈ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਨੇ ਕਥਾ ਕੀਤੀ। 

ਈਪਰ ਸ਼ਹਿਰ ਦੇ ਪ੍ਰਸ਼ਾਸ਼ਨ ਵੱਲੋਂ ਡਿਪਟੀ ਮੇਅਰ ਦਮਿੱਤਰੀ, ਸਾਬਕਾ ਗਵਰਨਰ ਪਾਉਲੋ ਬਰਾਇਨੇ, ਇਤਿਹਾਸਕਾਰ ਦੋਮੀਨੀਕਨ ਦਿਨਦੋਵਨ, ਕਾਮਨਵੈਲਥ ਵਾਰ ਗਰੇਵ ਕਮਿਸ਼ਨ ਵੱਲੋਂ ਗੈਰਤ ਬੀਕਾਰਤ, ਸਿੱਖ ਇਤਿਹਾਸਕਾਰ ਭੁਪਿੰਦਰ ਸਿੰਘ ਹਾਲੈਂਡ, ਬਲਵਿੰਦਰ ਸਿੰਘ ਚਾਹਲ ਯੂਕੇ ਨੇ ਸਿੱਖ ਫੌਜੀਆਂ ਅਤੇ ਸੰਸਾਰ ਜੰਗ ਦੇ ਇਤਹਾਸ ਨੂੰ ਸੰਗਤਾਂ ਨਾਲ ਸਾਂਝਾ ਕੀਤਾ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸੰਗਤਾਂ ਨੂੰ ਵਿਸ਼ੇਸ਼ ਤੌਰ ‘ਤੇ ਸੰਬੋਧਨ ਕੀਤਾ। ਰਵੀ ਸਿੰਘ ਖਾਲਸਾ ਏਡ ਵੀ ਇਸ ਸਮੇਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਸਮਾਗਮ ਦੀ ਵੱਡੀ ਪ੍ਰਾਪਤੀ ਇਹ ਵੀ ਰਹੀ ਕਿ ਇਸ ਸਮੇਂ ਸਥਾਨਕ ਬੈਲਜੀਅਮ ਵਾਸੀਆਂ ਨੇ ਵੀ ਵੱਡੀ ਗਿਣਤੀ ਵਿੱਚ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਅਤੇ ਉਹਨਾਂ ਸਿੱਖ ਫੌਜੀਆਂ ਦੇ ਸੰਸਾਰ ਜੰਗ ਵਿੱਚ ਪਾਏ ਯੋਗਦਾਨ ਦੀ ਜਾਣਕਾਰੀ ਵੀ ਲਈ ਤੇ ਆਖੰਡ ਪਾਠ ਸਾਹਿਬ ਤੇ ਲੰਗਰ ਦੀ ਮਹਾਨਤਾ ਜਾਣਨ ਵਿੱਚ ਉਤਸੁਕਤਾ ਜਾਹਿਰ ਕੀਤੀ। 

ਪੜ੍ਹੋ ਇਹ ਅਹਿਮ ਖ਼ਬਰ-ਸ਼੍ਰੀਲੰਕਾ ਨੇ ਭਾਰਤ ਤੇ ਚੋਣਵੇਂ ਦੇਸ਼ਾਂ ਲਈ 'ਵੀਜ਼ਾ' ਸਬੰਧੀ ਦਿੱਤੀ ਵੱਡੀ ਸਹੂਲਤ 

ਉਪਰੋਕਤ ਬੁਲਾਰਿਆਂ ਦੇ ਇਲਾਵਾ ਇੰਗਲੈਂਡ ਤੋਂ ਦਲ ਸਿੰਘ ਢੇਸੀ, ਰਣਵੀਰ ਸਿੰਘ ਵਿਰਦੀ, ਦਬਿੰਦਰਜੀਤ ਸਿੰਘ, ਭਾਈ ਅਮਰੀਕ ਸਿੰਘ ਗਿੱਲ ਸਿੱਖ ਫੈਡਰੇਸ਼ਨ ਯੂਕੇ, ਭਾਈ ਰਣਜੀਤ ਸਿੰਘ ਭੁੰਗਰਨੀ ਸਵਿਸ, ਭਾਈ ਹਰਮਿੰਦਰ ਸਿੰਘ ਖਾਲਸਾ, ਭਾਈ ਮਨਪ੍ਰੀਤ ਸਿੰਘ ਖਾਲਸਾ, ਬੀਬੀ ਜਸਵਿੰਦਰ ਕੌਰ ਕੈਨੇਡਾ, ਭਾਈ ਗੁਰਮੀਤ ਸਿੰਘ ਖਨਿਆਣ ਜਰਮਨੀ, ਭਾਈ ਗੁਰਦੇਵ ਸਿੰਘ ਲਾਲੀ, ਭਾਈ ਗੁਰਦੀਪ ਸਿੰਘ ਪ੍ਰਦੇਸੀ, ਸੁਖਦੇਵ ਸਿੰਘ ਹੇਅਰ, ਰਘਵੀਰ ਸਿੰਘ ਕੁਹਾੜ ਫਰਾਂਸ, ਬਾਬਾ ਕਸ਼ਮੀਰ ਸਿੰਘ, ਹਰਜੀਤ ਸਿੰਘ ਗਿੱਲ ਹਾਲੈਂਡ, ਹਰਜੋਤ ਸਿੰਘ ਸੰਧੂ ਆਦਿ ਹਾਜ਼ਰ ਹੋਏ। ਇਸ ਤੋਂ ਇਲਾਵਾ ਬੈਲਜੀਅਮ ਤੋਂ ਇਲਾਵਾ ਯੂਰਪ ਦੇ ਹੋਰ ਮੁਲਕਾਂ ਤੋਂ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਬੈਲਜੀਅਮ ਦੀ ਸਿੱਖ ਸੰਗਤ ਵੱਲੋਂ ਪਰਗਟ ਸਿੰਘ ਜੋਧਪੁਰੀ, ਗੁਰਪ੍ਰੀਤ ਸਿੰਘ ਰਟੌਲ, ਧਰਮਿੰਦਰ ਸਿੰਘ ਚੱਕ ਬਖਤੂ, ਮਨਜੋਤ ਸਿੰਘ ਆਦਿ ਨੌਜਵਾਨਾਂ ਵੱਲੋਂ ਸਮੁੱਚਾ ਪ੍ਰਬੰਧ ਕਾਬਿਲੇ ਤਾਰੀਫ਼ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News