ਮੁੱਕੇਬਾਜ਼ ਸਾਗਰ ਜਾਖੜ ਨੇ ਜਿੱਤਿਆ ਚਾਂਦੀ ਦਾ ਤਗਮਾ
Tuesday, May 07, 2024 - 05:21 PM (IST)
ਚੰਡੀਗੜ੍ਹ, (ਲਲਨ) : ਏਸ਼ੀਅਨ ਅੰਡਰ-22 ਯੂਥ ਬਾਕਸਿੰਗ ਚੈਂਪੀਅਨਸ਼ਿਪ ਵਿਚ ਐੱਸ.ਡੀ. ਕਾਲਜ-32 ਦੇ ਬੀ.ਏ. ਪਹਿਲੇ ਸਾਲ ਦੇ ਵਿਦਿਆਰਥੀ ਸਾਗਰ ਜਾਖੜ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਜਿੱਤਿਆ ਹੈ। ਟੀਮ ਇੰਚਾਰਜ ਰਜਿੰਦਰਾ ਮਾਨ ਨੇ ਦੱਸਿਆ ਕਿ ਚੈਂਪੀਅਨਸ਼ਿਪ 28 ਅਪ੍ਰੈਲ ਤੋਂ 7 ਮਈ ਤੱਕ ਕਜ਼ਾਕਿਸਤਾਨ ’ਚ ਕਰਵਾਈ ਜਾ ਰਹੀ ਹੈ। ਇਸ ਮੁਕਾਬਲੇ ਵਿਚ ਭਾਰਤ ਦੇ ਸਾਗਰ ਨੂੰ ਫਾਈਨਲ ਮੈਚ ਵਿਚ ਅਲੈਕਸੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਸਾਗਰ ਨੇ ਫਾਈਨਲ ਤੋਂ ਪਹਿਲਾਂ ਸਾਰੇ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮਾਨ ਨੇ ਦੱਸਿਆ ਕਿ ਇਸ ਜਿੱਤ ’ਤੇ ਪ੍ਰਿੰਸੀਪਲ ਡਾ. ਅਜੇ ਸ਼ਰਮਾ ਨੇ ਤਗਮਾ ਜਿੱਤਣ ’ਤੇ ਵਧਾਈ ਦਿੱਤੀ ਅਤੇ ਉਜਵਲ ਭਵਿੱਖ ਦੀ ਕਾਮਨਾ ਕੀਤੀ।
ਸਾਗਰ ਪਹਿਲਾਂ ਵੀ ਅੰਤਰਰਾਸ਼ਟਰੀ ਪੱਧਰ ’ਤੇ ਜਿੱਤ ਚੁੱਕਾ ਮੈਡਲ
ਇਸ ਤੋਂ ਪਹਿਲਾਂ ਵੀ ਸਾਗਰ ਅੰਤਰਰਾਸ਼ਟਰੀ ਪੱਧਰ ’ਤੇ ਦੇਸ਼ ਲਈ ਮੈਡਲ ਜਿੱਤ ਚੁੱਕਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟੀਮ ਇੰਚਾਰਜ ਨੇ ਦੱਸਿਆ ਕਿ ਸਾਗਰ ਨੇ ਯੂਥ ਵਰਲਡ ਬਾਕਸਿੰਗ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗਮਾ ਜਿੱਤਿਆ ਸੀ। ਉਸਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਜਨਵਰੀ 2024 ਵਿਚ ਕਾਂਸੀ ਦਾ ਤਗਮਾ, ਨਾਰਥ ਜ਼ੋਨ ਆਲ ਇੰਡੀਆ ਇੰਟਰ ਯੂਨੀਵਰਸਿਟੀ 2023 ਵਿਚ ਚਾਂਦੀ ਦਾ ਤਗਮਾ, ਐੱਸ.ਜੀ.ਐੱਫ.ਆਈ. ਖੇਡਾਂ ਵਿਚ ਦੋ ਸਾਲਾਂ ਲਗਾਤਾਰ ਚਾਂਦੀ ਦਾ ਤਗਮਾ ਜਿੱਤਿਆ ਹੈ।
ਰੋਜ਼ਾਨਾ 3 ਤੋਂ 4 ਘੰਟੇ ਰਿੰਗ ’ਚ ਕਰਦੈ ਅਭਿਆਸ
ਸਾਗਰ ਨੇ ਦੱਸਿਆ ਕਿ ਉਹ ਚੈਂਪੀਅਨਸ਼ਿਪ ਦੀ ਤਿਆਰੀ ਲਈ ਵੱਧ ਤੋਂ ਵੱਧ ਸਮਾਂ ਰਿੰਗ ’ਤੇ ਬਿਤਾਉਂਦਾ ਹੈ। ਉਸ ਨੇ ਦੱਸਿਆ ਕਿ ਉਸ ਨੇ ਐੱਸ.ਡੀ. ਕਾਲਜ ਵਿਚ ਰੋਜ਼ਾਨਾ 3 ਤੋਂ 4 ਘੰਟੇ ਪ੍ਰੈਕਟਿਸ ਕਰ ਕੇ ਫਿਟਨੈਸ ’ਤੇ ਜ਼ਿਆਦਾ ਧਿਆਨ ਦਿੱਤਾ ਹੈ। ਨਾਲ ਹੀ ਉਸ ਨੇ ਦੱਸਿਆ ਕਿ ਉਹ ਕੋਚ ਅਤੇ ਡਾਈਟੀਸ਼ੀਅਨ ਦੇ ਅਨੁਸਾਰ ਡਾਈਟ ਲੈਂਦਾ ਹੈ ਤਾਂ ਜੋ ਰਿੰਗ ਵਿਚ ਵਧੀਆ ਪ੍ਰਦਰਸ਼ਨ ਕਰ ਸਕੇ।