ਕੁਆਲੀਫਾਇਰ ਕ੍ਰਾਜਿਨੋਵਿਚ ਨੇ ਤੋੜਿਆ ਇਸਨਰ ਦਾ ਸੁਪਨਾ

11/06/2017 5:23:43 AM

ਪੈਰਿਸ— ਸਰਬੀਆ ਦੇ ਕੁਆਲੀਫਾਇਰ ਫਿਲਿਪ ਕ੍ਰਾਜਿਨੋਵਿਚ ਨੇ ਤੂਫਾਨੀ ਪ੍ਰਦਰਸ਼ਨ ਕਰਦਿਆਂ ਅਮਰੀਕਾ ਦੇ ਜਾਨ ਇਸਨਰ ਨੂੰ 6-4, 6-7, 7-6 ਨਾਲ ਹਰਾ ਕੇ ਪੈਰਿਸ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਤੇ ਇਸ ਦੇ ਨਾਲ ਹੀ ਉਸ ਨੇ ਇਸਨਰ ਦੇ ਸੈਸ਼ਨ ਦੇ ਆਖਰੀ ਏ. ਟੀ. ਪੀ. ਵਰਲਡ ਟੂਰ ਫਾਈਨਲਸ ਵਿਚ ਪਹੁੰਚਣ ਦਾ ਸੁਪਨਾ ਤੋੜ ਦਿੱਤਾ।
ਨੌਵੀਂ ਸੀਡ ਇਸਨਰ ਜੇਕਰ ਇਥੇ ਖਿਤਾਬ ਜਿੱਤਦਾ ਤਾਂ ਉਹ ਲੰਡਨ 'ਚ 12 ਤੋਂ 19 ਨਵੰਬਰ ਤਕ ਪੁਰਸ਼ਾਂ ਦੇ ਟਾਪ-8 ਖਿਡਾਰੀਆਂ ਵਿਚਾਲੇ ਹੋਣ ਵਾਲੇ ਏ. ਟੀ. ਪੀ. ਵਰਲਡ ਟੂਰ ਫਾਈਨਲਸ ਲਈ ਕੁਆਲੀਫਾਈ ਕਰ ਜਾਂਦਾ।
ਵਿਸ਼ਵ ਰੈਂਕਿੰਗ ਵਿਚ 77ਵੇਂ ਨੰਬਰ ਦੇ ਕ੍ਰਾਜਿਨੋਵਿਚ ਦਾ ਹੁਣ ਫਾਈਨਲ ਵਿਚ ਅਮਰੀਕਾ ਦੇ ਜੈਕ ਸਾਕ ਨਾਲ ਮੁਕਾਬਲਾ ਹੋਵੇਗਾ, ਜਿਸ ਨੇ ਇਕ ਹੋਰ ਸੈਮੀਫਾਈਨਲ 'ਚ ਸਰਬੀਆ ਦੇ ਜੂਲੀਅਨ ਬੇਨੇਤੂ ਨੂੰ 7-5, 6-2 ਨਾਲ ਹਰਾਇਆ।
16ਵੀਂ ਸੀਡ ਸਾਕ ਜੇਕਰ ਫਾਈਨਲ 'ਚ ਕ੍ਰਾਜਿਨੋਵਿਚ ਦੀ ਚੁਣੌਤੀ ਤੋੜ ਦਿੰਦਾ ਹੈ ਤਾਂ ਉਹ ਏ. ਟੀ. ਪੀ. ਵਰਲਡ ਟੂਰ ਫਾਈਨਲਸ ਲਈ ਕੁਆਲੀਫਾਈ ਕਰ ਲਵੇਗਾ। ਸਪੇਨ ਦੇ ਪਾਬਲੋ ਕਾਨੇਰੋ ਬੁਸਤਾ ਇਸ ਸਮੇਂ ਏ. ਟੀ. ਪੀ. ਵਰਲਡ ਟੂਰ ਫਾਈਨਲਸ ਵਿਚ ਆਖਰੀ ਸਥਾਨ 'ਤੇ ਹੈ। ਜੇਕਰ ਸਾਕ ਖਿਤਾਬ ਜਿੱਤ ਲੈਂਦਾ ਹੈ ਤਾਂ ਉਹ ਬੁਸਤਾ ਨੂੰ ਹਟਾ ਕੇ ਵਰਲਡ ਟੂਰ ਫਾਈਨਲਸ ਦੀ ਅੱਠਵੀਂ ਤੇ ਆਖਰੀ ਟਿਕਟ ਹਾਸਲ ਕਰ ਲਵੇਗਾ।


Related News