WFI ਨੇ ਓਲੰਪਿਕ ਕੁਆਲੀਫਾਇਰ ਟੀਮ ’ਚ ਨਹੀਂ ਕੀਤਾ ਕੋਈ ਬਦਲਾਅ
Tuesday, Apr 30, 2024 - 10:38 AM (IST)
ਨਵੀਂ ਦਿੱਲੀ– ਭਾਰਤੀ ਕੁਸ਼ਤੀ ਸੰਘ (ਡਬਲਯੂ. ਐੱਫ. ਆਈ.) ਨੇ ਨਵੇਂ ਟ੍ਰਾਇਲਾਂ ਲਈ ਸਮੇਂ ਦੀ ਕਮੀ ਕਾਰਨ ਅਗਲੇ ਮਹੀਨੇ ਇਸਤਾਂਬੁਲ ਵਿਚ ਆਖਰੀ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਲਈ ਲੱਗਭਗ ਉਸੇ ਟੀਮ ਦੀ ਚੋਣ ਕੀਤੀ ਹੈ, ਜਿਸ ਨੇ ਬਿਸ਼ਕੇਕ ਵਿਚ ਏਸ਼ੀਆਈ ਕੁਆਲੀਫਾਇਰ ਵਿਚ ਹਿੱਸਾ ਲਿਆ ਸੀ। ਇਸਤਾਂਬੁਲ ਵਿਚ 9 ਤੋਂ 13 ਮਈ ਤਕ ਹੋਣ ਵਾਲੇ ਵਿਸ਼ਵ ਓਲੰਪਿਕ ਕੁਆਲੀਫਾਇਰ ਵਿਚ ਏਸ਼ੀਆਈ ਕੁਆਲੀਫਾਇਰ ਦੀ ਟੀਮ ਵਿਚ ਸ਼ਾਮਲ 3 ਪਹਿਲਵਾਨਾਂ 2018 ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਵਿਨੇਸ਼ ਫੋਗਟ (50 ਕਿ. ਗ੍ਰਾ.), ਅੰਸ਼ੂ ਮਲਿਕ (57 ਕਿ. ਗ੍ਰਾ.) ਤੇ ਅੰਡਰ-23 ਵਿਸ਼ਵ ਚੈਂਪੀਅਨ ਰਿਤਿਕਾ (76 ਕਿ. ਗ੍ਰਾ.) ਨੂੰ ਸ਼ਾਮਲ ਨਹੀਂ ਕੀਤਾ ਹੈ ਕਿਉਂਕਿ ਉਨ੍ਹਾਂ ਨੇ ਪਿਛਲੇ ਮਹੀਨੇ ਬਿਸ਼ਕੇਕ ਵਿਚ ਕੋਟਾ ਸਥਾਨ ਪੱਕਾ ਕਰ ਲਿਆ ਸੀ।
ਪਤਾ ਲੱਗਾ ਹੈ ਕਿ ਡਬਲਯੂ. ਐੱਫ. ਆਈ. ਬਿਸ਼ਕੇਕ ਵਿਚ ਭਾਰਤੀ ਪੁਰਸ਼ ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਨਾਖੁਸ਼ ਸੀ ਤੇ ਆਖਰੀ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਦੀ ਟੀਮ ਦੀ ਚੋਣ ਕਰਨ ਲਈ ਨਵੇਂ ਸਿਰੇ ਤੋਂ ਟ੍ਰਾਇਲ ਆਯੋਜਿਤ ਕਰਨ ਦੀ ਯੋਜਨਾ ਬਣਾ ਰਿਹਾ ਸੀ ਪਰ ਡਬਲਯੂ. ਐੱਫ.ਆਈ. ਦੇ ਇਕ ਸੂਤਰ ਨੇ ਕਿਹਾ ਕਿ ਬਿਸ਼ਕੇਕ ਵਿਚ ਏਸ਼ੀਆਈ ਓਲੰਪਿਕ ਕੁਆਲੀਫਾਇਰ ਤੇ ਇਸਤਾਂਬੁਲ ਪ੍ਰਤੀਯੋਗਿਤਾ ਵਿਚਾਲੇ ‘ਘੱਟ ਸਮੇਂ’ ਕਾਰਨ ਉਸ ਨੂੰ ਨਵੇਂ ਸਿਰੇ ਤੋਂ ਟ੍ਰਾਇਲ ਆਯੋਜਿਤ ਕਰਨ ਦੇ ਵਿਚਾਰ ਨੂੰ ਟਾਲਣ ਲਈ ਮਜਬੂਰ ਹੋਣਾ ਪਿਆ।