ਮਹਾਰਾਸ਼ਟਰ ਦੇ ਵਿਦਰਭ ’ਚ ਪੰਜ ’ਚੋਂ ਚਾਰ ਸੀਟਾਂ ’ਤੇ ਭਾਜਪਾ-ਕਾਂਗਰਸ ਵਿਚਾਲੇ ਸਿੱਧੀ ਜੰਗ

Saturday, Apr 20, 2024 - 01:03 PM (IST)

ਜਲੰਧਰ- ਮਹਾਰਾਸ਼ਟਰ ਦੇ ਵਿਦਰਭ ਖੇਤਰ ਦੀਆਂ ਪੰਜ ਲੋਕ ਸਭਾ ਸੀਟਾਂ ’ਤੇ ਵੋਟਿੰਗ ਪੂਰੀ ਹੋ ਚੁੱਕੀ ਹੈ ਅਤੇ ਉਮੀਦਵਾਰਾਂ ਦਾ ਭਵਿੱਖ ਹੁਣ ਈ. ਵੀ. ਐੱਮ. ’ਚ ਬੰਦ ਹੈ, ਜੋ 4 ਜੂਨ ਨੂੰ ਖੁੱਲ੍ਹੇਗਾ। ਇਸ ਮੁਕਾਬਲੇ ’ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਰਾਜ ਮੰਤਰੀ ਸੁਧੀਰ ਮੁਨਗੰਟੀਵਾਰ ਵਰਗੇ ਦਿੱਗਜ ਕ੍ਰਮਵਾਰ ਨਾਗਪੁਰ ਅਤੇ ਚੰਦਰਪੁਰ ਤੋਂ ਚੋਣ ਮੈਦਾਨ ’ਚ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਪੰਜ ’ਚੋਂ ਚਾਰ ਸੀਟਾਂ ’ਤੇ ਕਾਂਗਰਸ ਤੇ ਭਾਜਪਾ ਵਿਚਾਲੇ ਸਿੱਧੀ ਟੱਕਰ ਹੋਣ ਦੀ ਸੰਭਾਵਨਾ ਹੈ।

ਫਿਲਹਾਲ ਭਾਜਪਾ ਕੋਲ ਹਨ 3 ਸੀਟਾਂ

2019 ’ਚ ਭਾਜਪਾ ਨੇ ਇਨ੍ਹਾਂ ਪੰਜ ਸੀਟਾਂ ’ਚੋਂ ਤਿੰਨ, ਗੜ੍ਹਚਿਰੌਲੀ-ਚਿਮੂਰ, ਭੰਡਾਰਾ-ਗੋਂਦੀਆ ਅਤੇ ਨਾਗਪੁਰ ਜਿੱਤੀਆਂ ਸਨ, ਜਦੋਂ ਕਿ ਅਣਵੰਡੀ ਸ਼ਿਵ ਸੈਨਾ ਅਤੇ ਕਾਂਗਰਸ ਦੀ ਝੋਲੀ ’ਚ ਰਾਮਟੇਕ ਅਤੇ ਚੰਦਰਪੁਰ ਸੀਟਾਂ ਪਈਆਂ ਸਨ। ਸ਼ਿਵ ਸੈਨਾ ਅਤੇ ਰਾਸ਼ਟਰੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਵਿਚ ਵੰਡ ਅਤੇ ਸੂਬੇ ਵਿਚ ਸਿਆਸੀ ਮੁੜਗਠਨ ਤੋਂ ਬਾਅਦ, ਕਾਂਗਰਸ ਅਤੇ ਭਾਜਪਾ ਦੋਵੇਂ ਇਸ ਗੱਲ ਨੂੰ ਲੈ ਕੇ ਚਿੰਤਤ ਨਜ਼ਰ ਆ ਰਹੇ ਹਨ ਕਿ ਲਹਿਰ ਕਿਸ ਪਾਸੇ ਜਾ ਸਕਦੀ ਹੈ। ਸਿਆਸੀ ਪੰਡਤ ਵੀ ਇਹ ਮੁਲਾਂਕਣ ਕਰਨ ’ਚ ਰੁੱਝੇ ਹੋਏ ਹਨ ਕਿ ਜ਼ਮੀਨੀ ਪੱਧਰ ’ਤੇ ਲੋਕਾਂ ਦਾ ਝੁਕਾਅ ਕਿਸ ਪਾਸੇ ਹੈ।

ਨਾਗਪੁਰ ਤੋਂ ਗਡਕਰੀ ਦਾ ਦਾਅਵਾ

ਰਾਮਟੇਕ ’ਚ ਸ਼ਿਵ ਸੈਨਾ ਦੇ ਰਾਜੂ ਪਾਰਵੇ ਦਾ ਮੁਕਾਬਲਾ ਕਾਂਗਰਸ ਦੇ ਸ਼ਿਆਮ ਕੁਮਾਰ ਬਰਵੇ ਨਾਲ ਹੈ, ਜੋ ਆਪਣੀ ਪਤਨੀ ਰਸ਼ਮੀ ਬਰਵੇ ਦੀ ਨਾਮਜ਼ਦਗੀ ਰੱਦ ਹੋਣ ਤੋਂ ਬਾਅਦ ਪਾਰਟੀ ਦੇ ਅਧਿਕਾਰਤ ਉਮੀਦਵਾਰ ਬਣ ਗਏ ਹਨ। ਚੰਦਰਪੁਰ ’ਚ ਭਾਜਪਾ ਦੇ ਮੰਤਰੀ ਮੁਨਗੰਟੀਵਾਰ ਦਾ ਮੁਕਾਬਲਾ ਕਾਂਗਰਸ ਦੀ ਪ੍ਰਤਿਭਾ ਧਨੋਰਕਰ ਨਾਲ ਹੈ, ਜੋ ਸਾਬਕਾ ਸੰਸਦ ਮੈਂਬਰ ਸਵ. ਸੁਰੇਸ਼ ਧਨੋਰਕਰ ਦੀ ਪਤਨੀ ਹੈ, ਜਿਨ੍ਹਾਂ ਦੀ ਪਿਛਲੇ ਸਾਲ ਮੌਤ ਹੋ ਗਈ ਸੀ। ਇਸ ਦਰਮਿਆਨ ਗਡਕਰੀ, ਜੋ ਨਾਗਪੁਰ ਤੋਂ ਲਗਾਤਾਰ ਤੀਜੀ ਵਾਰ ਚੋਣ ਲੜ ਰਹੇ ਹਨ, ਵਿਕਾਸ ਠਾਕਰੇ ਨਾਲ ਮੁਕਾਬਲਾ ਕਰਨਗੇ। ਇੱਥੇ 2014 ਦੇ ਮੁਕਾਬਲੇ ਕੇਂਦਰੀ ਮੰਤਰੀ ਦਾ ਵੋਟ ਸ਼ੇਅਰ 2019 ’ਚ 10 ਫੀਸਦੀ ਵਧਿਆ ਹੈ।

ਭੰਡਾਰਾ-ਗੋਂਦੀਆ ’ਚ ਵੀ ਸਿੱਧੀ ਜੰਗ

ਖੇਤਰ ਦੀ ਝੋਨਾ ਪੱਟੀ ਮੰਨੇ ਜਾਣ ਵਾਲੇ ਭੰਡਾਰਾ-ਗੋਂਡੀਆ ’ਚ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਸੁਨੀਲ ਮੇਂਢੇ ਦਾ ਮੁਕਾਬਲਾ ਕਾਂਗਰਸ ਦੇ ਪ੍ਰਸ਼ਾਂਤ ਪਡੋਲੇ ਨਾਲ ਹੈ, ਜਿਨ੍ਹਾਂ ਨੇ 25 ਸਾਲਾਂ ’ਚ ਪਹਿਲੀ ਵਾਰ ਇੱਥੇ ਆਪਣਾ ਉਮੀਦਵਾਰ ਖੜ੍ਹਾ ਕੀਤਾ ਹੈ।

ਗੜ੍ਹਚਿਰੌਲੀ-ਚਿਮੂਰ ਸੀਟ, ਜੋ ਕਿ ਆਕਾਰ ਦੇ ਹਿਸਾਬ ਨਾਲ ਸੂਬੇ ਦਾ ਸਭ ਤੋਂ ਵੱਡਾ ਚੋਣ ਹਲਕਾ ਹੈ ਅਤੇ ਨਕਸਲ ਪ੍ਰਭਾਵਿਤ ਮੰਨਿਆ ਜਾਂਦਾ ਹੈ, ਇਕ ਸਖ਼ਤ ਮੁਕਾਬਲੇ ਲਈ ਤਿਆਰ ਹੈ, ਕਿਉਂਕਿ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਅਸ਼ੋਕ ਨੇਤੇ ਕਾਂਗਰਸ ਦੇ ਗਾਂਧੀਵਾਦੀ ਵਿਦਵਾਨ ਨਾਮਦੇਵ ਕਿਰਸਨ ਨਾਲ ਮੁਕਾਬਲੇ ’ਚ ਹਨ, ਜੋ ਹਲਕੇ ’ਚ ਵਿਰੋਧੀ ਧਿਰ ਦੇ ਨੇਤਾ ਵਿਜੇ ਵਡੇਟੀਵਾਰ ਦੇ ਪ੍ਰਭਾਵ ’ਤੇ ਨਿਰਭਰ ਹੈ। ਕਾਂਗਰਸ ਨੇ ਭੰਡਾਰਾ-ਗੋਂਦੀਆ ’ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਨਾਗਪੁਰ ’ਚ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਵਰਗੇ ਚੋਟੀ ਦੇ ਨੇਤਾਵਾਂ ਨੂੰ ਤਾਇਨਾਤ ਕੀਤਾ ਸੀ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਦਰਪੁਰ ਅਤੇ ਰਾਮਟੇਕ ’ਚ ਦੋ ਰੈਲੀਆਂ, ਜਦਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭੰਡਾਰਾ-ਗੋਂਦੀਆ ’ਚ ਇਕ ਰੈਲੀ ਨੂੰ ਸੰਬੋਧਨ ਕੀਤਾ।


Rakesh

Content Editor

Related News