ਰੋਮ ਫਾਈਨਲ ''ਚ ਭਿੜਨਗੇ ਨਡਾਲ ਅਤੇ ਜ਼ਵੇਰੇਵ

05/20/2018 3:36:30 PM

ਰੋਮ (ਬਿਊਰੋ)— ਸਪੇਨ ਦੇ ਰਾਫੇਲ ਨਡਾਲ ਨੇ ਲੰਬੇ ਸਮੇਂ ਦੇ ਮੁਕਾਬਲੇਬਾਜ਼ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਹਰਾ ਕੇ ਸਾਲ 2014 ਦੇ ਬਾਅਦ ਪਹਿਲੀ ਵਾਰ ਇਟੈਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ ਜਿੱਥੇ ਉਨ੍ਹਾਂ ਦਾ ਮੁਕਾਬਲਾ ਸਾਬਕਾ ਚੈਂਪੀਅਨ ਐਲੇਕਜ਼ੈਂਡਰ ਜ਼ਵੇਰੇਵ ਨਾਲ ਹੋਵੇਗਾ। ਚੋਟੀ ਦਾ ਦਰਜਾ ਪ੍ਰਾਪਤ ਨਡਾਲ ਨੇ ਜੋਕੋਵਿਚ ਨੂੰ 7-6, 6-3 ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ ਅਤੇ ਹੁਣ ਉਹ ਜਰਮਨੀ ਦੇ ਖਿਡਾਰੀ ਜ਼ਵੇਰੇਵ ਨਾਲ ਮੁਕਾਬਲਾ ਖੇਡਣਗੇ ਜਿਨ੍ਹਾਂ ਨੇ ਚੌਥਾ ਦਰਜਾ ਪ੍ਰਾਪਤ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੂੰ 7-6, 7-5 ਨਾਲ ਸੈਮੀਫਾਈਨਲ 'ਚ ਹਰਾਇਆ। 21 ਸਾਲਾ ਜ਼ਵੇਰੇਵ ਨੇ ਪਿਛਲੇ ਮਹੀਨੇ ਮੈਡ੍ਰਿਡ ਓਪਨ ਖਿਤਾਬ ਜਿੱਤਿਆ ਸੀ ਅਤੇ ਫਿਲਹਾਲ ਬਿਹਤਰੀਨ ਫਾਰਮ 'ਚ ਹਨ। 

ਜ਼ਵੇਰੇਵ ਨੂੰ ਇਸ ਸਾਲ ਫਰੈਂਚ ਓਪਨ ਦਾ ਵੀ ਇਕ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਜਿੱਥੇ ਨਡਾਲ 10 ਵਾਰ ਦੇ ਚੈਂਪੀਅਨ ਹਨ। ਉਨ੍ਹਾਂ ਨੇ ਲਗਾਤਾਰ 13ਵੇਂ ਮੈਚ 'ਚ ਜਿੱਤ ਦੇ ਨਾਲ ਫਾਈਨਲ 'ਚ ਪ੍ਰਵੇਸ਼ ਕੀਤਾ। ਨਡਾਲ ਅਤੇ ਚਾਰ ਵਾਰ ਦੇ ਇਟੈਲੀਅਨ ਓਪਨ ਚੈਂਪੀਅਨ ਜੋਕੋਵਿਚ ਵਿਚਾਲੇ ਸੈਮੀਫਾਈਨਲ 'ਚ ਇਹ 51ਵਾਂ ਮੁਕਾਬਲਾ ਸੀ ਅਤੇ ਕੂਹਣੀ ਦੀ ਸੱਟ ਤੋਂ ਜੂਝ ਰਹੇ ਸਰਬੀਆਈ ਖਿਡਾਰੀ ਨੇ ਵਾਪਸੀ ਦੇ ਬਾਅਦ ਤੋਂ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਦਿਖਾਇਆ। ਹਾਲਾਂਕਿ ਉਹ ਜਿੱਤਣ 'ਚ ਕਾਮਯਾਬ ਨਹੀਂ ਰਹੇ। ਨਡਾਲ ਨੇ ਮੈਚ ਦੇ ਬਾਅਦ ਕਿਹਾ ਕਿ ਜੋਕੋਵਿਚ ਦੇ ਖਿਲਾਫ ਖੇਡਣਾ ਹਮੇਸ਼ਾ ਚੁਣੌਤੀਪੂਰਨ ਹੁੰਦਾ ਹੈ। ਉਨ੍ਹਾਂ ਨੇ ਹਮੇਸ਼ਾ ਦੀ ਤਰ੍ਹਾਂ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੇ ਸਾਹਮਣੇ ਤੁਸੀਂ ਥੋੜ੍ਹਾ ਵੀ ਕਮਜ਼ੋਰ ਪਏ ਤਾਂ ਉਹ ਤੁਹਾਨੂੰ ਪਰੇਸ਼ਾਨੀ 'ਚ ਪਾ ਸਕਦੇ ਹਨ।  


Related News